ਜ਼ਮਾਨਤ ਉਪਰੰਤ ਲੰਬੀ ਧਰਨੇ ’ਚ ਪੁੱਜੇ ਲਛਮਣ ਸੇਵੇਵਾਲਾ
ਇਕਬਾਲ ਸਿੰਘ ਸ਼ਾਂਤ
ਲੰਬੀ, 20 ਅਗਸਤ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅੱਜ ਬਠਿੰਡਾ ਅਦਾਲਤ ਵਿਚੋਂ ਜ਼ਮਾਨਤ ਮਿਲਣ ਉਪਰੰਤ ਸਿੱਧਾ ਲੰਬੀ ਥਾਣੇ ਮੂਹਰੇ ਸਮੂਹਿਕ ਜਬਰ ਜਿਨਾਹ ਪੀੜਤ ਨਾਬਾਲਗ ਦੀ ਹਮਾਇਤ ’ਚ ਕਿਸਾਨਾਂ-ਮਜ਼ਦੂਰਾਂ ਵੱਲੋਂ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਵਿੱਚ ਪੁੱਜੇ। ਉਨ੍ਹਾਂ ਪੰਜਾਬ ਪੁਲੀਸ ’ਤੇ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਕਰਨ ਅਤੇ ਬਦਸਲੂਕੀ ਦਾ ਦੋਸ਼ ਲਗਾਇਆ। ਉਨ੍ਹਾਂ ਪੀੜਤਾ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਸੇਵੇਵਾਲਾ ਦੇ ਪੁੱਜਣ ਨਾਲ ਧਰਨੇ ਦਾ ਉਤਸ਼ਾਹ ਦੁੱਗਣਾ ਹੋ ਗਿਆ। ਧਰਨੇ ਮੌਕੇ ਲਛਮਣ ਸਿੰਘ ਸੇਵੇਵਾਲਾ ਨੇ ਤਕਰੀਰ ’ਚ ਕਿਹਾ ਕਿ ਕੈਪਟਨ ਸਰਕਾਰ ਲੋਕ ਆਵਾਜ਼ ਨੂੰ ਦਬਾਉਣ ਦੇ ਰਾਹ ਪਈ ਹੋਈ ਹੈ।
ਛੇ ਆਗੂਆਂ ਸਣੇ 80 ਖ਼ਿਲਾਫ਼ ਕੇਸ ਦਰਜ
ਜਬਰ ਜਨਾਹ ਦੀ ਨਾਬਾਲਗ ਪੀੜਤਾ ਦੇ ਹੱਕ ਵਿੱਚ ਲੰਬੀ ਥਾਣੇ ਮੂਹਰੇ ਆਵਾਜ਼ ਉਠਾਉਣ ਵਾਲੀਆਂ ਜਨਤਕ ਜਥੇਬੰਦੀਆਂ ਦੇ ਛੇ ਆਗੂਆਂ ਸਮੇਤ 80 ਵਿਅਕਤੀਆਂ ਖ਼ਿਲਾਫ਼ ਪੁਲੀਸ ਨੇ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ। ਲੰਬੀ ਪੁਲੀਸ ਨੇ ਬਲਾਕ ਪ੍ਰਧਾਨ ਕਾਲਾ ਸਿੰਘ, ਗੁਰਪਾਸ਼ ਸਿੰਘ, ਦਲਜੀਤ ਸਿੰਘ ਮਿਠੜੀ, ਸੱਤਪਾਲ ਸਿੰਘ ਬਿਜਲੀ ਬੋਰਡ, ਮਨਜਿੰਦਰ ਸਿੰਘ ਪੱਪੀ ਅਤੇ ਹਰਵਿੰਦਰ ਕੌਰ ਉਰਫ਼ ਬਿੰਦੂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਲੰਬੀ ਥਾਣੇ ਦੇ ਮੁਖੀ ਜਤਿੰਦਰ ਸਿੰਘ ਨੇ ਅੱਜ ਥਾਣੇ ਮੂਹਰੇ ਧਰਨੇ ਵਿੱਚ ਸਮਾਜਿਕ ਦੂਰੀ ਅਤੇ ਮਾਸਕ ਵਗੈਰਾ ਨਾ ਪਹਿਨਣ ਖਿਲਾਫ਼ ਛੇ ਜਣਿਆਂ ਨੂੰ ਨਾਮਜ਼ਦ ਕਰਕੇ ਕਈ ਦਰਜਨ ਅਣਪਛਾਤਿਆਂ ਖਿਲਾਫ਼ ਧਾਰਾ 188 ਤਹਿਤ ਮੁਕੱਦਮੇ ਦੀ ਪੁਸ਼ਟੀ ਕੀਤੀ ਹੈ।