ਕਾਰਗਿਲ ਵਿੱਚ ਪਾਕਿਸਤਾਨੀ ਘੁਸਪੈਠ ਬਾਰੇ ਫੌਜ ਨੂੰ ਸੁਚੇਤ ਕਰਨ ਵਾਲੇ ਲੱਦਾਖੀ ਚਰਵਾਹੇ ਦਾ ਦੇਹਾਂਤ
ਅਜੈ ਬੈਨਰਜੀ
ਨਵੀਂ ਦਿੱਲੀ, 20 ਦਸੰਬਰ
1999 ਦੀ ਕਾਰਗਿਲ ਜੰਗ ਦੌਰਾਨ ਪਾਕਿਸਤਾਨੀ ਫੌਜ ਦੀ ਘੁਸਪੈਠ ਬਾਰੇ ਭਾਰਤੀ ਫੌਜ ਨੂੰ ਸਭ ਤੋਂ ਪਹਿਲਾਂ ਸੁਚੇਤ ਕਰਨ ਵਾਲੇ ਤਾਸ਼ੀ ਨਮਗਿਆਲ ਦਾ ਦੇਹਾਂਤ ਹੋ ਗਿਆ ਹੈ। ਭਾਰਤੀ ਸੈਨਾ ਦੇ ਲੇਹ-ਹੈੱਡਕੁਆਰਟਰਡ 14 ਕੋਰ ਨੇ ਸ਼ੁੱਕਰਵਾਰ ਨੂੰ ‘ਐਕਸ’ ’ਤੇ ਨਮਗਿਆਲ ਦੇ ਅਚਾਨਕ ਦੇਹਾਂਤ ਬਾਰੇ ਪੋਸਟ ਕੀਤਾ ਅਤੇ ਕਿਹਾ ਕਿ ‘‘ਓਪਰੇਸ਼ਨ ਵਿਜੈ 1999 ਦੌਰਾਨ ਦੇਸ਼ ਲਈ ਉਨ੍ਹਾਂ ਦਾ ਅਨਮੋਲ ਯੋਗਦਾਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਅਸੀਂ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।’’
'ਆਪ੍ਰੇਸ਼ਨ ਵਿਜੈ' ਮਈ-ਜੁਲਾਈ 1999 ਵਿੱਚ ਪਾਕਿਸਤਾਨ ਨਾਲ ਲੜੀ ਜੰਗ ਦਾ ਕੋਡ ਨੇਮ ਹੈ।
ਕੌਣ ਸੀ ਤਾਸ਼ੀ ?
ਤਾਸ਼ੀ ਨਮਗਿਆਲ ਲੱਦਾਖੀ ਚਰਵਾਹਾ ਸੀ, ਜਿਸ ਨੇ ਆਪਣੇ ਗੁੰਮ ਹੋਏ ਯਾਕ ਦੀ ਭਾਲ ਦੌਰਾਨ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਬਟਾਲਿਕ ਪਹਾੜੀ ਲੜੀ ਦੇ ਉੱਪਰ ਬੰਕਰ ਖੋਦਦਿਆਂ ਦੇਖਿਆ ਸੀ। ਉਸ ਨੇ ਭਾਰਤੀ ਫੌਜ ਨੂੰ ਕਾਰਗਿਲ ਸੈਕਟਰ ਵਿੱਚ ਪਾਕਿਸਤਾਨੀ ਘੁਸਪੈਠ ਬਾਰੇ ਜਾਣਕਾਰੀ ਦਿੱਤੀ ਜਿਸ ਕਾਰਨ ਭਾਰਤ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਸੀ।
ਤਾਸ਼ੀ ਨਮਗਿਆਲ ਨੂੰ 1999 ਵਿੱਚ ਬਟਾਲਿਕ ਸੈਕਟਰ ਵਿੱਚ ਪਾਕਿਸਤਾਨੀ ਸੈਨਿਕਾਂ ਦੀ ਘੁਸਪੈਠ ਨੂੰ ਲੈ ਕੇ ਭਾਰਤੀ ਸੈਨਾ ਨੂੰ ਪਹਿਲਾ ਇਨਪੁਟ ਪ੍ਰਦਾਨ ਕਰਨ ਦਾ ਸਿਹਰਾ ਜਾਂਦਾ ਹੈ।