ਸਲੰਘ ’ਤੇ ਟੰਗੀ ਲਾਲਟੈਣ
ਅੱਜ ਕੁਝ ਚੀਜ਼ਾਂ ਭਾਵੇਂ ਬਹੁਤ ਹੀ ਸਾਧਾਰਨ ਲਗਦੀਆਂ ਹਨ, ਸਗੋਂ ਲੰਮੇ ਸਮੇਂ ਤੱਕ ਆਮ ਵਰਤੋਂ ਦੀਆਂ ਵਸਤਾਂ ਬਣੀਆਂ ਰਹਿਣ ਮਗਰੋਂ ਵਕਤ ਤੇ ਵਿਕਾਸ ਨਾਲ ਆਪਣਾ ਮਹੱਤਵ ਗੁਆ ਕੇ ਸਹਿਜੇ-ਸਹਿਜੇ ਇਤਿਹਾਸ ਦਾ ਅੰਗ ਬਣਦੀਆਂ ਜਾਂਦੀਆਂ ਹਨ, ਤਾਂ ਵੀ ਕਿਸੇ ਜ਼ਮਾਨੇ ਵਿਚ ਸਾਡੇ ਪਿੰਡ ਵਿਚ ਜੀਵਨ ਅਤੇ ਵਿਗਿਆਨ ਤੇ ਤਕਨੀਕ ਦੇ ਨਾਤੇ ਦੀ ਸੋਝੀ ਦੇ ਸਾਧਨਾਂ ਵਜੋਂ ਇਹਨਾਂ ਦੀ ਆਉਂਦ ਦਾ ਵੱਡਾ ਮਹੱਤਵ ਸੀ।
ਸਾਡੇ ਪਿੰਡ ਪਿੱਥੋ ਵਿਚ ਲਾਲਟੈਣ ਪਹਿਲੀ ਵਾਰ ਭਾਈ ਕਾਨ੍ਹ ਸਿੰਘ ਦਾ ਪਰਿਵਾਰ ਲੈ ਕੇ ਆਇਆ ਜਿਸ ਨੂੰ ਉਸ ਸਮੇਂ ਤੱਕ ਕਿਸੇ ਨੇ ਦੇਖਣਾ ਤਾਂ ਕਿਥੋਂ ਸੀ, ਜਿਸ ਬਾਰੇ ਕਿਸੇ ਨੇ ਸੁਣਿਆ ਵੀ ਨਹੀਂ ਸੀ। ਆਪਣੇ ਬਚਪਨ ਵਿਚ ਲਗਭਗ ਸਭ ਘਰਾਂ ਵਿਚ ਮੈਂ ਆਲਿਆਂ ਵਿਚ ਜਾਂ ਦੀਵਟਾਂ ਉੱਤੇ ਜਗਦੇ ਸਰ੍ਹੋਂ ਦੇ ਤੇਲ ਦੇ ਦੀਵੇ ਹੀ ਦੇਖੇ ਸਨ। ਕਈ ਲੋਕ ਦੀਵੇ ਵਿਚ ਮੁੜ-ਮੁੜ ਤੇਲ ਪਾਉਣ ਤੋਂ ਬਚਣ ਲਈ ਅਤੇ ਚਾਨਣ ਨੂੰ ਵਧੀਕ ਚੁੱਕਣਜੋਗ ਬਣਾਉਣ ਲਈ ਕਿਸੇ ਅਧੀਏ-ਪਊਏ ਵਿਚ ਤੇਲ ਪਾ ਕੇ ਤੇ ਉਹਦੇ ਡਾਟ ਜਾਂ ਢੱਕਣ ਵਿਚ ਕੀਤੇ ਛੇਕ ਵਿਚੋਂ ਦੀ ਲੰਮੀ ਬੱਤੀ ਲੰਘਾ ਕੇ ਆਪਣੀ ‘ਤਕਨੀਕੀ ਸਮਰੱਥਾ’ ਸਾਕਾਰ ਕਰ ਲੈਂਦੇ ਸਨ। ਪਹਿਲੀ ਲਾਲਟੈਣ ਆਈ ਤਾਂ ਪਿੰਡ ਵਿਚ ਰੌਲਾ ਪੈ ਗਿਆ ਕਿ ਨਾਭੇ ਵਾਲੇ ਇਹੋ ਜਿਹਾ ਦੀਵਾ ਲਿਆਏ ਹਨ ਜੋ ਵਗਦੀ ਹਵਾ ਵਿਚ ਵੀ ਬੁਝਦਾ ਨਹੀਂ!
ਅੱਲਾਦੀਨ ਦੇ ਚਿਰਾਗ਼ ਵਰਗੇ ਇਸ ਜਾਦੂਈ ਦੀਵੇ ਦੇ ਦਰਸ਼ਨਾਂ ਦੀ ਪਿੰਡ ਵਾਲਿਆਂ ਦੀ ਉਤਾਵਲਤਾ ਦੇ ਜਵਾਬ ਵਿਚ, ਉਹਨਾਂ ਦਾ ਜੋ ਕੋਈ ਵੀ ਸੀ, ਉਹਨੇ ਹੱਸ ਕੇ ਕਿਹਾ, ਦਿਨੇ ਦੇਖੇ ਤੋਂ ਸੁਆਦ ਨਹੀਂ ਆਉਣਾ, ਨ੍ਹੇਰਾ ਹੋਏ ਤੋਂ ਦਿਖਾਵਾਂਗੇ। ਸਬੱਬ ਨਾਲ ਉਹਨਾਂ ਦੇ ਘਰ ਦੇ ਨਾਲ ਬਹੁਤ ਖੁੱਲ੍ਹੀ ਸ਼ਾਮਲਾਟੀ ਥਾਂ ਸੀ ਜੋ ਮੇਰੇ ਵੱਡਾ ਹੋਣ ਤੱਕ ਵੀ ਖਾਲੀ ਹੀ ਪਈ ਹੁੰਦੀ ਸੀ। ਕ੍ਰਿਸ਼ਮਾ ਦੇਖਣ ਲਈ ਜੁੜੀ ਭੀੜ ਸਾਹਮਣੇ ਉੱਚੀ ਥਾਂ ਉੱਤੇ ਖਲੋਤੇ ਉਹਨਾਂ ਦੇ ਨੌਕਰ ਨੇ ਉਸ ਛਿਣ ਨੂੰ ਵਧੀਕ ਨਾਟਕੀ ਬਣਾਉਣ ਵਾਸਤੇ ਲਾਲਟੈਣ ਸਲੰਘ ਦੇ ਸਿੰਗੜ ਵਿਚ ਪਾ ਕੇ ਹੋਰ ਉੱਚੀ ਚੁੱਕ ਦਿੱਤੀ। ਕਿੰਨਾ ਹੀ ਚਿਰ, ਨਾਇਕਾ ਬਣੀ ਲਾਲਟੈਣ ਮੰਦ-ਮੰਦ ਰੁਮਕਦੀ ਪੌਣ ਵਿਚ ਅਡੋਲ ਚਾਨਣ ਬਖੇਰਦੀ ਰਹੀ, ਨਾਇਕ ਬਣਿਆ ਲਾਲਟੈਣ ਵਾਲਾ ਨੌਕਰ ਲੋਕਾਂ ਦੇ ਅਚੰਭੇ ਦਾ ਆਨੰਦ ਲੈਂਦਾ ਰਿਹਾ ਅਤੇ ਇਸ ਇਤਿਹਾਸਕ ਛਿਣ ਦੇ ਭਾਗੀਦਾਰ ਬਣੇ ਲੋਕ ਦੀਵੇ ਤੋਂ ਲਾਲਟੈਣ ਦੇ ਰੂਪ ਵਿਚ ਆਈ ਕ੍ਰਾਂਤੀ ਦੇ ਪਹਿਲ-ਪਲੇਠੇ ਦਰਸ਼ਕ ਹੋਣ ਦਾ ਮਾਣ ਮਹਿਸੂਸ ਕਰਦੇ ਰਹੇ।
(ਗੁਰਬਚਨ ਸਿੰਘ ਭੁੱਲਰ ਦੀ ਪੁਸਤਕ ‘ਕਲਮ-ਸਿਆਹੀ’ ਵਿਚੋਂ ਧੰਨਵਾਦ ਸਹਿਤ)