ਲਾਤੀਨੀ ਫਨਕਾਰ ਤੇ ਦਿਲਜੀਤ ਨੇ ਕੋਕ ਸਟੂਡੀਓ ਲਈ ਗੀਤ ਗਾਇਆ
ਮੁੰਬਈ: ਗ੍ਰੈਮੀ ਪੁਰਸਕਾਰ ਲਈ ਨਾਮਜ਼ਦ ਤੇ ਪੰਜ ਵਾਰ ਲੈਟਿਨ ਗ੍ਰੈਮੀ ਐਵਾਰਡ ਜੇਤੂ ਗਾਇਕ ਕੈਮੀਲੋ ਨੇ ਪੰਜਾਬੀ ਫਨਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਨਵਾਂ ਗੀਤ ‘ਪਲਪੀਤਾ’ ਗਾਇਆ ਹੈ। ‘ਪਲਪੀਤਾ’ ਕੋਕਾ ਕੋਲਾ ਦੀ ਗਲੋਬਲ ਸੰਗੀਤ ਮੁਹਿੰਮ ਕੋਕ ਸਟੂਡੀਓ ਦੇ ਦੂਜੇ ਸੀਜ਼ਨ ਲਈ ਜਾਰੀ ਕੀਤਾ ਗਿਆ ਗੀਤ ਹੈ। ‘ਪਲਪੀਤਾ’ ਅਸਲ ’ਚ ਦੋ ਸੱਭਿਆਚਾਰਾਂ ਦੇ ਸੁਮੇਲ ਦੀ ਸ਼ਾਨਦਾਰ ਪੇਸ਼ਕਾਰੀ ਹੈ, ਜਿਸ ਵਿੱਚ ਕੈਮੀਲੋ ਨੇ ਸਪੈਨਿਸ਼ ਭਾਸ਼ਾ ਅਤੇ ਦਿਲਜੀਤ ਨੇ ਪੰਜਾਬੀ ਭਾਸ਼ਾ ਵਿੱਚ ਗੀਤ ਗਾਇਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਨਾਲ ਕੈਮੀਲੋ ਜਪਾਨ ਵਿੱਚ ਹੋਣ ਵਾਲੇ ਦੋ ਸੰਗੀਤ ਮੇਲਿਆਂ ਲਈ ਚਰਚਾ ਵਿੱਚ ਆ ਗਿਆ ਹੈ। ਕੈਮੀਲੋ ਨੇ ਕਿਹਾ,‘‘ਮੈਨੂੰ ਹਮੇਸ਼ਾ ਭਾਰਤੀ ਸੱਭਿਆਚਾਰ ਤੇ ਰਸਮ-ਰਿਵਾਜ ਬਹੁਤ ਪਸੰਦ ਹਨ। ਮੈਨੂੰ ਇੱਕ ਵਾਰ ਭਾਰਤ ਜਾਣ ਦਾ ਮੌਕਾ ਮਿਲਿਆ ਸੀ ਅਤੇ ਮੈਨੂੰ ਬਹੁਤ ਚੰਗਾ ਲੱਗਿਆ ਸੀ। ਹੁਣ ਕਈ ਸਾਲਾਂ ਬਾਅਦ ਮੈਨੂੰ ਪੰਜਾਬੀ ਸੰਗੀਤ ਜਗਤ ਦੀ ਚੜ੍ਹਤ ਬਾਰੇ ਪਤਾ ਲੱਗਾ ਕਿ ਕਿਵੇਂ ਦਿਲਜੀਤ ਵਰਗੇ ਫ਼ਨਕਾਰ ਦੁਨੀਆਂ ਭਰ ’ਚ ਆਪਣਾ ਲੋਹਾ ਮਨਵਾ ਰਹੇ ਹਨ। ਮੇਰੀ ਦਿਲਜੀਤ ਨਾਲ ਕੰਮ ਕਰਨ ਦੀ ਬਹੁਤ ਲੰਮੇ ਸਮੇਂ ਤੋਂ ਤਾਂਘ ਸੀ ਅਤੇ ਮੈਨੂੰ ਉਸ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ।” ਦਿਲਜੀਤ ਨੇ ਕਿਹਾ, ‘‘ਲਾਤੀਨੀ ਹੋਣਹਾਰ ਕਲਾਕਾਰ ਕੈਮੀਲੋ ਦੇ ਨਾਲ ਕੋਕ ਸਟੂਡੀਓ ਲਈ ‘ਪਲਪੀਤਾ’ ਗੀਤ ਲਈ ਕੰਮ ਕਰਨਾ ਸ਼ਾਨਦਾਰ ਤਜਰਬਾ ਸੀ। ਇਸ ਪ੍ਰਾਜੈਕਟ ’ਤੇ ਕੰਮ ਕਰਨਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਅਤੇ ਮੈਂ ਆਪਣੇ ਲਾਤੀਨੀ X ਪੰਜਾਬੀ ਸੰਗੀਤਕ ਫਿਊਜ਼ਨ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਉਤਸੁਕਤਾ ਨਾਲ ਉਡੀਕ ਕਰ ਰਿਹਾ ਹਾਂ।’’ -ਆਈਏਐੱਨਐੱਸ