For the best experience, open
https://m.punjabitribuneonline.com
on your mobile browser.
Advertisement

ਆਖ਼ਰੀ ਹੰਭਲਾ: ਪੰਜਾਬ ਦੇ ਚੋਣ ਅਖਾੜੇ ਭਖਾਉਣਗੇ ਕੌਮੀ ਆਗੂ

06:33 AM May 21, 2024 IST
ਆਖ਼ਰੀ ਹੰਭਲਾ  ਪੰਜਾਬ ਦੇ ਚੋਣ ਅਖਾੜੇ ਭਖਾਉਣਗੇ ਕੌਮੀ ਆਗੂ
Advertisement

* ਸ਼ਾਹ ਅਤੇ ਨੱਢਾ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਪੁੱਜਣਗੇ
* ਮਾਇਆਵਤੀ ਵੀ ਕਰਨਗੇ ਰੈਲੀ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 20 ਮਈ
ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਲਈ ਚੋਣ ਮੁਹਿੰਮ ਨੂੰ ਸਿਖਰ ’ਤੇ ਲਿਜਾਣ ਲਈ ਸਿਆਸੀ ਪਾਰਟੀਆਂ ਵੱਲੋਂ ਮਈ ਦੇ ਅਖੀਰਲੇ ਹਫ਼ਤੇ ’ਚ ਆਖ਼ਰੀ ਹੰਭਲਾ ਬੋਲਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23 ਮਈ ਨੂੰ ਪਟਿਆਲਾ ’ਚ ਹੋਣ ਵਾਲੀ ਚੋਣ ਰੈਲੀ ਨਾਲ ਇਸ ਦਾ ਆਗਾਜ਼ ਹੋ ਜਾਵੇਗਾ। ਆਖ਼ਰੀ ਹਫ਼ਤੇ ’ਚ ਕਾਂਗਰਸ ਅਤੇ ‘ਆਪ’ ਵੱਲੋਂ ਆਖ਼ਰੀ ਵਾਹ ਲਾਈ ਜਾਵੇਗੀ। ਸਿਆਸੀ ਧਿਰਾਂ ਦੇ ਕੌਮੀ ਆਗੂ ਪੂਰਾ ਇੱਕ ਹਫ਼ਤਾ ਪੰਜਾਬ ਵਿਚ ਗੱਜਣਗੇ। ਸੂਬੇ ਵਿਚ ਵੋਟਾਂ ਪਹਿਲੀ ਜੂਨ ਨੂੰ ਪੈਣੀਆਂ ਹਨ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 25 ਮਈ ਨੂੰ ਪੰਜਾਬ ਪਹੁੰਚ ਰਹੇ ਹਨ ਅਤੇ ਉਹ 30 ਮਈ ਤੱਕ ਸੂਬੇ ’ਚ ਚੋਣ ਪ੍ਰਚਾਰ ਕਰਨਗੇ। ‘ਆਪ’ ਵੱਲੋਂ ਸੂਬੇ ’ਚ ਪ੍ਰਚਾਰ ਵਾਸਤੇ ਪ੍ਰਾਈਵੇਟ ਹੈਲੀਕਾਪਟਰ ਕਿਰਾਏ ’ਤੇ ਲੈ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਿਹਾਤੀ ਤੇ ਅਰਧ ਸ਼ਹਿਰੀ ਖੇਤਰਾਂ ਅਤੇ ਅਰਵਿੰਦ ਕੇਜਰੀਵਾਲ ਸ਼ਹਿਰੀ ਖੇਤਰਾਂ ਵਿਚ ਚੋਣ ਪ੍ਰਚਾਰ ਕਰਨਗੇ।
‘ਆਪ’ ਨੇ ਸੰਸਦੀ ਖੇਤਰਾਂ ਵਿਚ ਪੈਂਦੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਦੀ ਸ਼ਨਾਖ਼ਤ ਕੀਤੀ ਹੈ, ਜਿੱਥੇ ਪਾਰਟੀ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਅਜਿਹੇ ਹਲਕਿਆਂ ਵਿਚ ਮੁੱਖ ਮੰਤਰੀ ਦੇ ਰੋਡ ਸ਼ੋਅ ਉਲੀਕੇ ਜਾ ਰਹੇ ਹਨ। ਸ਼ਹਿਰੀ ਲੋਕਾਂ ਨਾਲ ਕੇਜਰੀਵਾਲ ਮੁਖ਼ਾਤਬ ਹੋਣਗੇ। ਭਾਜਪਾ ਤਰਫ਼ੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇਪੀ ਨੱਢਾ ਦੇ ਚੋਣ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪ੍ਰੋਗਰਾਮ ਵੀ ਬਣਾਏ ਜਾ ਰਹੇ ਹਨ। ਬਸਪਾ ਮੁਖੀ ਮਾਇਆਵਤੀ ਵੱਲੋਂ 24 ਮਈ ਨੂੰ ਨਵਾਂਸ਼ਹਿਰ ਵਿਚ ਰੈਲੀ ਕੀਤੀ ਜਾਵੇਗੀ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਵੀ 23 ਤੋਂ 29 ਮਈ ਦਰਮਿਆਨ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀਆਂ ਚੋਣ ਰੈਲੀਆਂ ਉਲੀਕੀਆਂ ਜਾ ਰਹੀਆਂ ਹਨ। ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਸੰਦੀਪ ਸੰਧੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰੁਜਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਦੂਸਰੇ ਸੂਬਿਆਂ ’ਚੋਂ ਵੀ ਕਾਂਗਰਸ ਦੇ ਸੀਨੀਅਰ ਆਗੂ ਪੰਜਾਬ ਵਿਚ ਚੋੋਣ ਪ੍ਰਚਾਰ ਕਰਨਗੇ। ਪਾਰਟੀ ਆਗੂਆਂ ਨੇ ਦੱਸਿਆ ਕਿ ਕਾਂਗਰਸ ਵੱਲੋਂ ਚਾਰ ਤੋਂ ਪੰਜ ਰੈਲੀਆਂ ਦੀ ਵਿਉਂਤ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਾਰਟੀ ਵੱਲੋਂ ਉਨ੍ਹਾਂ ਹਲਕਿਆਂ ਵਿਚ ਰੈਲੀਆਂ ਰੱਖੀਆਂ ਜਾਣੀਆਂ ਹਨ ਜਿੱਥੇ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਭਾਜਪਾ ਵੱਲੋਂ ਗੁਰਦਾਸਪੁਰ ਸੀਟ ’ਤੇ ਜ਼ਿਆਦਾ ਧਿਆਨ ਫੋਕਸ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮਈ ਦੇ ਆਖ਼ਰੀ ਹਫ਼ਤੇ ਚੋਣ ਰੈਲੀਆਂ ਦੀ ਗਿਣਤੀ ਵਧਾ ਰਹੇ ਹਨ। ਉਹ ਬਠਿੰਡਾ ਹਲਕੇ ਵਿਚ ਜ਼ਿਆਦਾ ਧਿਆਨ ਕੇਂਦਰਤ ਕਰ ਰਹੇ ਹਨ।

Advertisement

ਪ੍ਰਧਾਨ ਮੰਤਰੀ ਮੋਦੀ ਦੇ ਵਿਰੋਧ ਲਈ ਕਿਸਾਨ ਬਜ਼ਿੱਦ

ਪਟਿਆਲਾ (ਖੇਤਰੀ ਪ੍ਰਤੀਨਿਧ): ਕਿਸਾਨ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ 23 ਮਈ ਨੂੰ ਪਟਿਆਲਾ ਵਿੱਚ ਰੈਲੀ ਲਈ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਬਜ਼ਿੱਦ ਹਨ। ਇਸ ਦੀ ਤਿਆਰੀ ਸਬੰਧੀ ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪਟਿਆਲਾ ਜ਼ਿਲ੍ਹੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਖਿਲਾਫ਼ ਜਮਹੂਰੀ ਢੰਗ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਹਾਲਾਂਕਿ, ਇਸ ਦੌਰਾਨ ਐੱਸਪੀ ਸਿਟੀ ਸਰਫ਼ਰਾਜ਼ ਆਲਮ ਸਮੇਤ ਕੁਝ ਹੋਰ ਪੁਲੀਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੰਗਾਂ ਤੋਂ ਮੁਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਧਰ, ਸ਼ੰਭੂ ਵਿੱਚ 98 ਦਿਨਾਂ ਤੋਂ ਜਾਰੀ ਧਰਨੇ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਨੇ ਵੀ 23 ਮਈ ਨੂੰ ਪ੍ਰਧਾਨ ਮੰਤਰੀ ਖਿਲਾਫ਼ ਜਮਹੂਰੀ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

ਐਤਕੀਂ ਰਾਜਸੀ ਧਨੰਤਰ ਖ਼ਾਮੋਸ਼

ਐਤਕੀਂ ਚੋਣ ਮੁਹਿੰਮ ’ਚ ਰਾਜਸੀ ਧਨੰਤਰਾਂ ਦੀ ਕਮੀ ਰੜਕ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਮਹਿਸੂਸ ਹੋ ਰਿਹਾ ਹੈ। ਖ਼ਾਸ ਕਰਕੇ ਬਠਿੰਡਾ ਸੰਸਦੀ ਹਲਕੇ ਵਿਚ ਵੱਡੇ ਬਾਦਲ ਦੀ ਕਮੀ ਕਾਫ਼ੀ ਰੜਕ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਿਸੇ ਰਾਜਸੀ ਸਟੇਜ ’ਤੇ ਹਾਲੇ ਤੱਕ ਨਜ਼ਰ ਨਹੀਂ ਆਏ ਹਨ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੀ ਸਿਹਤ ਦੇ ਹਵਾਲੇ ਨਾਲ ਚੋਣ ਨਕਸ਼ੇ ਤੋਂ ਗ਼ਾਇਬ ਹਨ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਚੋਣ ਮੁਹਿੰਮ ਤੋਂ ਕਿਨਾਰਾ ਕਰ ਚੁੱਕੇ ਹਨ। ਢੀਂਡਸਾ ਪਰਿਵਾਰ ਵੀ ਖ਼ਾਮੋਸ਼ ਬੈਠਾ ਹੈ।

Advertisement
Author Image

joginder kumar

View all posts

Advertisement