For the best experience, open
https://m.punjabitribuneonline.com
on your mobile browser.
Advertisement

ਮਜ਼ਦੂਰ ਔਰਤਾਂ ਨੇ ਮੁੱਖ ਮੰਤਰੀ ਨੂੰ ‘ਵਾਅਦੇ’ ਚੇਤੇ ਕਰਵਾਏ

09:35 AM Aug 29, 2023 IST
ਮਜ਼ਦੂਰ ਔਰਤਾਂ ਨੇ ਮੁੱਖ ਮੰਤਰੀ ਨੂੰ ‘ਵਾਅਦੇ’ ਚੇਤੇ ਕਰਵਾਏ
ਪੰਜਾਬ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕਰਦੀਆਂ ਹੋਈਆਂ ਮਜ਼ਦੂਰ ਔਰਤਾਂ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 28 ਅਗਸਤ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਜ਼ਿਲ੍ਹਾ ਮਾਨਸਾ ਇਕਾਈ ਨੇ ਮਜ਼ਦੂਰ ਔਰਤਾਂ ਦੇ ਹੱਕੀ ਸੰਘਰਸ਼ ਨੂੰ ਤੇਜ਼ ਕਰਨ ਦੇ ਅਹਿਦ ਨਾਲ ਅੱਜ ਰੇਲਵੇ ਗੁਦਾਮ ਤੋਂ ਸ਼ਹਿਰ ਵਿੱਚੋਂ ਲੰਘਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆਂ ’ਚੋਂ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਲਾਗੂ ਕਰ ਕੇ ਤੁਰੰਤ ਔਰਤਾਂ ਦੇ ਖਾਤਿਆਂ ਵਿੱਚ ਪਾਉਣ ਤੋਂ ਲਗਾਤਾਰ ਘੇਸਲ ਵੱਟ ਰਹੀ ਹੈ, ਜਿਸ ਲਈ ਸੁੱਤੀ ਸਰਕਾਰ ਨੂੰ ਜਗਾਉਣ ਲਈ ਇਹ ਮੁਜ਼ਾਹਰਾ ਮਜਬੂਰਨ ਕਰਨਾ ਪਿਆ ਹੈ।
ਮਜ਼ਦੂਰ ਲਲਕਾਰ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਤੇ ਸੂਬਾ ਮੀਤ ਪ੍ਰਧਾਨ ਵਿਜੈ ਕੁਮਾਰ ਭੀਖੀ ਨੇ ਵੱਖ-ਵੱਖ ਰੂਪ ’ਚ ਕਿਹਾ ਕਿ ਕੇਂਦਰ ਦੀ ਜੁਮਲੇਬਾਜ਼ ਮੋਦੀ ਸਰਕਾਰ ਵਾਂਗ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਚੋਣਾਂ ਦੌਰਾਨ, ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਬਿਲਕੁਲ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਹੜ੍ਹ ਪੀੜਤਾਂ ਨੂੰ ਬੱਕਰੀ-ਮੁਰਗੀ ਤੱਕ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਵਰਗੇ ਜੋ ਦਮਗਜ਼ੇ ਮਾਰੇ ਗਏ ਸਨ, ਉਹ ਵੀ ਮਜ਼ਾਕ ਸਾਬਤ ਹੋਏ ਹਨ, ਜਦਕਿ ਹਕੀਕਤ ਇਹ ਹੈ ਕਿ ਹੜ੍ਹਾਂ ਮਾਰੇ ਬੇਜ਼ਮੀਨੇ ਮਜ਼ਦੂਰਾਂ ਕੋਲ੍ਹ ਫਿਲਹਾਲ ਸਿਰ ਤੇ ਛੱਤ ਤੱਕ ਨਹੀਂ ਰਹੀ ਤੇ ਉਹ ਤਰਪਾਲਾਂ ਪਾ ਕੇ ਦਿਨ ਕੱਟੀ ਕਰਨ ਲਈ ਮਜਬੂਰ ਹਨ।
ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਪੰਜਾਬ ਦੇ ਕੇਂਦਰੀ ਇੰਚਾਰਜ ਕਾਮਰੇਡ ਪ੍ਰਸ਼ੋਤਮ ਸ਼ਰਮਾ ਅਤੇ ਪਾਰਟੀ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਦੇ ਲੋਕ ਕੀਤੇ ਵਾਅਦਿਆਂ ਖਿਲਾਫ਼ ਦਿਨੋਂ-ਦਿਨ ਵੱਡੇ ਸੰਘਰਸ਼ ਵੱਲ ਵਧ ਰਹੇ ਹਨ, ਪਰ ਸਰਕਾਰ ’ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਇਸ ਮੌਕੇ ਏਪਵਾ ਆਗੂ ਜਸਬੀਰ ਕੌਰ ਨੱਤ, ਬਿੰਦਰ ਕੌਰ, ਬਲਵਿੰਦਰ ਘਰਾਂਗਣਾ, ਦਰਸ਼ਨ ਦਾਨੇਵਾਲੀਆ, ਗੁਰਸੇਵਕ ਮਾਨ, ਭੋਲਾ ਸਿੰਘ ਗੁੜੱਦੀ, ਕ੍ਰਿਸ਼ਨਾ ਕੌਰ ਮਾਨਸਾ, ਕਾਮਰੇਡ ਛੱਜੂ ਸਿੰਘ ਦਿਆਲਪੁਰ, ਜੀਤ ਸਿੰਘ ਬੋਹਾ ਤੇ ਸ਼ਿੰਦਰਪਾਲ ਕੌਰ ਕਣਕਵਾਲ ਨੇ ਵੀ ਸੰਬੋਧਨ ਕੀਤਾ।

Advertisement

ਮੁਜ਼ਾਹਰਾਕਾਰੀਆਂ ਨੂੰ ਰੋਕ ਨਾ ਸਕੀ ਪੁਲੀਸ

ਮੁਜ਼ਾਹਰਾਕਾਰੀਆਂ ਨੂੰ ਪੁਲੀਸ ਵੱਲੋਂ ਰੋਕਣ ਦੇ ਬਾਵਜੂਦ ਡੀ.ਸੀ ਦਫ਼ਤਰ ਤੱਕ ਪਹੁੰਚ ਕੇ ਔਰਤਾਂ ਵੱਲੋਂ ਮੁੱਖ ਮੰਤਰੀ ਦੇ ਨਾਂ ਲਿਖੀਆਂ ਹਜ਼ਾਰਾਂ ਅਰਜ਼ੀਆਂ ਇਕੱਠੀਆਂ ਕਰਕੇ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਡੀਸੀ ਮਾਨਸਾ ਨੂੰ ਸੌਂਪੀਆਂ ਗਈਆਂ, ਜਿਨ੍ਹਾਂ ਨੂੰ ਜੀਏ ਨੇ ਪ੍ਰਾਪਤ ਕੀਤਾ।

Advertisement

ਕਿਸਾਨ ਜਥੇਬੰਦੀ ਦੇ ਵਿਰੋਧ ਕਾਰਨ ਜ਼ਮੀਨ ਦੀ ਕੁਰਕੀ ਰੁਕੀ

ਮਹਿਲ ਕਲਾਂ: ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਵੱਲੋਂ ਅੱਜ ਧਰਨਾ ਦੇ ਕੇ ਨੇੜਲੇ ਪਿੰਡ ਨਿਹਾਲੂਵਾਲ ਵਿੱਚ ਇੱਕ ਪਰਿਵਾਰ ਦੀ ਢਾਈ ਵਿੱਘੇ ਜ਼ਮੀਨ ਦੀ ਕੁਰਕੀ ਰੁਕਵਾਈ ਗਈ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ, ਮਜ਼ਦੂਰ ਦੇ ਘਰ/ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਅਦਾਲਤੀ ਹੁਕਮਾਂ ਤਹਿਤ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਨਿਹਾਲੂਵਾਲ ਗਏ ਤਾਂ ਸਨ ਪਰ ਕਿਸਾਨਾਂ ਦੇ ਧਰਨੇ ਕਾਰਨ ਬਗੈਰ ਕੋਈ ਕਾਰਵਾਈ ਕੀਤਿਆਂ ਵਾਪਸ ਮੁੜ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ,ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾਸਿੰਘ ਵਾਲਾ, ਅਮਰਜੀਤ ਸਿੰਘ ਠੁੱਲੀਵਾਲ, ਅਮਨਦੀਪ ਸਿੰਘ ਰਾਏਸਰ ਆਦਿ ਨੇ ਕਿਹਾ ਕਿ ਪੀੜਤ ਪਰਿਵਾਰ ਕੋਲ ਮਹਿਜ਼ ਢਾਈ ਵਿੱਘੇ ਹੀ ਜ਼ਮੀਨ ਹੈ ਤੇ ਪੈਸੇ ਦੇ ਦੇਣ-ਲੈਣ ’ਚ ਇਸਦੀ ਕੁਰਕੀ ਕਰ ਕੇ ਪਰਿਵਾਰ ਨੂੰ ਬੇਜ਼ਮੀਨਾ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੀਆਂ ਹਨ ਪਰ ਦੂਜੇ ਪਾਸੇ ਜ਼ਮੀਨਾਂ ਕੁਰਕ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਨਾਇਬ ਤਹਿਸੀਲਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਵਿਰੋਧ ਅਤੇ ਤਣਾਅਪੂਰ ਸਥਿਤੀ ਦੇ ਮੱਦੇਨਜ਼ਰ ਰਿਪੋਰਟ ਅੱਗੇ ਭੇਜੀ ਜਾ ਰਹੀ ਹੈ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement