ਦਹਿਸ਼ਤਗਰਦਾਂ ਵੱਲੋਂ ਮਾਰੇ ਰੱਖਿਆ ਗਾਰਡਾਂ ਨੂੰ ਅੰਤਿਮ ਵਿਦਾਈ
ਕਿਸ਼ਤਵਾੜ/ਜੰਮੂ, 9 ਨਵੰਬਰ
ਦਹਿਸ਼ਤਗਰਦਾਂ ਵੱਲੋਂ ਮਾਰੇ ਗਏ ਦੋ ਗ੍ਰਾਮ ਰੱਖਿਆ ਗਾਰਡਾਂ ਨਜ਼ੀਰ ਅਹਿਮਦ (42) ਅਤੇ ਕੁਲਦੀਪ ਕੁਮਾਰ (40) ਨੂੰ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਉਨ੍ਹਾਂ ਦੇ ਪਿੰਡ ਓਹਲੀ ’ਚ ਅੱਜ ਅੰਤਿਮ ਵਿਦਾਈ ਦਿੱਤੀ ਗਈ। ਪਿੰਡ ਵਾਸੀਆਂ ਨੇ ਦੋਵੇਂ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਸਮੇਤ ਢੁੱਕਵੀਂ ਰਾਹਤ ਅਤੇ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਦੋਹਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਦੇਰ ਰਾਤ ਪਿੰਡ ’ਚ ਉਨ੍ਹਾਂ ਦੇ ਘਰਾਂ ’ਚ ਪੁੱਜੀਆਂ ਸਨ। ਨਜ਼ੀਰ ਅਤੇ ਕੁਲਦੀਪ ਦੀਆਂ ਲਾਸ਼ਾਂ 12 ਘੰਟਿਆਂ ਮਗਰੋਂ ਕੁੰਤਵਾੜਾ ਜੰਗਲ ਅੰਦਰ ਇਕ ਨਾਲੇ ਨੇੜਿਉਂ ਮਿਲੀਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦਾਂ ਦੀ ਭਾਲ ਲਈ ਅੱਜ ਹੋਰ ਇਲਾਕਿਆਂ ਦੀ ਘੇਰਾਬੰਦੀ ਕਰਕੇ ਸੁਰੱਖਿਆ ਬਲਾਂ ਦੇ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ। ਦੋਵਾਂ ਨੂੰ ਅੰਤਿਮ ਵਿਦਾਈ ਦੇਣ ਵੇਲੇ ਲੋਕਾਂ ਨੇ ਪਾਕਿਸਤਾਨ ਅਤੇ ਅਤਿਵਾਦ ਵਿਰੋਧੀ ਨਾਅਰੇ ਲਗਾਏ। ਜੰਮੂ ਕਸ਼ਮੀਰ ਭਾਜਪਾ ਦੇ ਸਾਬਕਾ ਪ੍ਰਧਾਨ ਰਵਿੰਦਰ ਰੈਨਾ ਅਤੇ ਪਾਰਟੀ ਦੇ ਕਿਸ਼ਤਵਾੜ ਤੋਂ ਵਿਧਾਇਕ ਸ਼ਗੁਨ ਪਰਿਹਾਰ ਨੇ ਪਿੰਡ ਦਾ ਦੌਰਾ ਕਰਕੇ ਪਰਿਵਾਰਾਂ ਨਾਲ ਦੁੱਖ ਵੰਡਾਇਆ। ਸਾਬਕਾ ਸਰਪੰਚ ਮੁਹੰਮਦ ਫਾਰੂਕ ਨੇ ਕਿਹਾ ਕਿ ਪਿੰਡ ’ਚ ਦਹਾਕਿਆਂ ਬਾਅਦ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਇਕ ਵਿਅਕਤੀ ਦੀ ਦਹਿਸ਼ਤਗਰਦਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਲਾਕੇ ’ਚੋਂ 15 ਸਾਲ ਪਹਿਲਾਂ ਹੀ ਅਤਿਵਾਦ ਦਾ ਖ਼ਾਤਮਾ ਹੋ ਗਿਆ ਸੀ ਅਤੇ ਪਿੰਡ ਲਈ ਹਾਲੀਆ ਵਾਰਦਾਤ ਚਿੰਤਾ ਦਾ ਵਿਸ਼ਾ ਹੈ। -ਪੀਟੀਆਈ
ਦੋਵਾਂ ਦੇ ਸਿਰ ਪਿੱਛੇ ਮਾਰੀ ਗਈ ਸੀ ਗੋਲੀ
ਲਾਸ਼ਾਂ ਦੇ ਪੋਸਟਮਾਰਟਮ ਮਗਰੋਂ ਪੁਸ਼ਟੀ ਹੋਈ ਹੈ ਕਿ ਦੋਹਾਂ ਨੂੰ ਪਿੱਛਿਉਂ ਸਿਰ ’ਚ ਗੋਲੀ ਮਾਰੀ ਗਈ ਸੀ। ਉਨ੍ਹਾਂ ਕਿਹਾ ਕਿ ਪੀੜਤਾਂ ਦੇ ਹੱਥ ਪਿੱਠ ਪਿੱਛੇ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੀਆਂ ਅੱਖਾਂ ’ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਅਹਿਮਦ ਨੂੰ ਸਥਾਨਕ ਕਬਰਿਸਤਾਨ ’ਚ ਪਹਿਲਾਂ ਦਫਨਾਇਆ ਗਿਆ ਅਤੇ ਬਾਅਦ ’ਚ ਪਿੰਡ ਦੇ ਬਾਹਰ ਕੁਲਦੀਪ ਕੁਮਾਰ ਦਾ ਸਸਕਾਰ ਕੀਤਾ ਗਿਆ।