ਗੁਰੂ ਨਾਨਕ ਕਾਲਜ ’ਚ ਦੀਵੇ ਬਣਾਉਣ ਦਾ ਮੁਕਾਬਲਾ
ਪੱਤਰ ਪ੍ਰੇਰਕ
ਦੋਰਾਹਾ, 30 ਅਕਤੂਬਰ
ਇੱਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਯੂਥ ਕਲੱਬ ਅਤੇ ਰੈੱਡ ਰਿਬਨ ਕਲੱਬ ਵੱਲੋਂ ਦੀਵਾਲੀ ਦੇ ਤਿਉਹਾਰ ਸਬੰਧੀ ‘ਦੀਵੇ ਮੇਕਿੰਗ ਫਾਰ ਚੈਰਿਟੀ’ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਬੰਧੀ ਡਾ. ਲਵਲੀਨ ਬੈਂਸ ਅਤੇ ਪ੍ਰੋ. ਅਮਨਦੀਪ ਕੌਰ ਚੀਮਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਪੁਰਾਣੇ ਅਤੇ ਫਾਲਤੂ ਸਾਮਾਨ ਤੋਂ ਵੰਨ-ਸੁਵੰਨੇ ਅਤੇ ਆਕਰਸ਼ਕ ਦੀਵੇ ਬਣਾਏ ਜਿਸ ਦੌਰਾਨ ਸਰਿਤਾ ਨੇ ਪਹਿਲਾ, ਖੁਸ਼ੀ ਨੇ ਦੂਜਾ ਅਤੇ ਹਰਜੋਤ ਸਿੰਘ ਤੇ ਲਵਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨਵਨੀਤ ਕੌਰ, ਲਵਲੀਨ ਕੌਰ, ਕੋਮਲ ਸ਼ਰਮਾ ਅਤੇ ਰਮਨਦੀਪ ਕੌਰ ਨੇ ਹੌਂਸਲਾਵਧਾਊ ਇਨਾਮ ਹਾਸਲ ਕੀਤਾ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਬਣਾਏ ਦੀਵਿਆਂ ਦੀ ਕਾਲਜ ਵਿੱਚ ਪ੍ਰਦਰਸ਼ਨੀ ਵੀ ਲਾਈ ਗਈ ਜਿਨ੍ਹਾਂ ਨੂੰ ਚਾਹਵਾਨ ਵਿਦਿਆਰਥੀਆਂ ਵੱਲੋਂ ਖਰੀਦਿਆ ਗਿਆ। ਇਸ ਰਕਮ ਨੂੰ ਵਿਦਿਆਰਥੀਆਂ ਨੇ ਲੋੜਵੰਦਾਂ ਦੀ ਸਹਾਇਤਾ ਵਜੋਂ ਵਰਤਿਆ। ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ, ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ, ਪ੍ਰੋ. ਦੀਪਾਲੀ ਅਰੋੜਾ, ਜਸਪ੍ਰੀਤ ਕੌਰ ਤੇ ਰਾਜਦੀਪ ਕੌਰ ਨੇ ਵਿਦਿਆਰਥੀਆਂ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ।