ਖ਼ੁਸ਼ੀਆਂ ਦੀ ਲੱਪ
ਜੋਧ ਸਿੰਘ ਮੋਗਾ
ਅੱਜ ਤੋਂ 90 ਕੁ ਸਾਲ ਪਹਿਲਾਂ ਮੇਰੇ ਬਚਪਨ ਅਤੇ ‘ਪ੍ਰੀਤਲੜੀ’ ਦੇ ਸਮੇਂ ਰੁਪਈਆ ਬੜੀ ਸ਼ੈਅ ਸੀ। ਉਸ ਸਮੇਂ ਰੁਪਈਏ ਦਾ ਨੋਟ ਨਹੀਂ ਸੀ ਹੁੰਦਾ, ਚਾਂਦੀ ਦਾ ਸਿੱਕਾ ਹੁੰਦਾ ਸੀ। ਉੱਤੇ ਮਲਕਾ ਜਾਂ ਘੋਨੀ ਟਿੰਡ ਵਾਲੇ ਅੰਗਰੇਜ਼ ਰਾਜੇ ਦੀ ਮੂਰਤ ਹੁੰਦੀ ਸੀ। ਰੁਪਈਏ ਦੇ ਨਿਆਣੇ ਵੀ ਬੜੇ ਹੁੰਦੇ ਸਨ: ਧੀਆਂ- ਅਠਿਆਨੀ, ਚੁਆਨੀ, ਦੁਆਨੀ; ਫਿਰ ਮੁੰਡੇ- ਆਨਾ, ਟਕਾ, ਪੈਸਾ ਅਤੇ ਧੇਲਾ। ਰੁਪਈਏ ਦਾ ਬੜਾ ਕੁਝ ਆ ਜਾਂਦਾ ਸੀ। ਦੁੱਧ ਦਸ ਸੇਰ, ਘਿਓ ਇਕ ਸੇਰ, ਬੂਰਾ ਖੰਡ ਵਾਸਤੇ ਚਾਦਰ ਲਿਜਾਣੀ ਪੈਂਦੀ ਸੀ। ਮੁੱਕਦੀ ਗੱਲ, ਰੁਪਈਏ ਦਾ ਬੜਾ ਮੁੱਲ ਸੀ।
ਅੱਜ ਇਕ ਰੁਪਈਆ ਲੋਪ ਹੋ ਰਿਹਾ ਹੈ, ਨੋਟ ਵੀ ਅਤੇ ਸਿੱਕਾ ਵੀ। ਇਨ੍ਹਾਂ ਵਿਚਾਰਿਆਂ ਦਾ ਹੁਣ ਕੁਝ ਆਉਂਦਾ ਨਹੀਂ। ਅੱਜ ਕੇਲਾ ਉਹ ਵੀ ਛੋਟਾ ਜਿਹਾ, ਪੰਜਾਂ ਦਾ; ਚੰਗੀ ਮੂਲੀ ਉਹ ਵੀ ਪੰਜਾਂ ਦੀ... ਅੱਜ ਹਰ ਛੋਟੀ ਚੀਜ਼ ਵਾਸਤੇ ਦਸਾਂ ਦਾ ਨੋਟ ਚਾਹੀਦਾ। ਬਿਸਕੁਟਾਂ ਦਾ ਛੋਟਾ ਪੈਕ, ਕੁਰਕੁਰਿਆਂ ਦਾ ਫੂਕ ਭਰਿਆ ਲਫ਼ਾਫ਼ਾ, ਮਾਈ ਬੁੱਢੀ ਦਾ ਮਿੱਠਾ ਗੁਲਾਬੀ ਝਾਟਾ, ਸਭ ਦਸਾਂ ਦੇ। ਸਕੂਲ ਜਾਂਦੇ ਨਿਆਣੇ ਨੂੰ ਦਸਾਂ ਦਾ ਨੋਟ ਦਈਏ ਤਾਂ ਨੱਕ ਬੁੱਲ੍ਹ ਵੱਟਦਾ। ਸੋ ਦਸਾਂ ਦੇ ਨੋਟ ਦਾ ਮੁੱਲ ਵੀ ਪਾਣੀ ਪਿਤਾ ਵਾਂਗ ਥੱਲੇ-ਥੱਲੇ ਚੱਲਿਆ ਹੈ ਅਤੇ ਛੇਤੀ ਹੀ ਸਰਕਾਰ ਦੀ ਕਿਰਪਾ ਨਾਲ ਜ਼ੀਰੋ ਹੋ ਜਾਣਾ ਹੈ।
ਉਂਝ ਮੇਰੇ ਦਸਾਂ ਦੇ ਨੋਟ ਦਾ ਜੋ ਆਉਂਦਾ ਹੈ, ਬੜਾ ਕੀਮਤੀ ਅਤੇ ਵਡਮੁੱਲਾ ਹੈ। ਮੈਂ ਦੱਸਦਾ ਹਾਂ ਕਿਉਂ ਅਤੇ ਕਿਵੇਂ... ਆਪਣੀ ਵਡਿਆਈ ਨਹੀਂ ਪਰ ਗੱਲ ਤੁਹਾਨੂੰ ਵੀ ਠੀਕ ਲੱਗੇਗੀ। ਮੇਰੀ ਪੈਨਸ਼ਨ ਬਹੁਤ ਘੱਟ ਹੈ ਪਰ ਉਸ ’ਚੋਂ ਦਸਵੰਧ ਜ਼ਰੂਰ ਕੱਢਦਾ ਹਾਂ ਅਤੇ ਉਸ ਦਸਵੰਧ ’ਚੋਂ ਫਿਰ ਦਸਾਂ ਦੇ ਕੁਝ ਨੋਟਾਂ ਵਾਸਤੇ ਦਸਵੰਧ। ਇਹ ਨੋਟ ਖ਼ੁਸ਼ੀਆਂ ਦਾ ਖ਼ਜ਼ਾਨਾ ਬਣਦੇ। ਕਿਵੇਂ?
ਮੇਰੇ ਕੋਲ ਮੋਬਾਈਲ ਹੈ, ਵਿਚ ਕੈਮਰਾ ਵੀ ਹੈ। ਮੇਰੀ ਛੋਟੀ ਫੁੱਲ ਬਗ਼ੀਚੀ ਹੈ ਅਤੇ ਮੈਂ ਮਾੜੀ ਮੋਟੀ ਪੇਂਟਿੰਗ ਵੀ ਕਰ ਲੈਂਦਾ ਹਾਂ। ਫੁੱਲਾਂ ’ਤੇ ਪੇਂਟਿੰਗ ਅਤੇ ਛੋਟੀ ਪਰਚੀ ਰੱਖ ਕੇ ਫੋਟੋ ਖਿੱਚ ਲੈਂਦਾ ਹਾਂ। ਉਸ ਨੂੰ ਛਾਂਗ ਕੇ (ਕਰੌਪ ਕਰ ਕੇ) ਕਾਰਡ ਦਾ ਵਧੀਆ ਡਿਜ਼ਾਈਨ ਬਣ ਜਾਂਦਾ ਹੈ। ਫਿਰ ਉਸ ਦੇ 6X4 ਇੰਚ ਦੇ ਫੋਟੋ ਪ੍ਰਿੰਟ ਕਰਵਾ ਲੈਂਦਾ ਹਾਂ ਜੋ ਦਸਾਂ ਦੇ ਨੋਟ ਦਾ ਇਕ ਬਣਦਾ ਹੈ। ਉਨ੍ਹਾਂ ਨੂੰ ਮੋਟੇ ਰੱਦੀ ਕਾਗ਼ਜ਼ ਜਾਂ ਦਵਾਈਆਂ ਵਾਲੀਆਂ ਡੱਬੀਆਂ-ਡੁੱਬੀਆਂ ਦੇ ਪਤਲੇ ਗੱਤੇ ਤੇ ਸਾਫ਼ ਸੁਥਰੇ ਢੰਗ ਨਾਲ ਲਾ ਲੈਂਦਾ ਹਾਂ। ਪਿੱਛੇ ਛੋਟਾ ਸਟੈਂਡ ਵੀ ਲੱਗ ਜਾਂਦਾ ਹੈ ਅਤੇ ਮੇਜ਼ ’ਤੇ ਖੜੋ ਕੇ ਦਿਸਣ ਜੋਗਾ ਹੋ ਜਾਂਦਾ ਹੈ। ਲਓ ਜੀ ਦਸਾਂ ਦੇ ਨੋਟ ’ਚੋਂ ਬਣਿਆ ਕਾਰਡ ਖ਼ੁਸ਼ੀ ਵੰਡਣ ਲਈ ਤਿਆਰ ਬਰ ਤਿਆਰ।
ਇਸ ਤਰ੍ਹਾਂ ਦੇ ਮੇਜ਼ ’ਤੇ ਖੜੂ ਕਾਰਡ ਮੈਂ ਬਹੁਤ ਸਾਰੇ ਬਣਾ ਕੇ ਰੱਖ ਲੈਂਦਾ ਹਾਂ; ਇਨ੍ਹਾਂ ’ਤੇ ਲਿਖਿਆ ਹੁੰਦਾ ਹੈ: ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਜਾਂ ਬਹੁਤ-ਬਹੁਤ ਵਧਾਈ, ਜਨਮ ਦਿਨ ਮੁਬਾਰਕ, ਗ੍ਰੀਟਿੰਗਜ਼, ਧੰਨਵਾਦ ਜੀ, ਜੀ ਆਇਆਂ ਨੂੰ, ਸ਼ਾਬਾਸ਼ ਆਦਿ। ਲੋੜ ਅਤੇ ਮੌਕੇ ਅਨੁਸਾਰ ਇਨ੍ਹਾਂ ਦੀ ਵਰਤੋਂ ਹੋ ਜਾਂਦੀ ਹੈ। ਕਈ ਵਾਰ ਇਹ ਡਾਕ ਰਾਹੀਂ ਵੀ ਘੱਲਣਾ ਪੈਂਦਾ ਹੈ, ਇਸ ਲਈ ਇਸ ਦਾ ਸਾਈਜ਼ ਪੰਜ ਰੁਪਏ ਵਾਲੇ ਡਾਕ ਲਫ਼ਾਫ਼ੇ ਅਨੁਸਾਰ ਰੱਖਿਆ ਹੈ ਅਤੇ ਭਾਰ ਵੀ 20 ਗਰਾਮ ਤੋਂ ਘੱਟ ਹੁੰਦਾ ਹੈ। ਜੇ ਭਾਰ 20 ਗਰਾਮ ਤੋਂ ਵੱਧ ਹੋਵੇ ਤਾਂ ਡਾਕੀਆ ਆਖਦਾ ਹੈ- “ਬਾਈ ਜੀ, ਕੱਢੋ 10 ਰੁਪਈਏ!”
ਨਵੇਂ ਸਾਲ, ਜਨਮ ਦਿਨ ਜਾਂ ਵਧਾਈ ਦੇ ਕਾਰਡ ਤਾਂ ਆਮ ਗੱਲ ਹੈ ਪਰ ਮੇਰੇ ‘ਸ਼ਾਬਾਸ਼’ ਅਤੇ ‘ਜੀ ਆਇਆਂ ਨੂੰ’ ਵਾਲੇ ਕਾਰਡ ਤਾਂ ਜ਼ਰੂਰ ਵੱਖਰੀ ਲੱਪ ਖ਼ੁਸ਼ੀਆਂ ਦੀ ਦਿੰਦੇ ਹਨ।
ਮੈਂ ਵਾਹਵਾ ਪੁਰਾਣਾ ਅਧਿਆਪਕ ਹਾਂ। ਅਜੇ ਵੀ ਜੇ ਕਿਤੇ ਮੰਨਣ ਤਾਂ ਵੱਡੇ ਅਧਿਆਪਕਾਂ ਦਾ ਜੀਕੇ (ਆਮ ਗਿਆਨ) ਦਾ ਟੈਸਟ ਲੈ ਲੈਂਦਾ ਹਾਂ। ਇਕ ਵੱਡੇ ਸਕੂਲ ਦੇ ਪੰਦਰਾਂ ਅਧਿਆਪਕਾਂ ਨੇ ਸਣੇ ਪ੍ਰਿੰਸੀਪਲ ਖ਼ੁਸ਼ੀ-ਖ਼ੁਸ਼ੀ ਟੈਸਟ ਦਿੱਤਾ। ਅੱਵਲ ਨੂੰ ਤਾਂ ਪੇਂਟਿੰਗ ਦੇ ਦਿੱਤੀ ਅਤੇ ਬਾਕੀਆਂ ਵਾਸਤੇ ਇਹ ‘ਸ਼ਾਬਾਸ਼’ ਵਾਲੇ ਕਾਰਡ ਬਣਵਾ ਦਿੱਤੇ ਜੋ ਖ਼ੁਸ਼ੀ ਦਾ ਕਾਰਨ ਬਣੇ।
ਅਖੀਰ ’ਤੇ ‘ਜੀ ਆਇਆਂ ਨੂੰ’ ‘ਬੜੀ ਖ਼ੁਸ਼ੀ ਹੋਈ’... ਇਹ ਬਹੁਤ ਸਾਰੇ ਦਸਾਂ ਦੇ ਨੋਟਾਂ ਦੇ ਵਧੀਆ ਰੰਗੀਨ ਫੁੱਲਾਂ ਜਾਂ ਵਧੀਆ ਪੇਂਟਿੰਗ ਦੀ ਪਿਛੋਕੜ ਵਾਲੇ ਬਣਾ ਕੇ ਤਿਆਰ ਰੱਖਦਾ ਹਾਂ। ਜਦੋਂ ਕੋਈ ਮੇਰਾ ਜਾਣੂ ਪ੍ਰਸ਼ੰਸਕ, ਪੁਰਾਣਾ ਵਿਦਿਆਰਥੀ ਜਾਂ ਡਾਕਟਰ ਬੱਚਿਆਂ ਦਾ ਕੋਈ ਯਾਰ ਮਿੱਤਰ ਸਾਡੇ ਨਵੇਂ ਘਰ ਪਹਿਲੀ ਵਾਰ ਆਉਂਦਾ ਹੈ, ਬੈਠਦਾ ਹੈ, ਗੱਲਬਾਤ ਕਰਦਾ ਹੈ, ਚਾਹ ਪਾਣੀ ਪੀਂਦਾ ਹੈ ਤਾਂ ਖ਼ੁਸ਼ੀ ਹੁੰਦੀ ਹੈ। ਜਦ ਉੱਠ ਕੇ ਜਾਣ ਲਗਦਾ ਹੈ ਤਾਂ ‘ਜੀ ਆਇਆਂ’ ਵਾਲਾ ਕਾਰਡ ਉਸ ਨੂੰ ਫੜਾ ਦਿੰਦਾ ਹਾਂ। ਕਾਰਡ ਦੀ ਸਤਰ ਪੜ੍ਹਦੇ ਸਾਰ ਉਸ ਦੇ ਚਿਹਰੇ ’ਤੇ ਖ਼ੁਸ਼ੀ ਦੀ ਲਹਿਰ ਫਿਰ ਜਾਂਦੀ ਹੈ ਅਤੇ ਖ਼ੁਸ਼ੀਆਂ ਦੀ ਲੱਪ ਲੈ ਕੇ ਉਹ ਮੁਸਕਰਾਉਂਦਾ ਹੈ, ਹੱਥ ਜੋੜ ਕੇ ਧੰਨਵਾਦ ਕਰਦਾ ਹੈ ਅਤੇ ਗੋਡਿਆਂ ਨੂੰ ਹੱਥ ਲਾਉਂਦਾ ਹੈ।
ਤੁਹਾਡੇ ਵਾਸਤੇ ਵੀ ਇਕ ਲੱਪ ਖ਼ੁਸ਼ੀਆਂ ਦੀ ਰੱਖੀ ਹੋਈ ਹੈ।...
ਸੰਪਰਕ: 62802-58057