For the best experience, open
https://m.punjabitribuneonline.com
on your mobile browser.
Advertisement

ਕੈਨੇਡਾ ’ਚ ਹਫ਼ਤੇ ਦੇ ਅਖੀਰਲੇ ਦੋ ਦਿਨ

10:43 AM Mar 13, 2024 IST
ਕੈਨੇਡਾ ’ਚ ਹਫ਼ਤੇ ਦੇ ਅਖੀਰਲੇ ਦੋ ਦਿਨ
Advertisement

ਪ੍ਰਿੰਸੀਪਲ ਵਿਜੈ ਕੁਮਾਰ

Advertisement

ਕੈਨੇਡਾ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਗੁਜ਼ਾਰਦਿਆਂ ਇਸ ਮੁਲਕ ਦੇ ਲੋਕਾਂ ਦੀ ਜ਼ਿੰਦਗੀ ਦੇ ਕਈ ਰੰਗ ਢੰਗ ਵੇਖਣ ਨੂੰ ਮਿਲੇ। ਸਾਡੇ ਮੁਲਕ ਦੇ ਲੋਕ ਜ਼ਿੰਦਗੀ ਨੂੰ ਜਿਊਂਦੇ ਨਹੀਂ, ਸਗੋਂ ਗੁਜ਼ਾਰਦੇ ਹਨ ਪਰ ਕੈਨੇਡਾ ਦੇ ਲੋਕ ਜ਼ਿੰਦਗੀ ਦਾ ਲੁਤਫ਼ ਲੈਂਦੇ ਹਨ। ਸਾਡੇ ਦੇਸ਼ ’ਚ ਲੋਕ ਮਿਹਨਤ ਕਰਦੇ ਹਨ ਅਤੇ ਮਿਹਨਤ ਇਸ ਮੁਲਕ ਦੇ ਲੋਕ ਵੀ ਕਰਦੇ ਹਨ ਪਰ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਮਿਹਨਤ ਕਰਨ ਦਾ ਢੰਗ ਵੱਖੋ ਵੱਖਰਾ ਹੈ।
ਸਾਡੇ ਦੇਸ਼ ਵਿੱਚ ਜੇਕਰ ਕੰਮ ਸਰਕਾਰੀ ਹੈ ਤਾਂ ਉਸ ਨੂੰ ਕਰਨਾ, ਨਾ ਕਰਨਾ, ਕਦੋਂ ਕਰਨਾ ਇਹ ਸਾਡੇ ਦੇਸ਼ ਦੇ ਲੋਕਾਂ ਦੀ ਇੱਛਾ ਉੱਤੇ ਨਿਰਭਰ ਹੁੰਦਾ ਹੈ। ਨੌਕਰੀ ਪੇਸ਼ਾ ਲੋਕਾਂ ਲਈ ਕੰਮ ਦੇ ਦਿਨ ਵੀ ਛੁੱਟੀਆਂ ਵਰਗੇ ਹੀ ਹੁੰਦੇ ਹਨ। ਹਫ਼ਤੇ ਦੇ ਅਖੀਰੀ ਦੋ ਦਿਨ ਦੇਰ ਨਾਲ ਉੱਠਣ, ਟੈਲੀਵਿਜ਼ਨ ਵੇਖਣ ਅਤੇ ਵਿਹਲੇ ਰਹਿ ਕੇ ਗੱਲਾਂ ਤੇ ਗੱਪਾਂ ਮਾਰਨ ਲਈ ਹੁੰਦੇ ਹਨ। ਜ਼ਿਆਦਾ ਤੋਂ ਜ਼ਿਆਦਾ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਬਣ ਜਾਂਦਾ ਹੈ। ਜੇਕਰ ਕੰਮ ਆਪਣਾ ਦੁਕਾਨਦਾਰੀ, ਖੇਤੀਬਾੜੀ, ਕਾਰਖਾਨਾ, ਬਾਗਬਾਨੀ, ਟਰਾਂਸਪੋਰਟ ਅਤੇ ਕੋਈ ਹੋਰ ਧੰਦਾ ਹੋਵੇ ਤਾਂ ਫੇਰ ਕੰਮ ਵਿੱਚੋਂ ਵਿਹਲ ਹੁੰਦਾ ਹੀ ਨਹੀਂ। ਹਰ ਵੇਲੇ ਕੰਮ ਹੀ ਕੰਮ ਹੁੰਦਾ ਹੈ। ਦਿਨ-ਰਾਤ ਦਾ ਕੋਈ ਪਤਾ ਨਹੀਂ ਹੁੰਦਾ। ਛੁੱਟੀ ਦਾ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ। ਹਫ਼ਤੇ ਦੇ ਸੱਤੇ ਦਿਨ ਕੰਮ ਕਰਦਿਆਂ ਹੀ ਲੰਘਦੇ ਹਨ ਪਰ ਕੈਨੇਡਾ ’ਚ ਕੰਮ ਚਾਹੇ ਸਰਕਾਰੀ ਹੋਵੇ ਜਾਂ ਆਪਣਾ ਇੱਥੋਂ ਦੇ ਲੋਕਾਂ ਲਈ ਦੋਵੇਂ ਬਰਾਬਰ ਹਨ।
ਕੈਨੇਡਾ ਦੇ ਲੋਕ ਕੰਮ ਵੇਲੇ ਕੰਮ ਅਤੇ ਆਨੰਦ ਵੇਲੇ ਆਨੰਦ ਮਾਣਦੇ ਹਨ। ਹਰ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਕੰਮ ਦੇ ਘੰਟੇ ਨਿਸ਼ਚਿਤ ਹਨ। ਛੁੱਟੀ ਤੋਂ ਬਾਅਦ ਕਰਮਚਾਰੀਆਂ ਨੂੰ ਨਾ ਕੋਈ ਰੋਕਦਾ ਹੈ ਤੇ ਨਾ ਕੋਈ ਰੁਕਦਾ ਹੈ। ਵਾਧੂ ਸਮੇਂ ਦੇ ਪੈਸੇ ਦੇਣੇ ਪੈਂਦੇ ਹਨ। ਇਸ ਮੁਲਕ ਵਿੱਚ ਕੋਈ ਵੀ ਵਿਅਕਤੀ ਡਿਊਟੀ ਸਮੇਂ ਨਾ ਸਿਗਰਟ, ਚਾਹ, ਕੌਫ਼ੀ ਪੀਂਦਾ ਹੈ ਅਤੇ ਨਾ ਹੀ ਮੋਬਾਈਲ ਸੁਣਦਾ ਹੈ। ਸਾਡੇ ਦੇਸ਼ ਦੇ ਲੋਕਾਂ ਵਾਂਗ ਇਸ ਮੁਲਕ ਦੇ ਲੋਕ ਆਪਣਾ ਪੇਟ ਕੱਟ ਕੇ ਆਉਣ ਵਾਲੀਆਂ ਤਿੰਨ ਪੀੜ੍ਹੀਆਂ ਲਈ ਧਨ ਨਹੀਂ ਜੋੜਦੇ। ਇਹ ਲੋਕ ਸਕੂਲ ਅਤੇ ਕਾਲਜ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਆਪਣਾ ਕਮਾਓ, ਆਪਣਾ ਖਾਓ ਕਹਿ ਕੇ ਉਨ੍ਹਾਂ ਨੂੰ ਆਪਣੇ ਤੋਂ ਅੱਡ ਕਰ ਦਿੰਦੇ ਹਨ।
ਇਹ ਲੋਕ ਜ਼ਿੰਦਗੀ ਜਿਊਣ ਦੇ ਸਲੀਕੇ ਅਤੇ ਅਰਥ ੰ ਸਮਝਦੇ ਹਨ। ਉਹ ਜ਼ਿੰਦਗੀ ਨੂੰ ਢੋਂਹਦੇ ਨਹੀਂ ਸਗੋਂ ਇਸ ਦੇ ਮਜ਼ੇ ਲੈਂਦੇ ਹਨ। ਉਹ ਹਫ਼ਤੇ ਦੇ ਪੰਜ ਦਿਨ ਪੂਰੀ ਮਿਹਨਤ ਕਰਦੇ ਹਨ ਤੇ ਅਖੀਰਲੇ ਦੋ ਦਿਨ ਪੂਰੇ ਮਜ਼ੇ ਕਰਦੇ ਹਨ। ਇਹ ਸਾਡੇ ਮੁਲਕ ਦੇ ਲੋਕਾਂ ਵਾਂਗ ਆਪਣੀ ਡਿਊਟੀ ਤੋਂ ਆ ਕੇ ਨਾ ਤਾਂ ਬੈਂਕਾਂ ਅਤੇ ਡਾਕਖਾਨਿਆਂ ਦੀਆਂ ਆਰਡੀ’ਜ਼ ਚੈੱਕ ਕਰਦੇ ਹਨ ਤੇ ਨਾ ਹੀ ਕੋਈ ਕਾਰੋਬਾਰ। ਇਸ ਮੁਲਕ ਦੇ ਲੋਕ ਡਿਊਟੀ ਤੋਂ ਆ ਕੇ ਖ਼ੂਬ ਖਾਂਦੇ ਤੇ ਪੀਂਦੇ ਤੇ ਪਾਰਟੀਆਂ ਕਰਦੇ ਹਨ। ਹਫ਼ਤੇ ਦੇ ਅਖੀਰਲੇ ਦੋ ਦਿਨ ਇਨ੍ਹਾਂ ਲੋਕਾਂ ਲਈ ਇੱਕ ਤਿਓਹਾਰ ਵਾਂਗ ਹੁੰਦੇ ਹਨ। ਸ਼ੁੱਕਰਵਾਰ ਨੂੰ ਇਨ੍ਹਾਂ ਨੂੰ ਵੀਕਐਂਡ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਸ਼ਨਿਚਰਵਾਰ ਤੇ ਐਤਵਾਰ ਦੀ ਸਰਕਾਰੀ, ਪ੍ਰਾਈਵੇਟ ਅਦਾਰਿਆਂ, ਸਕੂਲਾਂ, ਡੇ ਕੇਅਰਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਵਿੱਚ ਛੁੱਟੀ ਹੁੰਦੀ ਹੈ। ਸ਼ੁੱਕਰਵਾਰ ਨੂੰ ਛੁੱਟੀ ਤੋਂ ਬਾਅਦ ਘਰ ਨੂੰ ਜਾਂਦਿਆਂ ਹਰ ਕੋਈ ਇੱਕ ਦੂਜੇ ਨੂੰ ਹੈਪੀ ‘ਵੀਕਐਂਡ’ ਕਹਿੰਦਾ ਵਿਖਾਈ ਦਿੰਦਾ ਹੈ। ਇਸ ਮੁਲਕ ਵਿੱਚ ‘ਹੈਪੀ ਵੀਕਐਂਡ’ ਦੋ ਦਿਨ ਮੌਜ ਮਸਤੀ, ਆਨੰਦ ਲੈਣ ਤੇ ਛੁੱਟੀਆਂ ਮਨਾਉਣ ਦਾ ਪ੍ਰਤੀਕ ਹਨ।
ਹਫ਼ਤੇ ਦੇ ਆਖਰੀ ਇਨ੍ਹਾਂ ਦੋ ਦਿਨਾਂ ਵਿੱਚ ਇੱਥੋਂ ਦੇ ਲੋਕ ਇੱਕ ਦੂਜੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਨ ਤੇ ਇਕੱਠੇ ਹੋ ਕੇ ਪਾਰਟੀਆਂ ਕਰਦੇ ਹਨ ਪਰ ਕਿਸੇ ਦੇ ਘਰ ਜਾਣ ਤੋਂ ਪਹਿਲਾਂ ਬਾਕਾਇਦਾ ਪ੍ਰੋਗਰਾਮ ਬਣਿਆ ਹੋਇਆ ਹੁੰਦਾ ਹੈ। ਇਨ੍ਹਾਂ ਦੋ ਦਿਨਾਂ ’ਚ ਹੋਟਲਾਂ, ਬਾਰਾਂ, ਪਲਾਜ਼ਿਆਂ, ਮਾਲ, ਸਿਨੇਮਾ ਘਰਾਂ, ਪਾਰਕਾਂ ਅਤੇ ਮਨੋਰੰਜਕ ਥਾਵਾਂ ’ਤੇ ਲੋਕਾਂ ਦੀ ਭੀੜ ਹੁੰਦੀ ਹੈ। ਇਨ੍ਹਾਂ ਦੋ ਦਿਨਾਂ ਵਿੱਚ ਇੱਥੋਂ ਦੇ ਲੋਕ ਆਪਣੇ ਬੱਚਿਆਂ ਨੂੰ ਘੁੰਮਾਉਣ ਫਿਰਾਉਣ ਲਈ ਨਦੀਆਂ, ਝਰਨਿਆਂ, ਚਿੜੀਆ ਘਰਾਂ, ਪਹਾੜੀ ਸਥਾਨਾਂ ਅਤੇ ਹੋਰ ਗਿਆਨ ਅਤੇ ਮਨੋਰੰਜਨ ਵਾਲੀਆਂ ਥਾਵਾਂ ’ਤੇ ਲੈ ਕੇ ਜਾਂਦੇ ਹਨ। ਇਨ੍ਹਾਂ ਦਿਨਾਂ ਵਿੱਚ ਘਰਾਂ ਦੇ ਪਿੱਛੇ ਬਣੇ ਬੈਂਕ ਯਾਰਡਾਂ ਵਿੱਚ ਪਾਰਟੀਆਂ ਕੀਤੀਆਂ ਜਾਂਦੀਆਂ ਹਨ ਅਤੇ ਸੰਗੀਤ ਦੀਆਂ ਧੁਨਾਂ ਸੁਣਾਈ ਦਿੰਦੀਆਂ ਹਨ। ਕਈ ਲੋਕ ਆਪਣੇ ਘਰਾਂ ’ਚ ਰੱਖੀਆਂ ਕਿਸ਼ਤੀਆਂ ਲੈ ਕੇ ਵੱਡੀਆਂ ਨਦੀਆਂ ਅਤੇ ਝਰਨਿਆਂ ਵਿੱਚ ਕਿਸ਼ਤੀਆਂ ਚਲਾਉਣ ਦਾ ਆਨੰਦ ਲੈਂਦੇ ਹਨ। ਇਨ੍ਹਾਂ ਦੋ ਦਿਨਾਂ ਵਿੱਚ ਖੇਡ ਦੇ ਮੈਦਾਨਾਂ ਵਿੱਚ ਕ੍ਰਿਕਟ, ਫੁੱਟਬਾਲ, ਬਾਸਕਟਬਾਲ, ਬੇਸਬਾਲ ਦੇ ਮੈਚ ਹੁੰਦੇ ਹਨ ਅਤੇ ਦਰਸ਼ਕਾਂ ਦੀ ਪੂਰੀ ਭੀੜ ਹੁੰਦੀ ਹੈ। ਸਨੋ ਫਾਲ ਦੇ ਦਿਨਾਂ ਵਿੱਚ ਵਿਸ਼ੇਸ਼ ਸਥਾਨ ਉੱਤੇ ਬੱਚੇ ਅਤੇ ਨੌਜਵਾਨ ਆਈਸ ਸਕੇਟਿੰਗ ਕਰਦੇ ਵੇਖੇ ਜਾ ਸਕਦੇ ਹਨ। ਸਾਡੇ ਦੇਸ਼ ਦੇ ਲੋਕਾਂ ਵਾਂਗ ਇਸ ਮੁਲਕ ਦੇ ਲੋਕ ਛੁੱਟੀ ਵਾਲੇ ਦਿਨ ਗੱਲਾਂ ਤੇ ਗੱਪਾਂ ਮਾਰ ਕੇ, ਵਿਹਲੇ ਘੁੰਮ ਕੇ ਅਤੇ ਟੈਲੀਵਿਜ਼ਨ ਵੇਖ ਕੇ ਨਹੀਂ ਗੁਜ਼ਾਰਦੇ ਸਗੋਂ ਪਲੰਬਰ, ਮਿਸਤਰੀ, ਲੁਹਾਰ, ਇਲੈੱਕਟ੍ਰੀਸ਼ਨ ਅਤੇ ਹੋਰ ਕਾਰੀਗਰਾਂ ਦੇ ਕੰਮ ਖ਼ੁਦ ਹੱਥੀਂ ਕਰਦੇ ਹਨ।
ਇਸ ਦੌਰਾਨ ਇਹ ਲੋਕ ਆਪਣੇ ਘਰਾਂ ਦੇ ਪਿੱਛੇ ਬਣੀਆਂ ਬਗੀਚੀਆਂ ਅਤੇ ਫੁਲਵਾੜੀਆਂ ਦੀ ਬੀਜ-ਬਿਜਾਈ, ਕਾਂਟ-ਛਾਂਟ ਤੇ ਸਿੰਚਾਈ ਬਗੈਰਾ ਕਰਦੇ ਹਨ। ਇਨ੍ਹਾਂ ਦੋ ਦਿਨਾਂ ਵਿੱਚ ਇਹ ਲੋਕ ਆਪਣੇ ਘਰ ਵਿੱਚ ਰੱਖੇ ਕੁੱਤਿਆਂ ਅਤੇ ਪਾਲਤੂ ਜਾਨਵਰਾਂ ਨੂੰ ਘੁੰਮਾਉਂਦੇ ਫਿਰਾਉਂਦੇ ਹਨ। ਬੱਚਿਆਂ ਨੂੰ ਨਾਲ ਲੈ ਕੇ ਲਾਇਬ੍ਰੇਰੀਆਂ ਵਿੱਚ ਜਾ ਕੇ ਪੜ੍ਹਦੇ ਹਨ। ਇਸ ਮੁਲਕ ’ਚ ਸਾਡੇ ਮੁਲਕ ਵਾਂਗ ਨੌਕਰ ਤੇ ਨੌਕਰਾਣੀਆਂ ਨਹੀਂ ਮਿਲਦੇ। ਜੇਕਰ ਮਿਲਦੇ ਵੀ ਹਨ ਤਾਂ ਬਹੁਤ ਮਹਿੰਗੇ ਹਨ। ਘਰ ਦੀ ਸਾਫ਼ ਸਫ਼ਾਈ ਅਤੇ ਹੋਰ ਛੋਟੇ ਮੋਟੇ ਕੰਮ ਆਪਣੇ ਹੱਥੀਂ ਕਰਨੇ ਪੈਂਦੇ ਹਨ। ਇਨ੍ਹਾਂ ਦੋ ਦਿਨਾਂ ਵਿੱਚ ਇੱਥੋਂ ਦੇ ਲੋਕ ਘਰ ਦੀ ਸਾਫ਼ ਸਫ਼ਾਈ ਅਤੇ ਕੰਮ ਕਾਰ ਵੀ ਕਰਦੇ ਹਨ। ਇੱਥੋਂ ਦੇ ਲੋਕਾਂ ਦਾ ਜ਼ਿੰਦਗੀ ਜਿਊਣ ਦਾ ਢੰਗ ਆਤਮ ਨਿਰਭਰਤਾ, ਕੁਦਰਤ ਨਾਲ ਪਿਆਰ ਕਰਨਾ, ਕੰਮ ਸਮੇਂ ਕੇਵਲ ਕੰਮ ਕਰਨਾ ਅਤੇ ਜ਼ਿੰਦਗੀ ਦਾ ਆਨੰਦ ਲੈਣਾ ਸਿਖਾਉਂਦਾ ਹੈ।

Advertisement
Author Image

joginder kumar

View all posts

Advertisement
Advertisement
×