ਪਰਵਾਸੀ ਕਾਰੀਗਰਾਂ ਦੀ ਘਾਟ ਨੇ ਠੰਢੇ ਕੀਤੇ ਢਾਬਿਆਂ ਦੇ ਚੁੱਲ੍ਹੇ
ਹਰਦੀਪ ਸਿੰਘ ਜਟਾਣਾ
ਮਾਨਸਾ, 27 ਜੁਲਾਈ
ਪਰਵਾਸੀ ਕਾਰੀਗਰਾਂ ਅਤੇ ਸਿੱਖਿਅਤ ਕਾਮਿਆਂ ਦੀ ਘਾਟ ਦਾ ਅਸਰ ਢਾਬੇ ਅਤੇ ਹੋਟਲਾਂ ਦੇ ਕਾਰੋਬਾਰ ’ਤੇ ਸਿੱਧਾ ਦਿਖਾਈ ਦੇਣ ਲੱਗ ਪਿਆ ਹੈ। ਤੰਦੂਰੀਆਂ ਅਤੇ ਰਸੋਈਆਂ ਦੀ ਕਮੀ ਨੇ ਢਾਬਿਆਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ। ਮਾਹਿਰ ਕਾਰੀਗਰਾਂ ਦੀ ਕਮੀ ਕਾਰਨ ਸੜਕਾਂ ਕਨਿਾਰੇ ਵੱਡੇ ਢਾਬਿਆਂ ਤੋਂ ਲਜ਼ੀਜ਼ ਭੋਜਨ ਦੀਆਂ ਮਹਿਕਾਂ ਉੱਡਣੀਆਂ ਬੰਦ ਹੋ ਗਈਆਂ ਹਨ। ਭਾਵੇਂ ਸਰਕਾਰ ਨੇ ਕੁੱਝ ਸ਼ਰਤਾਂ ਤਹਿਤ ਹੋਟਲ ਅਤੇ ਢਾਬੇੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਪੱਕੇ ਸਿੱਖਿਅਤ ਮਜ਼ਦੂਰਾਂ ਦੀ ਘਾਟ ਕਾਰਨ ਅੱਜ ਤੱਕ ਵੀ ਹੋਟਲ ਅਤੇ ਢਾਬਿਆਂ ਦਾ ਕਾਰੋਬਾਰ ਲੀਹ ’ਤੇ ਨਹੀਂ ਪਿਆ। ਮਾਨਸਾ ਕੈਂਚੀਆਂ ਸਥਿਤ ਮਨਸੁੱਖ ਢਾਬੇ ਦੇ ਮਾਲਕ ਨੇ ਦੱਸਿਆ ਮਾਹਿਰ ਤੰਦੂਰੀਏ ਅਤੇ ਕੁੱਕ ਕਰੋਨਾ ਦੌਰਾਨ ਆਪੋ ਆਪਣੇ ਘਰਾਂ ਨੂੰ ਪਰਤ ਗਏ ਹਨ। ਹੁਣ ਬਹੁਤੇ ਢਾਬਿਆਂ ਦਾ ਕੰਮ ਸਥਾਨਕ ਕਾਰੀਗਰ ਹੀ ਸਾਰ ਰਹੇ ਹਨ। ਚੰਗੇ ਅਤੇ ਮਾਹਿਰ ਕਾਰੀਗਰਾਂ ਦੀ ਅਣਹੋਂਦ ਨੇ ਪੱਕੇ ਗਾਹਕਾਂ ਦੀ ਲੜੀ ਤੋੜ ਦਿੱਤੀ ਹੈ। ਉਨ੍ਹਾਂ ਦੱਸਿਆ ਜੇਕਰ ਵਿਸ਼ੇਸ਼ ਤੌਰ ’ਤੇ ਬਾਹਰੇ ਰਾਜਾਂ ਤੋਂ ਕਾਮੇ ਬੁਲਾਉਂਦੇ ਹਾਂ ਤਾਂ ਇਕਾਂਤਵਾਸ ਕਾਰਨ ਪੰਦਰਾਂ ਦਨਿਾਂ ਲਈ ਉਹ ਕੰਮ ’ਤੇ ਹੀ ਨਹੀਂ ਲੱਗ ਸਕਦੇ। ਨਾਲ ਹੀ ਅਚਾਨਕ ਭੰਗ ਹੁੰਦੇ ਨਿਯਮਾਂ ਦੇ ਭਾਰੀ ਜੁਰਮਾਨਿਆਂ ਤੋਂ ਵੀ ਡਰ ਲੱਗਦਾ ਹੈ। ਉਨ੍ਹਾਂ ਦੱਸਿਆ ਕਰੋਨਾ ਮਹਾਂਮਾਰੀ ਨੇ ਆਮ ਲੋਕਾਂ ਦੇ ਮਨਾਂ ’ਚ ਵੱਡਾ ਡਰ ਪੈਦਾ ਕੀਤਾ ਹੋਇਆ ਹੈ ਜਿਸ ਕਰਕੇ ਲੰਬੀਆਂ ਦੂਰੀਆਂ ਵਾਲੇ ਰਾਹਗੀਰ ਗਾਹਕ ਘਰੋਂ ਲਿਆਂਦੇ ਖਾਣੇ ਨੂੰ ਹੀ ਪਹਿਲ ਦਿੰਦੇੇ ਹਨ। ਸ਼ੇਰੇ ਪੰਜਾਬ ਢਾਬੇ ਦੇ ਮਾਲਕ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨੇ ਸਾਡੇ ਕਾਰੋਬਾਰ ਅੱਸੀ ਫੀਸਦੀ ਤੱਕ ਘਟਾ ਦਿੱਤੇ ਹਨ। ਕਦੇ ਲੇਬਰ ਦੀ ਘਾਟ, ਕਦੇ ਗਾਹਕਾਂ ਦੀ ਘਾਟ ਅਤੇ ਕਦੇ ਸਾਮਾਨ ਦੀ ਘਾਟ ਕਾਰਨ ਬਹੁਤ ਪ੍ਰੇਸ਼ਾਨੀ ਹੈ। ਭੁੱਲਰ ਢਾਬੇ ਦੇ ਮਾਲਕ ਨੇ ਦੱਸਿਆ ਕਿ ਭਾਰੀ ਮੰਦਾ ਹੋਣ ਕਰਕੇ ਸਾਨੂੰ ਆ ਰਹੇ ਬਿਜਲੀ ਬਿਲ ਹੀ ਨਹੀਂ ਭਰੇ ਜਾ ਰਹੇ। ਜੇਕਰ ਢਾਬੇ ਮਜ਼ਦੂਰਾਂ ਦੀ ਵਾਪਸੀ ਤੱਕ ਬੰਦ ਕਰਦੇ ਹਾਂ ਤਾਂ ਸਮਾਨ ਬਰਬਾਦ ਹੁੰਦਾ ਹੈ ਜੇਕਰ ਚਲਾਉਂਦੇ ਹਾਂ ਤਾਂ ਖਰਚੇ ਪੂਰੇ ਨਹੀਂ ਹੁੰਦੇ। ਉਨ੍ਹਾਂ ਦੱਸਿਆ ਕਿ ਲੰਬਾ ਸਮਾਂ ਕਾਰੋਬਾਰ ਬੰਦ ਰਹਿਣ ਕਰਕੇ ਕਈਆਂ ਨੇ ਹੋਰ ਕੰਮ ਵੀ ਸ਼ੁਰੂ ਕਰ ਲਏ। ਢਾਬਾ ਮਾਲਕਾਂ ਨੇ ਦੱਸਿਆ ਕਿ ਮਾਹਰ ਕਾਰੀਗਰਾਂ ਦੇ ਨਾਲ ਹੀ ਬਰਤਨ ਸਾਫ ਕਰਨ ਵਾਲੇ ਅਤੇ ਭੋਜਨ ਪਰੋਸਣ ਵਾਲੇ ਵੇਟਰਾਂ ਦੀ ਵੀ ਭਾਰੀ ਕਿੱਲਤ ਹੈ। ਢਾਬਾ ਮਾਲਕਾਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀ ਆਰਥਿਕ ਮਦਦ ਕਰੇ।