ਵਿਹਲੀਆਂ ਮੈਡਮਾਂ
ਮਹਿੰਦਰ ਸਿੰਘ ਮਾਨ
ਮੈਡਮ ਕਮਲਜੀਤ ਨੇ ਅੱਜ ਦੀ ਅੱਧੀ ਅਚਨਚੇਤ ਛੁੱਟੀ ਲੈਣ ਦੀ ਅਰਜ਼ੀ ਸਕੂਲ ਮੁਖੀ ਅੱਗੇ ਰੱਖਦਿਆਂ ਆਖਿਆ, ‘‘ਸਰ ਜੀ, ਮੈਨੂੰ ਅੱਜ ਦੀ ਅੱਧੀ ਛੁੱਟੀ ਚਾਹੀਦੀ ਏ।’’
‘‘ਕਿਉਂ? ਕੀ ਗੱਲ ਹੋਈ?’’ ਸਕੂਲ ਮੁਖੀ ਨੇ ਪੁੱਛਿਆ।
‘‘ਸਰ ਜੀ, ਮੈਂ ਆਪਣੀ ਬੇਟੀ ਸੁਖਵਿੰਦਰ ਦਾ ਖਾਤਾ ਸਮੁੰਦੜੇ ਡਾਕਖਾਨੇ ਵਿੱਚ ਖੁਲ੍ਹਵਾਇਆ ਹੋਇਐ। ਮੈਂ ਉਸ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾਣਾ ਏ।’’
‘‘ਠੀਕ ਏ।’’
ਮੈਡਮ ਕਮਲਜੀਤ ਨੇ ਆਪਣਾ ਐਕਟਿਵਾ ਸਕੂਲ ਦੇ ਗੇਟ ਤੋਂ ਬਾਹਰ ਜਾ ਕੇ ਸਟਾਰਟ ਕੀਤਾ ਅਤੇ ਡਾਕਖਾਨੇ ਵੱਲ ਚੱਲ ਪਈ। ਪੰਦਰਾਂ ਕੁ ਮਿੰਟਾਂ ਵਿੱਚ ਉਹ ਡਾਕਖਾਨੇ ਪਹੁੰਚ ਗਈ। ਉੱਥੇ ਪਹੁੰਚ ਕੇ ਉਸ ਨੇ ਪਾਸ ਬੁੱਕ ਅਤੇ ਜਮ੍ਹਾਂ ਕਰਵਾਉਣ ਵਾਲੇ ਪੈਸੇ ਕਾਊਂਟਰ ’ਤੇ ਬੈਠੀ ਕਲਰਕ ਅੱਗੇ ਕਰ ਦਿੱਤੇ।
‘‘ਪੈਸੇ ਜਮ੍ਹਾਂ ਕਰਾਉਣ ਲਈ ਸਮੇਂ ਸਿਰ ਆਇਆ ਕਰੋ।’’ ਪਾਸ ਬੁੱਕ ਅਤੇ ਪੈਸੇ ਫੜਦਿਆਂ ਕਲਰਕ ਨੇ ਆਖਿਆ।
‘‘ਹਾਲੇ ਕਿਹੜਾ ਬਹੁਤਾ ਸਮਾਂ ਹੋਇਆ। ਦਿਨ ਦੇ ਸਾਢੇ ਬਾਰਾਂ ਹੀ ਵੱਜੇ ਆ। ਸਕੂਲ ਤੋਂ ਛੁੱਟੀ ਮਿਲਣ ’ਤੇ ਹੀ ਆਉਣਾ ਸੀ।’’ ਮੈਡਮ ਕਮਲਜੀਤ ਨੇ ਆਖਿਆ।
‘‘ਮੈਡਮਾਂ ਕਿਹੜਾ ਸਕੂਲਾਂ ’ਚ ਪੜ੍ਹਾਈ ਕਰਾਉਂਦੀਆਂ ਨੇ! ਸਾਰਾ ਦਿਨ ਵਿਹਲੀਆਂ ਬੈਠੀਆਂ ਰਹਿੰਦੀਆਂ ਨੇ।’’
ਕਲਰਕ ਦੀ ਗੱਲ ਸੁਣ ਕੇ ਮੈਡਮ ਕਮਲਜੀਤ ਨੂੰ ਗੁੱਸਾ ਆ ਗਿਆ। ਉਸ ਨੇ ਸਖ਼ਤ ਲਹਿਜੇ ਵਿੱਚ ਕਲਰਕ ਨੂੰ ਆਖਿਆ, ‘‘ਤੁਹਾਨੂੰ ਮੈਡਮਾਂ ਨੇ ਪੜ੍ਹਾਇਆ ਤਾਂ ਹੀ ਤੁਸੀਂ ਕੁਰਸੀ ’ਤੇ ਬੈਠੇ ਓ। ਜੇ ਨਾ ਪੜ੍ਹਾਇਆ ਹੁੰਦਾ ਤਾਂ ਤੁਸੀਂ ਕਿਸੇ ਫੈਕਟਰੀ ’ਚ ਮਜ਼ਦੂਰੀ ਕਰਦੇ ਹੋਣਾ ਸੀ।’’
ਏਨਾ ਸੁਣ ਕੇ ਕਲਰਕ ਕੁਝ ਨਾ ਬੋਲੀ। ਚੁੱਪ ਕਰਕੇ ਪੈਸੇ ਜਮ੍ਹਾਂ ਕਰਕੇ ਪਾਸ ਬੁੱਕ ਮੈਡਮ ਕਮਲਜੀਤ ਦੇ ਹੱਥ ਫੜਾ ਦਿੱਤੀ।
ਸੰਪਰਕ: 99158-03554