ਲੱਖ ਓਟ ਹੈ ਕੋਲ ਵਸੇਂਦਿਆਂ ਦੀ...
ਪ੍ਰੋ. ਪ੍ਰੀਤਮ ਸਿੰਘ
ਭਰਾਵਾਂ ਦੇ ਰਿਸ਼ਤੇ ਦੀ ਥਾਹ ਪਾਉਣੀ ਸੌਖੀ ਨਹੀਂ ਹੈ। ਵਾਰਿਸ ਸ਼ਾਹ ਨੇ ਲਿਖਿਆ ਹੈ: ‘ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈ ਗਿਆਂ ਜੇਡੀ ਕੋਈ ਹਾਰ ਨਾਹੀ।’ ਮੇਰੇ ਵੱਡੇ ਭਰਾ ਗੁਰਨਾਇਬ ਸਿੰਘ ਗਿੱਲ ਜਿਨ੍ਹਾਂ ਦਾ 85 ਸਾਲ ਦੀ ਉਮਰ ਵਿਚ ਲੰਘੀ 30 ਜੁਲਾਈ ਨੂੰ ਦੇਹਾਂਤ ਹੋ ਗਿਆ, ਨੇ ਪੰਜਾਬ ਦੇ ਸਮਕਾਲੀ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਇਤਿਹਾਸ ਦੇ ਬਹੁਤ ਉਤਰਾਅ ਚੜ੍ਹਾਅ ਦੇਖੇ ਸਨ। ਪਰਿਵਾਰ ਵਿਚ ਅਸੀਂ ਪੰਜ ਭਰਾ ਅਤੇ ਪੰਜ ਭੈਣਾਂ ਸ਼ਾਮਲ ਸਾਂ। ਸਾਡੀ ਜ਼ਮੀਨ ਦੋ ਪਿੰਡਾਂ ਦੇ ਰਕਬੇ ਵਿਚ ਪੈਂਦੀ ਸੀ ਜਿਸ ਕਰ ਕੇ ਪਿਤਾ ਜੀ ਨੇ ਦੂਜੇ ਪਿੰਡ ਦੀ ਪੈਲੀ ਦੀ ਦੇਖ ਰੇਖ ਦੀ ਸਾਰੀ ਜਿ਼ੰਮੇਵਾਰੀ ਸਾਡੇ ਵੱਡੇ ਭਰਾ ਗੁਰਨਾਇਬ ਸਿੰਘ ਨੂੰ ਸੌਂਪ ਦਿੱਤੀ। ਉਦੋਂ ਉਸ ਦੀ ਉਮਰ ਮਸਾਂ 19 ਸਾਲ ਸੀ। ਅਜੋਕੇ ਸਮਿਆਂ ਵਿਚ ਇਹ ਗੱਲ ਅਣਹੋਣੀ ਜਿਹੀ ਲਗਦੀ ਹੈ ਕਿ ਐਡੀ ਜਿ਼ੰਮੇਵਾਰੀ ਕਿਸੇ ਗਭਰੇਟ ਨੂੰ ਕਿਵੇਂ ਸੌਂਪੀ ਜਾ ਸਕਦੀ ਹੈ ਪਰ ਇਸ ਦਾ ਵੀ ਇਕ ਆਪਣਾ ਤਰਕ ਸੀ।
ਪੇਂਡੂ ਜਿ਼ੰਦਗੀ ਦਾ ਵੱਖਰਾ ਹੀ ਅੰਦਾਜ਼ ਤੇ ਮਜ਼ਾ ਹੁੰਦਾ ਹੈ ਪਰ ਇਸ ਦੇ ਨਾਲ ਹੀ ਇਸ ਵਿਚ ਹਸਦ ਤੇ ਵੈਰ ਵਿਰੋਧ ਦਾ ਦਖ਼ਲ ਵੀ ਹੁੰਦਾ ਹੈ ਜੋ ਕਦੀ ਕਦਾਈਂ ਛੋਟੀ ਜਿਹੀ ਗੱਲ ਤੋਂ ਸ਼ੁਰੂ ਹੋ ਕੇ ਜਾਨ ਦਾ ਖੌਅ ਬਣ ਜਾਂਦਾ ਹੈ। ਗੁਰਨਾਇਬ ਸਿੰਘ ਨੂੰ ਜਿ਼ੰਦਗੀ ਭਰ, ਖ਼ਾਸਕਰ ਉਸ ਪਿੰਡ ਦੇ ਦੂਜੇ ਜਿ਼ਮੀਂਦਾਰਾਂ ਦੀ ਈਰਖਾ ਕਰ ਕੇ ਅਜਿਹੇ ਕਈ ਤਜਰਬੇ ਹੋਏ ਸਨ। ਜਿਸ ਤਰ੍ਹਾਂ ਉਸ ਨੇ ਨਵੇਂ ਪਿੰਡ ਵਿਚ ਆਪਣਾ ਮਜ਼ਬੂਤ ਗੱਠਜੋੜ ਕਾਇਮ ਕੀਤਾ ਸੀ, ਉਸ ਤੋਂ ਪਤਾ ਲੱਗਦਾ ਸੀ ਕਿ ਪੰਜਾਬ ਦੇ ਪੇਂਡੂ ਸਮਾਜ ਅੰਦਰ ਕਿਹੋ ਜਿਹੇ ਜਾਤੀ ਤੇ ਜਮਾਤੀ ਪਹਿਲੂ ਕੰਮ ਕਰਦੇ ਹਨ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਦੂਜੇ ਜਿ਼ਮੀਂਦਾਰਾਂ ਨਾਲ ਉਸ ਦੀ ਦਾਲ ਨਹੀਂ ਗਲ਼ ਸਕੇਗੀ ਜਿਸ ਕਰ ਕੇ ਉਸ ਨੇ ਬੇਜ਼ਮੀਨੇ ਕਿਸਾਨਾਂ ਨਾਲ ਦੋਸਤੀ ਦਾ ਮਜ਼ਬੂਤ ਰਿਸ਼ਤਾ ਕਾਇਮ ਕੀਤਾ। ਹਰਨਾਮ, ਹਰਨੇਕ ਤੇ ਪ੍ਰੀਤੂ- ਮੈਨੂੰ ਉਨ੍ਹਾਂ ’ਚੋਂ ਕਈਆਂ ਦੇ ਨਾਂ ਯਾਦ ਹਨ ਜੋ ਉਸ ਨਾਲ ਸੀਰ ਹੀ ਨਹੀਂ ਕਰਦੇ ਸਨ ਸਗੋਂ ਉਸ ਦੇ ਪੱਕੇ ਯਾਰ ਵੀ ਸਨ। ਮੈਂ ਆਪਣੇ ਨਿੱਜੀ ਤਜਰਬੇ ਤੋਂ ਕਹਿ ਸਕਦਾ ਹਾਂ ਕਿ ਪੰਜਾਬ ਦੇ ਜੱਟ ਸਿੱਖ-ਮਜ਼੍ਹਬੀ ਸਿੱਖ ਰਿਸ਼ਤੇ ਬਹੁਤ ਜਟਿਲ ਹਨ ਹਾਲਾਂਕਿ ਕੁਝ ਲੇਖਕਾਂ ਨੇ ਇਨ੍ਹਾਂ ਨੂੰ ਟਕਰਾਅ ਦੀ ਇਕ ਵੰਨਗੀ ਤੱਕ ਹੀ ਸੀਮਤ ਕਰ ਦਿੱਤਾ ਹੈ। ਆਰਥਿਕ ਅਸਮਾਨਤਾ ਦੇ ਬਾਵਜੂਦ ਗੁਰਨਾਇਬ ਆਪਣੇ ਮਜ਼੍ਹਬੀ ਸਿੱਖ ਕਾਮਿਆਂ ਨਾਲ ਸਾਂਝ ਦੇ ਜਿਨ੍ਹਾਂ ਸਮਾਜਿਕ ਅਤੇ ਸਭਿਆਚਾਰਕ ਪੱਧਰਾਂ ਵਿਚ ਵਿਚਰਦਾ ਸੀ, ਉਸ ਵਿਚ ਇਕੱਠੇ ਖਾਣ ਪੀਣ ਜਿਹੀਆਂ ਸਾਂਝਾਂ ਦਾ ਨਿਚੋੜ ਰਲਿਆ ਹੋਇਆ ਸੀ। ਉਸ ਦੇ ਇਸ ਅਨੁਭਵ ਦਾ ਮੇਰੇ ’ਤੇ ਬਹੁਤ ਅਸਰ ਪਿਆ ਅਤੇ ਇਸ ਨਾਲ ਮੈਨੂੰ ਪੰਜਾਬ ਦੇ ਪੇਂਡੂ ਸਮਾਜ ਦੇ ਜਾਤੀ ਜਮਾਤੀ ਰਿਸ਼ਤਿਆਂ ਨੂੰ ਸਮਝਣ ਵਿਚ ਮਦਦ ਮਿਲੀ।
ਉਨ੍ਹਾਂ ਦਾ ਪਸ਼ੂਆਂ ਨਾਲ ਵੀ ਬਹੁਤ ਮੋਹ ਸੀ। ਉਨ੍ਹ੍ਵਾਂ ਕੋਲ ਬਲਦਾਂ ਦੀ ਜੋੜੀ ਹੁੰਦੀ ਸੀ। ਹੌਲੀ ਹੌਲੀ ਟਰੈਕਟਰਾਂ ਦਾ ਰੁਝਾਨ ਵਧਣ ਕਰ ਕੇ ਸਾਡੇ ਸਮਾਜ ਵਿਚ ਪਸ਼ੂਆਂ ਨਾਲ ਮੋਹ ਦੀ ਤੰਦ ਕਮਜ਼ੋਰ ਪੈਂਦੀ ਚਲੀ ਗਈ। ਪਿਤਾ ਜੀ ਰਾਜਸਥਾਨ ਵਿਚ ਨਾਗੌਰ ਦੀ ਪਸ਼ੂ ਮੰਡੀ ਤੋਂ ਬਲਦ ਖਰੀਦ ਕੇ ਲਿਆਏ ਸਨ ਜੋ ਬਹੁਤ ਹੀ ਦਿਲਕਸ਼ ਅਤੇ ਮਹਿੰਗੇ ਹੁੰਦੇ ਸਨ। ਬਲਦਾਂ ਦੇ ਦਮ ਖ਼ਮ ਅਤੇ ਛੱਬ ਦੀਆਂ ਗੱਲਾਂ ਆਸ ਪਾਸ ਦੇ ਪਿੰਡਾਂ ਵਿਚ ਹੁੰਦੀਆਂ ਸਨ। ਗੁਰਨਾਇਬ ਨੇ ਬਲਦਾਂ ਦੀ ਉਸ ਜੋੜੀ ਨੂੰ ਐਨਾ ਪਿਆਰ ਤੇ ਤਨਦੇਹੀ ਨਾਲ ਪਾਲਿਆ ਪਲੋਸਿਆ ਕਿ ਉਨ੍ਹਾਂ ਦਾ ਗੂੜ੍ਹਾ ਰਿਸ਼ਤਾ ਕਾਇਮ ਹੋ ਗਿਆ। ਬਲਦ ਵੀ ਉਸ ਦੇ ਇਕ ਇਸ਼ਾਰੇ ’ਤੇ ਕੰਨ ਖੜ੍ਹੇ ਕਰ ਲੈਂਦੇ ਸਨ। ਉਸ ਜੋੜੀ ਨੇ ਤਾਉਮਰ ਸਾਡੇ ਖੇਤ ਵਾਹੇ ਸੰਵਾਰੇ ਸਨ ਅਤੇ ਜਦੋਂ ਉਮਰ ਅਤੇ ਸਰੀਰਕ ਬਲ ਨਾ ਰਿਹਾ ਤਾਂ ਉਨ੍ਹਾਂ ਅੰਤਮ ਸਾਹ ਵੀ ਉੱਥੇ ਹੀ ਲਏ; ਤੇ ਜਦੋਂ ਬਲਦ ਮਰੇ ਤਾਂ ਸਾਰੇ ਪਰਿਵਾਰ ਖ਼ਾਸਕਰ ਗੁਰਨਾਇਬ ਸਿੰਘ ਸੋਗ ਵਿਚ ਡੁੱਬ ਗਿਆ ਸੀ।
ਪੰਜਾਬ ਦੀ ਖੇਤੀਬਾੜੀ ਦੇ ਰਸਾਇਣੀ-ਸਨਅਤੀਕਰਨ ਦੇ ਸ਼ੁਰੂਆਤੀ ਪੜਾਅ ਬਾਰੇ ਗੁਰਨਾਇਬ ਦੀਆਂ ਕੁਝ ਟਿੱਪਣੀਆਂ ਅਜੇ ਵੀ ਮੇਰੇ ਚੇਤਿਆਂ ਵਿਚ ਵੱਸੀਆਂ ਹੋਈਆਂ ਹਨ। ਉਨ੍ਹਾਂ ਮੈਨੂੰ ਦੱਸਿਆ ਸੀ ਕਿ ਅਖੌਤੀ ਹਰੇ ਇਨਕਲਾਬ ਦੇ ਸ਼ੁਰੂਆਤੀ ਦਿਨਾਂ ਵਿਚ ਪੰਛੀ ਰਸਾਇਣਕ ਖਾਦਾਂ ਨੂੰ ਦਾਣੇ ਜਾਣ ਕੇ ਖਾ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਜਦੋਂ ਉਨ੍ਹਾਂ ਰਸਾਇਣਕ ਖਾਦ ਵਰਤੀ ਸੀ ਤਾਂ ਦੂਜੀ ਸਵੇਰ ਖੇਤਾਂ ਵਿਚ ਜਾ ਕੇ ਦੇਖਿਆ ਕਿ ਥਾਂ-ਥਾਂ ਚਿੜੀਆਂ ਮਰੀਆਂ ਪਈਆਂ ਸਨ। ਇਸ ਦੁੱਖ ਕਾਰਨ ਉਹ ਕਈ ਦਿਨ ਬਿਮਾਰ ਪਏ ਰਹੇ; ਉਨ੍ਹਾਂ ਖੇਤੀ ਛੱਡਣ ਬਾਰੇ ਵੀ ਸੋਚ ਲਿਆ ਸੀ, ਫਿਰ ਆਰਥਿਕ ਲਾਭ ਦਾ ਤਰਕ ਭਾਰੂ ਪੈ ਗਿਆ ਤੇ ਹੌਲੀ ਹੌਲੀ ਇਨ੍ਹਾਂ ਜ਼ਹਿਰਾਂ ਨੇ ਪੰਜਾਬ ਦੇ ਆਬੋ-ਹਵਾ ਦੇ ਹਰ ਅੰਗ ਤੱਕ ਰਸਾਈ ਕਰ ਲਈ; ਅੱਜ ਇਸ ਦੇ ਖੌਫ਼ਨਾਕ ਨਤੀਜੇ ਸਾਡੇ ਸਭਨਾਂ ਦੇ ਸਾਹਮਣੇ ਹਨ। ਭਾਈ ਸਾਬ੍ਹ ਨੂੰ ਇਹ ਗੱਲ ਕਦੇ ਨਾ ਭੁੱਲੀ ਕਿ ਇਸ ਤੋਂ ਪਹਿਲਾਂ ਦੇ ਦੌਰ ਵਿਚ ਪੰਜਾਬ ਦੀ ਖੇਤੀਬਾੜੀ ਇਸ ਦੀ ਜ਼ਮੀਨ, ਅਵਾਮ, ਪਸ਼ੂ ਪੰਛੀਆਂ ਸਭਨਾਂ ਦੀ ਬਹਬਿੂਤੀ ਲਈ ਸਹਾਈ ਹੁੰਦੀ ਸੀ।
ਇਕ ਵਾਰ ਮੈਂ ਸੋਚਿਆ ਸੀ ਕਿ ਹਰੇ ਇਨਕਲਾਬ ਤੋਂ ਪਹਿਲਾਂ ਖੇਤੀ ਕਰਨ ਵਾਲੇ ਗੁਰਨਾਇਬ ਸਿੰਘ ਜਿਹੇ ਪੰਜਾਬ ਦੇ ਕਿਸਾਨਾਂ ਦੇ ਪੁਰਾਣੇ ਤਜਰਬਿਆਂ ਦਾ ਸੰਗ੍ਰਹਿ ਕਰ ਕੇ ਵਿਆਪਕ ਸਰਵੇਖਣ ਕੀਤਾ ਜਾਵੇ। ਮੈਨੂੰ ਅਫ਼ਸੋਸ ਹੈ ਕਿ ਮੈਂ ਇਸ ਖਿਆਲ ’ਤੇ ਅਗਾਂਹ ਕੰਮ ਨਾ ਕਰ ਸਕਿਆ ਅਤੇ ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਥੋਂ ਨਾ ਕੇਵਲ ਆਪਣਾ ਸਤਿਕਾਰਤ ਤੇ ਪਿਆਰਾ ਵੱਡਾ ਭਰਾ ਵਿੱਛੜ ਗਿਆ ਹੈ ਸਗੋਂ ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬ ਦੇ ਬੇਸ਼ਕੀਮਤੀ ਗਿਆਨ ਅਤੇ ਅਨੁਭਵ ਦਾ ਵੱਡਾ ਖ਼ਜ਼ਾਨਾ ਵੀ ਗੁਆ ਲਿਆ ਹੈ।
*ਪ੍ਰੋਫੈਸਰ ਐਮੇਰਿਟਸ, ਆਕਸਫੋਰਡ ਬਰੂਕਸ ਬਿਜ਼ਨਸ ਸਕੂਲ, ਆਕਸਫੋਰਡ (ਯੂਕੇ)।
ਸੰਪਰਕ: 44-7922-657957