For the best experience, open
https://m.punjabitribuneonline.com
on your mobile browser.
Advertisement

ਲੱਦਾਖ: ਨਦੀ ’ਚ ਡੁੱਬਣ ਤੋਂ ਪਹਿਲਾਂ ਛੇ ਘੰਟੇ ਸੰਘਰਸ਼ ਕਰਦੇ ਰਹੇ ਸਨ ਪੰਜ ਜਵਾਨ

06:51 AM Jul 08, 2024 IST
ਲੱਦਾਖ  ਨਦੀ ’ਚ ਡੁੱਬਣ ਤੋਂ ਪਹਿਲਾਂ ਛੇ ਘੰਟੇ ਸੰਘਰਸ਼ ਕਰਦੇ ਰਹੇ ਸਨ ਪੰਜ ਜਵਾਨ
ਦਰਿਆ ’ਚ ਮਸ਼ਕ ਕਰਦੀ ਭਾਰਤੀ ਸੈਨਾ ਦੀ ਪੁਰਾਣੀ ਤਸਵੀਰ।
Advertisement

ਅਜੈ ਬੈਨਰਜੀ
ਨਵੀਂ ਦਿੱਲੀ, 7 ਜੁਲਾਈ
ਪੂਰਬੀ ਲੱਦਾਖ ਦੀ ਸ਼ਯੋਕ ਨਦੀ ਵਿੱਚ ਹਾਲ ਹੀ ਵਿੱਚ ਵਾਪਰੇ ਹਾਦਸੇ ਦੌਰਾਨ ਪੰਜ ਫੌਜੀ ਜਵਾਨ ਡੁੱਬਣ ਤੋਂ ਪਹਿਲਾਂ ਲਗਪਗ ਛੇ ਘੰਟੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਰਹੇ ਅਤੇ ਬਚਾਅ ਮੁਹਿੰਮ ਨਾਕਾਮ ਰਹਿਣ ਕਾਰਨ ਪਾਣੀ ਵਿੱਚ ਵਹਿ ਗਏ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਹਾਦਸਾ 29 ਜੂਨ ਨੂੰ ਤੜਕੇ ਲਗਪਗ ਇੱਕ ਵਜੇ ਉਸ ਸਮੇਂ ਵਾਪਰਿਆ, ਜਦੋਂ ਇੱਕ ਰੂਸੀ ਟੀ-72 ਟੈਂਕ ਜੰਗੀ ਅਭਿਆਸ ਦੌਰਾਨ ਸ਼ਯੋਕ ਨਦੀ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ ਸੀ। ਇਹ ਅਭਿਆਸ 13,000 ਫੁੱਟ ਤੋਂ ਵੱਧ ਉਚਾਈ ’ਤੇ ਸਥਿਤ ਪਹਾੜੀ ਇਲਾਕੇ ਵਿੱਚ ਕੀਤਾ ਜਾ ਰਿਹਾ ਸੀ। ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਟੈਂਕ ਨਦੀ ਵਿੱਚ ਫਸ ਗਿਆ।
ਸੂਤਰਾਂ ਨੇ ਦੱਸਿਆ ਕਿ ਟੈਂਕ ਵਿੱਚ ਸਵਾਰ ਪੰਜ ਜਵਾਨਾਂ ਨੂੰ ਬਚਾਉਣ ਦੇ ਯਤਨ ਚੱਲ ਰਹੇ ਸਨ। ਟੈਂਕ ਡੁੱਬਣ ਤੋਂ ਪਹਿਲਾਂ ਉਹ ਲਗਪਗ ਛੇ ਘੰਟੇ ਟੈਂਕ ਦੀ ਛੱਤ ’ਤੇ ਖੜ੍ਹੇ ਰਹੇ ਅਤੇ ਫਿਰ ਨਦੀ ਦੇ ਤੇਜ਼ ਵਹਾਅ ਨਾਲ ਵਹਿ ਗਏ। ਸ਼ਯੋਕ ਨਦੀ ਉਸ ਰਾਤ ਲਗਪਗ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਹਿ ਰਹੀ ਸੀ। ਫੌਜ ਵੱਲੋਂ ਸ਼ੁਰੂ ਕੀਤੀਆਂ ਬਚਾਅ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਕਿਉਂਕਿ ਇਸ ਦੀ ਆਪਣੀ ਇੱਕ ਬਚਾਅ ਟੀਮ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਈ।
ਫੌਜ ਦੀ 14 ਕੋਰ ਦਾ ਮੁੱਖ ਦਫ਼ਤਰ ਲੇਹ ਵਿੱਚ ਹੈ। ਉਸ ਨੇ 29 ਜੂਨ ਨੂੰ ‘ਐਕਸ’ ’ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਸੀ, ‘‘ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟੈਂਕ ਦਾ ਅਮਲਾ ਇੱਕ ਫੌਜੀ ਅਭਿਆਸ ’ਚ ਹਿੱਸਾ ਲੈਣ ਮਗਰੋਂ ਪਰਤ ਰਿਹਾ ਸੀ। ਪੂਰਬੀ ਲੱਦਾਖ ਦੇ ਸਾਸੇਰ ਬ੍ਰਾਂਗਸਾ ਨੇੜੇ ਸ਼ਯੋਕ ਨਦੀ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਫੌਜ ਦਾ ਇੱਕ ਟੈਂਕ ਫਸ ਗਿਆ।” ਫੌਜ ਨੇ ਕਿਹਾ ਕਿ ਬਚਾਅ ਟੀਮਾਂ ਘਟਨਾ ਸਥਾਨ ’ਤੇ ਪੁੱਜ ਗਈਆਂ ਸਨ ਪਰ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਤੇ ਵਹਾਅ ਤੇਜ਼ ਹੋਣ ਕਾਰਨ ਬਚਾਅ ਮੁਹਿੰਮ ਸਫਲ ਨਹੀਂ ਹੋ ਸਕੀ ਅਤੇ ਪੰਜ ਜਵਾਨਾਂ ਦੀ ਜਾਨ ਜਾਂਦੀ ਰਹੀ। ਇਸ ਹਾਦਸੇ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਤਰਾਂ ਨੇ ਕਿਹਾ ਕਿ ਫੌਜ ਨੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਵਿਸ਼ੇਸ਼ ਕਿਸ਼ਤੀਆਂ ‘ਬਾਊਟ’ ਰੱਖੀਆਂ ਹੋਈਆਂ ਸਨ। ਇਹ ਕਿਸ਼ਤੀ ਜਵਾਨਾਂ ਨੂੰ ਬਚਾਉਣ ਲਈ ਭੇਜੀ ਗਈ ਸੀ। ਹਾਲਾਂਕਿ, ਉਹ ਪਾਣੀ ਦੇ ਤੇਜ਼ ਵਹਾਅ ਕਾਰਨ ਪਲਟ ਗਈ ਅਤੇ ਰਾਹਤ ਕਰਮੀਆਂ (ਜਵਾਨਾਂ) ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ।
ਇਹ ਰੂਸੀ ਟੈਂਕ ਪਾਣੀ ਵਿੱਚ ਤੈਰਨ ਅਤੇ ਅੱਗੇ ਵਧਣ ਦੇ ਸਮਰੱਥ ਸਨ। ਉਸ ਰਾਤ ਮਸ਼ਕ ਦੌਰਾਨ ਟੈਂਕਾਂ ਦਾ ਕਾਫ਼ਲਾ ਸ਼ਯੋਕ ਨਦੀ ਪਾਰ ਕਰ ਰਿਹਾ ਸੀ ਅਤੇ ਪਾਣੀ ਦਾ ਵਹਾਅ ਤੇਜ਼ ਸੀ। ਹਾਦਸੇ ਦਾ ਸ਼ਿਕਾਰ ਹੋਏ ਪੰਜ ਜਵਾਨ ਅਖ਼ੀਰਲੇ ਟੈਂਕ ਵਿੱਚ ਸਵਾਰ ਸਨ। ਇਸ ਤੋਂ ਪਹਿਲਾਂ ਪੂਰਬੀ ਲੱਦਾਖ ਵਿੱਚ ਫੌਜ ਨੇ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਸੀ ਜਿਥੋਂ ਟੈਂਕ ਸਿੰਧੂ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਨੂੰ ਪਾਰ ਕਰ ਸਕਦੇ ਸਨ। ਰਿਮੋ ਕਾਂਗੜੀ ਗਲੇਸ਼ੀਅਰ ਦੇ ਪੂਰਬੀ ਕਿਨਾਰੇ ਤੋਂ ਨਿਕਲਣ ਵਾਲੀ ਸ਼ਯੋਕ ਨਦੀ ਤੇਜ਼ੀ ਨਾਲ ਵਹਿਣ ਵਾਲੀ ਨਦੀ ਹੈ ਅਤੇ ਸਿੰਧੂ ਦੀ ਸਹਾਇਕ ਨਦੀ ਹੈ। ਗਲੇਸ਼ੀਅਰਾਂ ਦੀ ਬਰਫ਼ ਪਿਘਲਣ ਕਾਰਨ ਇਸ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ। ਇਹ ਇਲਾਕਾ ਦਰੱਖਤ ਰਹਿਤ ਹੈ ਅਤੇ ਪਹਾੜਾਂ ਦੀਆਂ ਚੋਟੀਆਂ ਤੋਂ ਪਿਘਲੀ ਬਰਫ਼ ਸਿੱਧੇ ਘਾਟੀ ’ਚ ਵਗਦੀ ਨਦੀ ’ਚ ਆ ਕੇ ਮਿਲਦੀ ਹੈ।
ਫੌਜ ਦੀ ‘ਕੋਰਟ ਆਫ ਇਨਕੁਆਇਰੀ’ ਇਸ ਹਾਦਸੇ ਦੀ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਨਦੀ ਲਗਪਗ 60-70 ਮੀਟਰ ਚੌੜੀ ਹੈ ਅਤੇ ਅਜਿਹੇ ਹਾਲਾਤ ਵਿੱਚ ਤੈਰਨਾ ਬਚਾਅ ਟੀਮ ਜਾਂ ਵਹਿ ਗਏ ਪੰਜ ਜਵਾਨਾਂ ਲਈ ਮੁਸ਼ਕਲ ਰਿਹਾ ਹੋਵੇਗਾ।

Advertisement

Advertisement
Advertisement
Author Image

sukhwinder singh

View all posts

Advertisement