ਕੁਵੈਤ: ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਹਲਾਕ
ਦੁਬਈ, 12 ਜੂਨ
ਕੁਵੈਤ ’ਚ ਅੱਜ ਛੇ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਵਿਅਕਤੀਆਂ ਦੀ ਮੌਤ ਹੋ ਗਈ। ਇਮਾਰਤ ’ਚ ਵਿਦੇਸ਼ੀ ਕਾਮੇ ਰਹਿੰਦੇ ਸਨ। ਬਹੁਤਿਆਂ ਦੀ ਮੌਤ ਧੂੰਏਂ ਨਾਲ ਦਮ ਘੁਟਣ ਕਾਰਨ ਹੋਈ ਹੈ। ਬਚਾਅ ਕਾਰਜਾਂ ਦੌਰਾਨ ਪੰਜ ਅੱਗ ਬੁਝਾਊ ਕਰਮਚਾਰੀ ਵੀ ਜ਼ਖਮੀ ਹੋ ਗਏ। ਕੁਵੈਤ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੰਦਿਆਂ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਅਹਿਦ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ’ਤੇ ਅਫਸੋਸ ਪ੍ਰਗਟ ਕਰਦਿਆਂ ਮਿ੍ਰਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅੱਗ ਕਾਰਨ ਝੁਲਸੇ ਭਾਰਤੀਆਂ ਦਾ ਹਾਲਚਾਲ ਜਾਨਣ ਅਤੇ ਉਥੋਂ ਦੇ ਹਾਲਾਤ ਦੀ ਜਾਣਕਾਰੀ ਹਾਸਲ ਕਰਨ ਲਈ ਕੁਵੈਤ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ’ਤੇ ਕੁਵੈਤ ਗਏ ਕੀਰਤੀ ਵਰਧਨ ਸਿੰਘ ਹਾਦਸੇ ਵਿੱਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਮੁਲਕ ਲਿਆਉਣ ਦੇ ਪ੍ਰਬੰਧ ਵੀ ਕਰਨਗੇ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਵੈਤ ਵਿਚ ਭਾਰਤੀ ਸਫ਼ਾਰਤਖਾਨਾ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਪੀੜਤਾਂ ਦੀ ਮਦਦ ਲਈ ਉੱਥੋਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੁਵੈਤ ਦੇ ਦੱਖਣੀ ਅਹਿਮਦੀ ਗਵਰਨਰੇਟ ਦੇ ਮੰਗਾਫ਼ ਖੇਤਰ ਵਿੱਚ ਛੇ ਮੰਜ਼ਿਲਾ ਇਮਾਰਤ ਦੀ ਰਸੋਈ ਵਿੱਚ ਅੱਜ ਤੜਕੇ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਨਿਯਮਾਂ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਨਿਰਮਾਣ ਕੰਪਨੀ ਐੱਨਬੀਟੀਸੀ ਨੇ 195 ਤੋਂ ਵੱਧ ਮਜ਼ਦੂਰਾਂ ਦੇ ਰਹਿਣ ਲਈ ਇਹ ਇਮਾਰਤ ਕਿਰਾਏ ’ਤੇ ਲਈ ਹੋਈ ਸੀ ਜਿਨ੍ਹਾਂ ’ਚੋਂ ਜ਼ਿਆਦਾਤਰ ਕੇਰਲ, ਤਾਮਿਲਨਾਡੂ ਤੇ ਉੱਤਰੀ ਭਾਰਤ ਦੇ ਮਜ਼ਦੂਰ ਸਨ। ਕੁਵੈਤ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ‘ਐਕਸ’ ’ਤੇ ਕਿਹਾ, “ਹਾਦਸੇ ਸਬੰਧੀ ਸਫ਼ਾਰਤਖ਼ਾਨੇ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਪੀੜਤਾਂ ਨੂੰ ਜਾਣਕਾਰੀ ਲਈ ਇਸ ਹੈਲਪਲਾਈਨ ਨਾਲ ਜੁੜਨ ਦੀ ਅਪੀਲ ਕੀਤੀ ਜਾਂਦੀ ਹੈ। ਸਫ਼ਾਰਤਖ਼ਾਨਾ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ।” ਕੁਵੈਤ ਦੀ ਕੁੱਲ ਆਬਾਦੀ ਵਿੱਚ ਭਾਰਤੀਆਂ ਦੀ ਗਿਣਤੀ 21 ਫੀਸਦ (10 ਲੱਖ) ਅਤੇ ਕੁਵੈਤ ਵਿਚਲੇ ਕੁੱਲ ਮਜ਼ਦੂਰਾਂ ਵਿਚੋਂ ਭਾਰਤੀ ਕਾਮਿਆਂ ਦੀ ਗਿਣਤੀ 30 ਫੀਸਦ (ਲਗਪਗ 9 ਲੱਖ) ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ‘ਐਕਸ’ ’ਤੇ ਕਿਹਾ, ‘‘ਕੁਵੈਤ ਸਿਟੀ ਵਿੱਚ ਅੱਗ ਲੱਗਣ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਸਾਡੇ ਸਫੀਰ ਮੌਕੇ ’ਤੇ ਪਹੁੰਚ ਗਏ ਹਨ। ਇਸ ਦੁਖਦਾਈ ਘਟਨਾ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸਾਡਾ ਸਫ਼ਾਰਤਖ਼ਾਨਾ ਸਾਰਿਆਂ ਦੀ ਮਦਦ ਕਰਨ ਲਈ ਵਚਨਬੱਧ ਹੈ।’’ ਭਾਰਤੀ ਸਫੀਰ ਆਦਰਸ਼ ਸਵਾਇਕਾ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਬਾਅਦ ਵਿੱਚ ਹਸਪਤਾਲਾਂ ਦਾ ਵੀ ਦੌਰਾ ਕੀਤਾ ਜਿੱਥੇ ਭਾਰਤੀ ਮੁਲਾਜ਼ਮਾਂ ਦਾ ਇਲਾਜ ਚੱਲ ਰਿਹਾ ਹੈ। ਭਾਰਤੀ ਸਫਾਰਤਖਾਨੇ ਨੇ ਕਿਹਾ, “ਸਫੀਰ ਆਦਰਸ਼ ਸਵਾਇਕਾ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਸਫਾਰਤਖਾਨਾ ਲੋੜੀਂਦੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।’’ ਸਫਾਰਤਖਾਨੇ ਅਨੁਸਾਰ ਭਾਰਤੀ ਡਿਪਲੋਮੈਟ ਨੇ ਅਲ-ਅਦਾਨ ਹਸਪਤਾਲ ਅਤੇ ਫਰਵਾਨੀਆ ਹਸਪਤਾਲ ਵਿੱਚ ਕਈ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ। -ਪੀਟੀਆਈ
ਹਾਦਸਾ ਬਿਲਡਿੰਗ ਮਾਲਕਾਂ ਦੇ ਲਾਲਚ ਦਾ ਨਤੀਜਾ
‘ਕੁਵੈਤ ਟਾਈਮਜ਼’ ਦੀ ਰਿਪੋਰਟ ਮੁਤਾਬਕ ਕੁਵੈਤ ਦੇ ਗ੍ਰਹਿ ਤੇ ਰੱਖਿਆ ਮੰਤਰੀ ਸ਼ੇਖ ਫ਼ਾਹਦ ਅਲ-ਯੂਸਫ਼ ਅਲ-ਸਬਾਹ ਨੇ ਪੁਲੀਸ ਨੂੰ ਜ਼ਿੰਮੇਵਾਰ ਕੰਪਨੀ ਅਤੇ ਬਿਲਡਿੰਗ ਦੇ ਮਾਲਕਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਮੌਕੇ ਦਾ ਦੌਰਾ ਕਰਨ ਮਗਰੋਂ ਕਿਹਾ, “ਅੱਜ ਜੋ ਕੁਝ ਹੋਇਆ ਉਹ ਕੰਪਨੀ ਅਤੇ ਬਿਲਡਿੰਗ ਮਾਲਕਾਂ ਦੇ ਲਾਲਚ ਦਾ ਨਤੀਜਾ ਹੈ।’’ ਅਰਬ ਟਾਈਮਜ਼ ਨੇ ਦੱਸਿਆ ਕਿ ਕੁਵੈਤ ਮਿਉਂਸਪੈਲਿਟੀ ਦੇ ਡਾਇਰੈਕਟਰ ਜਨਰਲ ਸਾਊਦ ਅਲ-ਦਾਬੌਸ ਨੇ ਹਵਾਲੀ ਅਤੇ ਅਲ-ਅਹਿਮਦੀ ਗਵਰਨਰੇਟ ਮਾਮਲਿਆਂ ਦੇ ਡਿਪਟੀ ਡਾਇਰੈਕਟਰ ਜਨਰਲ ਸਮੇਤ ਕਈ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਵਿਦੇਸ਼ ਮੰਤਰਾਲਾ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਵੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਕੁਵੈਤ ਵਿਚ ਬਹੁਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ ਵਿਚ ਗਈਆਂ ਜਾਨਾਂ ’ਤੇ ਦੁਖ ਜਤਾਇਆ ਹੈ। ਪਾਰਟੀ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਪੀੜਤ ਭਾਰਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਏ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਕੁਵੈਤ ਵਿਚ ਇਸ ਭਿਆਨਕ ਹਾਦਸੇ ਦਾ ਵੱਡਾ ਦਰਦ ਹੈ, ਜਿੱਥੇ ਕਈ ਭਾਰਤੀ ਕਿਰਤੀਆਂ ਦੀ ਜਾਨ ਜਾਂਦੀ ਰਹੀ ਹੈ ਤੇ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਪੀੜਤ ਪਰਿਵਾਰਾਂ ਨਾਲ ਸੰਵੇਦਨਾਵਾਂ ਜ਼ਾਹਿਰ ਕਰਦੇ ਹਾਂ। ਅਸੀਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦੇ ਹਾਂ।’’ -ਪੀਟੀਆਈ