Mohan Bhagwat: ਮੋਹਨ ਭਾਗਵਤ ਵੱਲੋਂ ਸਮਾਵੇਸ਼ੀ ਸਮਾਜ ਦੀ ਵਕਾਲਤ
ਪੁਣੇ(ਮਹਾਰਾਸ਼ਟਰ), 20 ਦਸੰਬਰ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਕਈ ਮੰਦਰ-ਮਸਜਿਦ ਵਿਵਾਦਾਂ ਦੇ ਮੁੜ ਸਿਰ ਚੁੱਕਣ ਉੱਤੇ ਫ਼ਿਕਰ ਜਤਾਉਂਦਿਆਂ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਮਗਰੋਂ ਕੁਝ ਲੋਕਾਂ ਨੂੰ ਇੰਝ ਲੱਗ ਰਿਹਾ ਹੈ ਕਿ ਉਹ ਅਜਿਹੇ ਮੁੱਦਿਆਂ ਨੂੰ ਉਭਾਰ ਕੇ ‘ਹਿੰਦੂਆਂ ਦੇ ਆਗੂ’ ਬਣ ਸਕਦੇ ਹਨ। ਭਾਗਵਤ ਨੇ ਸਹਿਜੀਵਨ ਵਿਆਖਿਆਨਮਾਲਾ (ਲੈਕਚਰ ਲੜੀ) ‘ਭਾਰਤ-ਵਿਸ਼ਵਗੁਰੂ’ ਵਿਸ਼ੇ ਉੱਤੇ ਵੀਰਵਾਰ ਨੂੰ ਲੈਕਚਰ ਦਿੱਤਾ, ਜਿਸ ਵਿਚ ਉਨ੍ਹਾਂ ਸਮਾਵੇਸ਼ੀ ਸਮਾਜ ਦੀ ਵਕਾਲਤ ਕੀਤੀ।
ਸੰਘ ਮੁਖੀ ਨੇ ਕਿਹਾ ਕਿ ਅੱਜ ਕੁੱਲ ਆਲਮ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਦੇਸ਼ ਸਦਭਾਵਨਾ ਨਾਲ ਇਕਜੁੱਟ ਰਹਿ ਸਕਦਾ ਹੈ। ਭਾਰਤੀ ਸਮਾਜ ਦੀ ਅਨੇਕਤਾ ਉੱਤੇ ਰੌਸ਼ਨੀ ਪਾਉਂਦਿਆਂ ਭਾਗਵਤ ਨੇ ਕਿਹਾ ਕਿ ਰਾਮਕ੍ਰਿਸ਼ਨ ਮਿਸ਼ਨ ਵਿਚ ਕ੍ਰਿਸਮਸ ਮਨਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਸਿਰਫ਼ ਅਸੀਂ ਹੀ ਅਜਿਹਾ ਕਰ ਸਕਦੇ ਹਾਂ ਕਿਉਂਕਿ ਅਸੀਂ ਹਿੰਦੂ ਹਾਂ।’’ ਉਨ੍ਹਾਂ ਕਿਹਾ, ‘‘ਅਸੀਂ ਲੰਮੇ ਸਮੇਂ ਤੋਂ ਸਦਭਾਵਨਾ ਨਾਲ ਰਹਿ ਰਹੇ ਹਾਂ। ਜੇ ਅਸੀਂ ਕੁੱਲ ਆਲਮ ਨੂੰ ਸਦਭਾਵਨਾ ਪ੍ਰਦਾਨ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਸ ਦਾ ਮਾਡਲ ਬਣਾਉਣ ਦੀ ਲੋੜ ਹੈ। ਰਾਮ ਮੰਦਿਰ ਦੀ ਉਸਾਰੀ ਮਗਰੋਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਨਵੀਆਂ ਥਾਵਾਂ ਉੱਤੇ ਅਜਿਹੇ ਮੁੱਦਿਆਂ ਨੂੰ ਉਭਾਰ ਕੇ ਹਿੰਦੂਆਂ ਦੇ ਆਗੂ ਬਣ ਸਕਦੇ ਹਨ। ਇਹ ਸਵੀਕਾਰਯੋਗ ਨਹੀਂ ਹੈ।’’
ਭਾਗਵਤ ਨੇ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਇਸ ਲਈ ਕੀਤਾ ਗਿਆ ਕਿਉਂਕਿ ਇਹ ਸਾਰੇ ਹਿੰਦੂਆਂ ਦੀ ਆਸਥਾ ਦਾ ਵਿਸ਼ਾ ਸੀ। ਉਨ੍ਹਾਂ ਬਿਨਾਂ ਕਿਸੇ ਵਿਸ਼ੇਸ਼ ਥਾਂ ਦਾ ਜ਼ਿਕਰ ਕਰਦਿਆਂ ਕਿਹਾ, ‘‘ਨਿੱਤ ਦਿਨ ਇਕ ਨਵਾਂ ਮਾਮਲਾ (ਵਿਵਾਦ) ਚੁੱਕਿਆ ਜਾ ਰਿਹਾ ਹੈ। ਇਸ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ? ਇਹ ਅਮਲ ਜਾਰੀ ਨਹੀਂ ਰਹਿ ਸਕਦਾ। ਭਾਰਤ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਅਸੀਂ ਇਕਜੁੱਟ ਰਹਿ ਸਕਦੇ ਹਾਂ।’’ ਚੇਤੇ ਰਹੇ ਕਿ ਪਿਛਲੇ ਦਿਨਾਂ ਵਿਚ ਮੰਦਰਾਂ ਦਾ ਪਤਾ ਲਾਉਣ ਲਈ ਮਸਜਿਦਾਂ ਦੇ ਸਰਵੇਖਣ ਨੂੰ ਲੈ ਕੇ ਕਈ ਪਟੀਸ਼ਨਾਂ ਅਦਾਲਤਾਂ ਵਿਚ ਦਾਇਰ ਕੀਤੀਆਂ ਗਈਆਂ ਹਨ। ਭਾਗਵਤ ਨੇ ਹਾਲਾਂਕਿ ਆਪਣੇ ਭਾਸ਼ਣ ਵਿਚ ਕਿਸੇ ਦਾ ਨਾਮ ਨਹੀਂ ਲਿਆ। ਉਨ੍ਹਾਂ ਕਿਹਾ ਕਿ ਬਾਹਰੋਂ ਆਏ ਕੁਝ ਸਮੂਹ ਆਪਣੇ ਨਾਲ ਕੱਟੜਪੁਣਾ ਲੈ ਕੇ ਆਏ ਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁਰਾਣਾ ਸ਼ਾਸਨ ਵਾਪਸ ਆ ਜਾਵੇ। ਉਨ੍ਹਾਂ ਕਿਹਾ, ‘‘ਪਰ ਹੁਣ ਦੇਸ਼ ਸੰਵਿਧਾਨ ਮੁਤਾਬਕ ਚੱਲਦਾ ਹੈ। ਇਸ ਵਿਵਸਥਾ ਵਿਚ ਲੋਕ ਆਪਣੇ ਪ੍ਰਤੀਨਿਧ ਦੀ ਚੋਣ ਕਰਦੇ ਹਨ, ਜੋ ਸਰਕਾਰ ਚਲਾਉਂਦੇ ਹਨ। ਸਰਦਾਰੀ ਤੇ ਚੌਧਰ ਦੇ ਦਿਨ ਚਲੇ ਗਏ ਹਨ।’’-ਪੀਟੀਆਈ