ਜ਼ਮੀਨੀ ਵਿਵਾਦ: ਘਰ ’ਤੇ ਹਮਲਾ ਕਰਨ ਵਾਲੇ ਤਿੰਨ ਹੋਰ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਸ਼ਾਹਕੋਟ, 3 ਸਤੰਬਰ
ਪਿੰਡ ਪਿੱਪਲੀ ਦੇ ਇਕ ਘਰ ਉੱਪਰ ਹਮਲਾ ਕਰਨ ਵਾਲੇ ਮੁਲਜ਼ਮਾਂ ਵਿੱਚੋਂ ਤਿੰਨ ਹੋਰ ਮੁਲਜ਼ਮਾਂ ਨੂੰ ਲੋਹੀਆਂ ਖਾਸ ਦੀ ਪੁਲੀਸ ਨੇ ਕਹੀਆਂ ਦੇ ਦਸਤਿਆਂ ਸਮੇਤ ਗ੍ਰਿਫਤਾਰ ਕੀਤਾ ਹੈ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ 3 ਅਗਸਤ ਨੂੰ ਥਾਣਾ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਪਿੱਪਲੀ ਵਿੱਚ ਕਿਸਾਨ ਬਲਵਿੰਦਰ ਸਿੰਘ ਦੇ ਘਰ ਉੱਪਰ 100 ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਹਮਲੇ ਦੌਰਾਨ ਮੁਲਜ਼ਮਾਂ ਨੇ ਘਰ ਦੇ ਮਾਲਕ ਬਲਵਿੰਦਰ ਸਿੰਘ ਤੇ ਉਸਦੀ ਪਤਨੀ ਕਸ਼ਮੀਰ ਨੂੰ ਗੰਭੀਰ ਜ਼ਖਮੀ ਕਰਦਿਆਂ ਘਰ ਦੀ ਭੰਨ-ਤੋੜ ਕਰਦਿਆਂ ਘਰ ਦਾ ਬਹੁਤ ਸਾਰਾ ਸਮਾਨ ਵੀ ਚੋਰੀ ਕਰ ਲਿਆ ਸੀ। ਘਟਨਾ ਦੀ ਜਾਂਚ ਦੌਰਾਨ ਮਾਮਲਾ ਜ਼ਮੀਨੀ ਵਿਵਾਦ ਦਾ ਨਿਕਲਿਆ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਹੀਰਾ ਸਿੰਘ ਅਤੇ ਜਗਜੀਤ ਸਿੰਘ ਪੁੱਤਰਾਨ ਸਵਰਨ ਸਿੰਘ ਦੀ ਪਿੰਡ ਪਿੱਪਲੀ ਵਿੱਚ 9 ਏਕੜ 15 ਕਨਾਲ ਜ਼ਮੀਨ ਹੈ ਜਿਸ ਨੂੰ ਦਾਰਾ ਸਿੰਘ ਤੇ ਦਰਬਾਰਾ ਸਿੰਘ ਵਾਸੀ ਤਲਵੰਡੀ ਬੂਟੀਆਂ ਨੇ ਖਰੀਦ ਲਿਆ। ਦਾਰਾ ਸਿੰਘ ਨੇ ਜ਼ਮੀਨ ਦਾ ਕਬਜ਼ਾ ਲੈਣ ਲਈ ਗੈਂਗਸਟਰ ਅਮਨਦੀਪ ਸਿੰਘ ਉਰਫ ਅਮਨਾ ਵਾਸੀ ਤਲਵਣ ਥਾਣਾ ਬਿਲਗਾ ਨਾਲ ਤਿੰਨ ਲੱਖ ਰੁਪਏ ਵਿੱਚ ਸੌਦਾ ਕਰ ਲਿਆ। ਉਕਤ ਗੈਗਸਟਰ ਨੇ ਹੀ 100 ਤੋਂ ਵੱਧ ਹਥਿਆਰਬੰਦ ਨੌਜਵਾਨਾਂ ਨੂੰ ਲਿਜਾ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਕਤ ਘਟਨਾ ਵਿੱਚ ਸ਼ਾਮਿਲ ਕਈ ਮੁਲਜ਼ਮਾਂ ਨੂੰ ਤਾਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਫਰਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਹੋਈ ਮੁਹਿੰਮ ਤਹਿਤ ਹੁਣ ਮਨਦੀਪ ਸਿੰਘ ਵਾਸੀ ਬਿੱਲੀ ਚਾਹਰਮੀ, ਪਰਦੀਪ ਸਿੰਘ ਵਾਸੀ ਅਕਬਰਪੁਰ ਕਲਾਂ ਅਤੇ ਹਰਪ੍ਰੀਤ ਸਿੰਘ ਵਾਸੀ ਨੂਰਪੁਰ ਚੱਠਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।