ਲੇਡੀਮਿੰਟਨ ਦੇ ਸੂਟ ਵਾਲਾ ਨਾਟਕ
ਸੁਰਿੰਦਰ ਸ਼ਰਮਾ ਨਾਗਰਾ
ਦੇਸ਼ ਆਜ਼ਾਦ ਹੋਏ ਨੂੰ ਅਜੇ ਬਹੁਤੇ ਸਾਲ ਨਹੀਂ ਹੋਏ ਸਨ। ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਪਰਵਾਨਿਆਂ ਦੀਆਂ ਕਥਾ,ਕਹਾਣੀਆਂ ਤੇ ਕਵੀਸ਼ਰੀਆਂ ਵਿੱਚ ਆਮ ਚਰਚਾ ਹੁੰਦੀ ਰਹਿੰਦੀ ਸੀ। ਕਮਿਊਨਿਸਟ ਲਹਿਰ ਜ਼ੋਰ ਫੜ ਚੁੱਕੀ ਸੀ। ਪਿੰਡਾਂ,ਕਸਬਿਆਂ ਤੇ ਛੋਟੇ ਸ਼ਹਿਰਾਂ ਵਿੱਚ ਆਧਾਰ ਬਣਾਉਣ ਲਈ ਕਾਮਰੇਡ ਡਰਾਮਿਆਂ ਦਾ ਪ੍ਰਦਰਸ਼ਨ ਆਮ ਹੀ ਕਰਦੇ ਰਹਿੰਦੇ ਸਨ। ਉਨ੍ਹਾਂ ਡਰਾਮਿਆਂ ਵਿੱਚ ਸਮਾਜਿਕ ਬੁਰਾਈਆਂ ਖ਼ਿਲਾਫ਼ ਤੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਯੋਧਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਸੀ। ਕੋਈ ਵੀ ਅਜਿਹਾ ਪ੍ਰੋਗਰਾਮ ਹੁੰਦਾ ਤਾਂ ਲੋਕ ਜੁੜ ਕੇ ਬੈਠਦੇ ਤੇ ਧਿਆਨ ਨਾਲ ਪ੍ਰੋਗਰਾਮ ਸੁਣਦੇ।
ਇਹ ਸ਼ਾਇਦ 1964 ਦੀ ਗੱਲ ਹੈ। ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਪੇਂਡੂ ਰਹਿਣ-ਸਹਿਣ ਕਰਕੇ ਕਾਫ਼ੀ ਹੁੰਦੜਹੇਲ਼ ਸੀ। ਇੱਕ ਦਿਨ ਮੇਰੇ ਚਾਚਾ ਜੀ, ਜਿਹੜੇ ਨਾਭੇ ਜੇਬੀਟੀ ਦਾ ਕੋਰਸ ਕਰਦੇ ਸਨ, ਨੇ ਦੱਸਿਆ ਕਿ ਭਲਕੇ ਕਾਮਰੇਡਾਂ ਦੀ ਟੋਲੀ ਪਿੰਡ ’ਚ ਡਰਾਮਾ ਖੇਡਣ ਆ ਰਹੀ ਹੈ। ਮੇਰੇ ਚਾਚਾ ਜੀ ਤੇ ਉਨ੍ਹਾਂ ਦੇ ਜਮਾਤੀ ਵੀ ਪਿੰਡ ਪੱਧਰ ਤੇ ਨਾਟਕ ਵਗੈਰਾ ਖੇਡਦੇ ਰਹਿੰਦੇ ਸਨ ਇਸ ਲਈ ਇੰਤਜ਼ਾਮ ਕਰਨ ਦੀ ਜਿੰਮੇਵਾਰੀ ਉਨ੍ਹਾਂ ਦੀ ਸੀ। ਉਨ੍ਹਾਂ ਤਖਤਪੋਸ਼, ਗੈਸ ਲਾਲਟੈਣ, ਪਰਦਿਆਂ ਵਾਸਤੇ ਚਾਦਰਾਂ, ਫੁਲਕਾਰੀਆਂ, ਦਰੀਆਂ ਅਤੇ ਬਾਹਰੋਂ ਆਇਆਂ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਸੀ। ਐਤਵਾਰ ਦਾ ਦਿਨ ਸੀ । ਬੁੱਘੇ ਦੇ ਦਰਵਾਜ਼ੇ ਸਾਹਮਣੇ ਬਹੁਤ ਖੁੱਲ੍ਹਾ ਚੌਗਾਨ ਸੀ, ਉੱਥੇ ਸਟੇਜ ਬਣਾ ਦਿੱਤੀ। ਚਾਰ ਕੁ ਵੱਜਦੇ ਨੂੰ ਕਾਮਰੇਡਾਂ ਦੀ ਟੋਲੀ ਵੀ ਆ ਗਈ। ਉਨ੍ਹਾਂ ਦਮ ਮਾਰਿਆ ਤੇ ਚਾਹ ਪਾਣੀ ਪੀ ਕੇ ਆਪਣੀ ਤਿਆਰੀ ਕਰਨ ਲੱਗੇ। ਪਿੰਡ ਵਿੱਚ ਚੌਕੀਦਾਰ ਤੋਂ ਹੋਕਾ ਦਿਵਾ ਦਿੱਤਾ ਕਿ ਬੁੱਘੇ ਦੇ ਦਰਵਾਜ਼ੇ ਮੂਹਰੇ ਅੱਜ ਰਾਤ ਨੂੰ ਸ਼ਹੀਦ ਭਗਤ ਸਿੰਘ ਦਾ ਡਰਾਮਾ ਖੇਡਿਆ ਜਾਣਾ ਹੈ, ਸਾਰੇ ਹੁੰਮ-ਹੁਮਾ ਕੇ ਪੁੱਜਣ।
ਮਾਘ ਦਾ ਮਹੀਨਾ ਖ਼ਤਮ ਹੋਣ ਜਾ ਰਿਹਾ ਸੀ। ਕਣਕ ਗੋਡੇ ਗੋਡੇ ਹੋ ਗਈ ਸੀ ਤੇ ਆਡਾਂ ਵਿੱਚ ਬੀਜੀ ਸਰ੍ਹੋਂ ਨੂੰ ਪੀਲ਼ੇ ਫੁੱਲ ਪੈਣੇ ਸ਼ੁਰੂ ਹੋ ਚੁੱਕੇ ਸਨ। ਸਵੇਰ ਵੇਲੇ ਕਣਕ ਉਪਰ ਪਈਆਂ ਤ੍ਰੇਲ ਦੀਆਂ ਬੂੰਦਾਂ ਮੋਤੀਆਂ ਵਾਂਗ ਚਮਕਰਹੀਆਂ ਸਨ। ਠੰਢ ਸੀ ਪਰ ਦਿਨੇ ਮੌਸਮ ਮਿੱਠਾ ਮਿੱਠਾ ਸੀ। ਸ਼ਾਮ ਨੂੰ ਗੈਸ ਲਾਲਟੈਣਾਂ ਦਾ ਪ੍ਰਬੰਧ ਹੋ ਗਿਆ, ਤਖਤਪੋਸ਼ਾਂ ਦੇ ਦੋਵੇਂ ਪਾਸੇ ਬਾਂਸ ਗੱਡ ਕੇ ਤੇ ਅੱਗੇ ਫੁਲਕਾਰੀਆਂ ਜੋੜ ਕੇ ਮੁੱਖ ਪਰਦਾ ਟੰਗ ਦਿੱਤਾ ਗਿਆ ਤੇ ਪਿਛਲੇ ਪਾਸੇ ਚਾਦਰਾਂ ਜੋੜ ਕੇ ਲਾ ਦਿੱਤੀਆਂ ਗਈਆਂ ਤਾਂ ਜੋ ਡਰਾਮੇ ਦੇ ਕਿਰਦਾਰ ਆਪਣੀ ਤਿਆਰੀ ਕਰ ਸਕਣ। ਇਸ ਤਰ੍ਹਾਂ ਸਟੇਜ ਬਣ ਗਈ। ਲੋਕ ਆਉਣੇ ਸ਼ੁਰੂ ਹੋ ਗਏ। ਅਸੀਂ ਵੀ ਖੇਸੀ ਦੀ ਬੁੱਕਲ ਮਾਰ ਕੇ ਸਟੇਜ ਦੇ ਮੂਹਰੇ ਬੈਠ ਗਏ। ਟੋਲੀ ਦਾ ਇੰਚਾਰਜ ਮੇਰੇ ਚਾਚਾ ਜੀ ਨਾਲ ਘੁਸਰ-ਮੁਸਰ ਕਰਦਾ ਦਿਖਿਆ।
ਮੈਂ ਵੀ ਨੇੜੇ ਜਿਹੇ ਹੋ ਕੇ ਉਨ੍ਹਾਂ ਦੀ ਗੱਲ ਸੁਣਨ ਲੱਗਿਆ। ਉਹ ਚਾਚਾ ਜੀ ਨੂੰ ਕਹਿ ਰਿਹਾ ਸੀ ਕਿ ਭਗਤ ਸਿੰਘ ਦੀ ਭੈਣ ਦਾ ਰੋਲ ਕਰਨ ਵਾਲਾ ਮੁੰਡਾ ਬਿਮਾਰ ਹੋਣ ਕਰਕੇ ਨਹੀਂ ਆਇਆ। ਜੇਕਰ ਤੁਹਾਡੇ ਕੋਈ ਅਣਦਾੜ੍ਹੀਆ ਮੁੰਡਾ ਹੈ ਤਾਂ ਉਸ ਦੇ ਜ਼ਨਾਨਾ ਸੂਟ ਪੁਆ ਕੇ ਤਿਆਰ ਕਰ ਲਓ ਉਸ ਨੇ ਡਾਇਲਾਗ ਕੋਈ ਨਹੀਂ ਬੋਲਣੇ, ਬੱਸ ਜੇਲ੍ਹ ਵਿੱਚ ਭਗਤ ਸਿੰਘ ਦੀ ਰੋਟੀ ਲੈ ਕੇ ਜਾਣਾ ਹੈ। ਗੱਲਾਂ ਕਰਦੇ ਉਸ ਨੇ ਮੇਰੇ ਵੱਲ ਵੇਖ ਕੇ ਕਿਹਾ, ਆਹ ਮੁੰਡਾ ਠੀਕ ਹੈ। ਲਓ ਜੀ, ਘਰੋਂ ਲੇਡੀਮਿੰਟਨ (ਸਿਲਕਨੁਮਾ ਕੱਪੜਾ) ਦਾ ਸੂਟ ਲਿਆ ਕੇ ਮੇਰੇ ਪੁਆ ਦਿੱਤਾ ਤੇ ਸਟੇਜ ’ਤੇ ਪਰਦੇ ਪਿੱਛੇ ਬਿਠਾ ਦਿੱਤਾ। ਮੇਰੀ ਵਾਰੀ ਤਾਂ ਭਗਤ ਸਿੰਘ ਨੂੰ ਜੇਲ੍ਹ ਹੋਣ ਤੋਂ ਬਾਅਦ ਆਉਣੀ ਸੀ। ਡਰਾਮਾ ਚੱਲਦਾ ਰਿਹਾ ਤੇ ਨਾਅਰੇ ਲੱਗਦੇ ਰਹੇ । ਭਗਤ ਸਿੰਘ ਦਾ ਰੋਲ ਇੱਕ ਮੁੱਛਫੁੱਟ ਗੱਭਰੂ ਬੜੇ ਜੋਸ਼ ਨਾਲ ਨਿਭਾ ਰਿਹਾ ਸੀ। ਉਸ ਨੇ ਬੁਲੰਦ ਆਵਾਜ਼ ਵਿੱਚ ਨਾਅਰਾ ਲਾਇਆ,
“ ਨਹੀਂ ਪ੍ਰਵਾਹ ਮੈਨੂੰ ਫਾਂਸੀ ਦੀ
ਵਤਨ ਲਈ ਮਰਨਾ ਧਰਮ ਮੇਰਾ
ਭਾਰਤ ਮਾਂ ਆਜ਼ਾਦ ਕਰਾਉਣੀ ਹੈ
ਇਸ ਬਿਨਾਂ ਨਹੀਂ ਕੋਈ ਕਰਮ ਮੇਰਾ”
ਨਾਅਰਾ ਸੁਣ ਕੇ ਦਰਸ਼ਕ ਅਸ਼ ਅਸ਼ ਕਰ ਉਠੇ।
ਲੋਕਾਂ ’ਚ ਜੋਸ਼ ਭਰਦਾ ਜਾ ਰਿਹਾ ਸੀ ਪਰ ਮੈਂ ਰਾਤ ਦੀ ਠੰਢ ਵਿੱਚ ਕੁੰਗੜਿਆ ਬੈਠਾ ਸੀ ਤੇ ਉੱਤੋਂ ਸਿਲਕੀ ਸੂਟ, ਮੇਰਾ ਤਾਂ ਬੁਰਾ ਹਾਲ ਹੋ ਗਿਆ। ਜਦੋ ਮੇਰੀ ਵਾਰੀ ਆਈ ਤਾਂ ਮੈਂ ਸਿਰ ’ਤੇ ਭੱਤਾ ਰੱਖ ਕੇ ਕੰਬਦਾ ਹੋਇਆ ਭਗਤ ਸਿੰਘ ਲਈ ਬਣਾਈ ਜੇਲ੍ਹ ਤੱਕ ਮਸਾਂ ਪਹੁੰਚਿਆ। ਐਕਟ ਤਾਂ ਮੇਰਾ ਸਹੀ ਹੋ ਗਿਆ ਪਰ ਕਾਂਬੇ ਨਾਲ ਬੁਖਾਰ ਚੜ੍ਹ ਗਿਆ। ਮੇਰਾ ਚਾਚਾ ਮੈਨੂੰ ਘਰ ਲੈ ਗਿਆ ,ਦੁੱਧ ਗਰਮ ਕਰ ਕੇ ਪਿਆਇਆ ਤੇ ਦੋਹਰੀ ਰਜਾਈ ਦੇ ਕੇ ਮੰਜੇ ’ਤੇ ਪਾ ਦਿੱਤਾ। ਡਰਾਮਾ ਤਾਂ ਪਤਾ ਨਹੀਂ ਕਦੋਂ ਖਤਮ ਹੋਇਆ ਪਰ ਮੇਰਾ ਬੁਖਾਰ ਤਿੰਨ ਦਿਨ ਨਾ ਉੱਤਰਿਆ। ਹਾਲਾਂਕਿ ਡਰਾਮੇ ’ਚ ਲੇਡੀਮਿੰਟਨ ਦਾ ਸੂਟ ਪਾ ਕੇ ਨਿਭਾਈ ਭੂਮਿਕਾ ਸਦਾ ਲਈ ਮੇਰੀਆਂ ਯਾਦਾਂ ’ਚ ਵੱਸ ਗਈ।
ਸੰਪਰਕ: 98786-46595