ਜ਼ਮੀਨੀ ਵਿਵਾਦ: ਗਰਭਵਤੀ ਪਤਨੀ ਸਣੇ ਟੈਂਕੀ ’ਤੇ ਚੜ੍ਹਿਆ ਕਿਸਾਨ
ਸ਼ਗਨ ਕਟਾਰੀਆ
ਜੈਤੋ, 8 ਅਗਸਤ
ਜ਼ਮੀਨੀ ਵਿਵਾਦ ’ਚ ਪ੍ਰਸ਼ਾਸਨ ਦੀ ਭੂਮਿਕਾ ਤੋਂ ਦੁਖੀ ਪਿੰਡ ਸੇਵੇਵਾਲਾ ਦੇ ਰਹਿਣ ਵਾਲੇ ਪਤੀ-ਪਤਨੀ ਅੱਜ ਪਿੰਡ ਵਿਚਲੇ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹ ਗਏ। ਰੱਫੜ ਜ਼ਮੀਨ ਦੇ ਇੰਤਕਾਲ ਦਾ ਦੱਸਿਆ ਗਿਆ ਹੈ। ਕਿਸਾਨ ਗੁਰਪ੍ਰੀਤ ਸਿੰਘ ਅਤੇ ਉਸ ਦੀ ਗਰਭਵਤੀ ਜੀਵਨ ਸਾਥਣ ਰਮਨਪ੍ਰੀਤ ਕੌਰ ਇਕੱਠਿਆਂ ਟੈਂਕੀ ’ਤੇ ਚੜ੍ਹੇ। ਉਨ੍ਹਾਂ ਦੇ ਹੱਥਾਂ ’ਚ ਪੈਟਰੋਲ ਦੀਆਂ ਬੋਤਲਾਂ ਵੀ ਸਨ। ਕਾਰਵਾਈ ਦਾ ਪਤਾ ਲੱਗਦਿਆਂ ਹੀ ਨਾਇਬ ਤਹਿਸੀਲਦਾਰ ਜੈਤੋ ਰਣਜੀਤ ਸਿੰਘ ਖਹਿਰਾ ਅਤੇ ਡੀਐੱਸਪੀ ਜੈਤੋ ਸੁਖਦੀਪ ਸਿੰਘ ਸਣੇ ਥਾਣਾ ਜੈਤੋ ਦੇ ਮੁਖੀ ਵੀ ਟੈਂਕੀ ਕੋਲ ਪੁੱਜੇ। ਉਧਰ, ਟੈਂਕੀ ’ਤੇ ਚੜ੍ਹੇ ਗੁਰਪ੍ਰੀਤ ਸਿੰਘ ਦੇ ਬਾਕੀ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਦੇ ਨਾਲ ਟੈਂਕੀ ਨੇੜਿਓਂ ਗੁਜ਼ਰਦੀ ਬਠਿੰਡਾ-ਅੰਮ੍ਰਿਤਸਰ ਰੋਡ ’ਤੇ ਧਰਨਾ ਲਾ ਕੇ ਜਾਮ ਕਰ ਦਿੱਤਾ ਗਿਆ। ਗੁਰਪ੍ਰੀਤ ਵਾਰ-ਵਾਰ ਚਿਤਾਵਨੀ ਦੇ ਰਿਹਾ ਸੀ ਕਿ ਜੇ ਉਸ ਨਾਲ ‘ਧੱਕੇਸ਼ਾਹੀ’ ਨਾ ਰੋਕੀ ਗਈ ਤਾਂ ਉਹ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਾ ਲਵੇਗਾ।
ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਗੁਰਪ੍ਰੀਤ ਤੱਕ ਪਹੁੰਚ ਕਰਕੇ ਮਾਮਲਾ ਸੁਣਿਆ ਅਤੇ ਇਨਸਾਫ਼ ਦਾ ਭਰੋਸਾ ਦੁਆਇਆ। ਭਰੋਸਾ ਮਿਲਣ ’ਤੇ ਪਤੀ-ਪਤਨੀ ਟੈਂਕੀ ਤੋਂ ਹੇਠਾਂ ਆ ਗਏ ਅਤੇ ਮਗਰੋਂ ਸੜਕੀ ਆਵਾਜਾਈ ਤੋਂ ਧਰਨਾ ਚੁੱਕ ਕੇ ਆਵਾਜਾਈ ਵੀ ਬਹਾਲ ਕਰਵਾ ਦਿੱਤੀ ਗਈ।