Kunal Kamra: ਮੁੰਬਈ ਪੁਲੀਸ ਵੱਲੋਂ ਕੁਨਾਲ ਕਾਮਰਾ ਖ਼ਿਲਾਫ਼ ਤਿੰਨ ਹੋਰ ਕੇਸ ਦਰਜ
ਮੁੰਬਈ, 29 ਮਾਰਚ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਕਥਿਤ ਵਿਵਾਦਪੂਰਨ ਟਿੱਪਣੀਆਂ ਨੂੰ ਲੈ ਕੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ (Stand-up comedian Kunal Kamra) ਵਿਰੁੱਧ ਖਾਰ ਪੁਲੀਸ ਸਟੇਸ਼ਨ ਵਿੱਚ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਮੁੰਬਈ ਪੁਲੀਸ ਮੁਤਾਬਕ ਇਕ ਸ਼ਿਕਾਇਤ ਜਲਗਾਓਂ ਸ਼ਹਿਰ ਦੇ ਮੇਅਰ ਨੇ ਦਰਜ ਕਰਵਾਈ ਸੀ, ਜਦੋਂ ਕਿ ਦੂਜੀਆਂ ਦੋ ਸ਼ਿਕਾਇਤਾਂ ਨਾਸਿਕ ਦੇ ਇੱਕ ਹੋਟਲ ਮਾਲਕ ਅਤੇ ਇੱਕ ਵਪਾਰੀ ਵੱਲੋਂ ਆਈਆਂ ਸਨ।
ਖਾਰ ਪੁਲੀਸ ਨੇ ਕਾਮਰਾ ਨੂੰ ਪੁੱਛਗਿੱਛ ਲਈ ਦੋ ਵਾਰ ਬੁਲਾਇਆ ਹੈ, ਪਰ ਉਹ ਅਜੇ ਤੱਕ ਜਾਂਚ ਲਈ ਪੇਸ਼ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ, ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕੁਨਾਲ ਕਾਮਰਾ ਨੂੰ ਉਸਦੇ ਖਿਲਾਫ ਦਰਜ ਕਈ ਐਫਆਈਆਰਜ਼ ਦੇ ਸਬੰਧ ਵਿੱਚ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਜਸਟਿਸ ਸੁੰਦਰ ਮੋਹਨ ਨੇ ਸ਼ਰਤਾਂ ਨਾਲ 7 ਅਪਰੈਲ ਤੱਕ ਅੰਤਰਿਮ ਅਗਾਊਂ ਜ਼ਮਾਨਤ ਦਾ ਹੁਕਮ ਦਿੱਤਾ ਹੈ।
ਕੁਨਾਲ ਕਾਮਰਾ ਨੇ ਇਹ ਕਹਿੰਦਿਆਂ ਮਦਰਾਸ ਹਾਈ ਕੋਰਟ ਵਿੱਚ ਟਰਾਂਜ਼ਿਟ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ ਕਿ ਉਨ੍ਹਾਂ ਦੀਆਂ ਹਾਲੀਆ ਵਿਅੰਗਮਈ ਟਿੱਪਣੀਆਂ ਤੋਂ ਬਾਅਦ ਉਨ੍ਹਾਂ ਨੂੰ ਕਈ ਧਮਕੀਆਂ ਮਿਲ ਰਹੀਆਂ ਹਨ। ਮੁੰਬਈ ਪੁਲੀਸ ਨੇ 27 ਮਾਰਚ ਨੂੰ ਕਾਮੇਡੀਅਨ ਨੂੰ ਮਾਮਲੇ ਵਿੱਚ ਹੋਰ ਪੁੱਛਗਿੱਛ ਲਈ 31 ਮਾਰਚ ਨੂੰ ਖਾਰ ਪੁਲੀਸ ਸਟੇਸ਼ਨ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਸ਼ਿਵ ਸੈਨਾ ਦੇ ਵਿਧਾਇਕ ਮੁਰਜੀ ਪਟੇਲ ਵੱਲੋਂ ਖਾਰ ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾਏ ਗਏ ਮਾਮਲੇ ਵਿੱਚ ਕਾਮਰਾ ਨੂੰ ਜਾਰੀ ਕੀਤਾ ਗਿਆ ਇਹ ਤੀਜਾ ਸੰਮਨ ਹੈ। ਉਹ ਪਹਿਲੇ ਦੋ ਸੰਮਨਾਂ ਵਿੱਚ ਪੁਲੀਸ ਸਾਹਮਣੇ ਪੇਸ਼ ਨਹੀਂ ਹੋਇਆ।
ਇਸ ਤੋਂ ਪਹਿਲਾਂ ਵੀਰਵਾਰ ਨੂੰ, ਕੁਨਾਲ ਕਾਮਰਾ ਨੇ ਮੁੱਖ ਧਾਰਾ ਦੇ ਮੀਡੀਆ ਦੀ ਆਲੋਚਨਾ ਕੀਤੀ, ਇਸ 'ਤੇ ਹਾਕਮ ਪਾਰਟੀ ਦੇ ਇੱਕ ਬੁਲਾਰੇ ਵਜੋਂ ਕੰਮ ਕਰਨ ਦਾ ਦੋਸ਼ ਲਗਾਇਆ। ਕਾਮਰਾ ਨੇ ਮੀਡੀਆ ਨੂੰ "ਗਿਰਝ" ਕਿਹਾ ਅਤੇ ਗਲਤ ਜਾਣਕਾਰੀ ਫੈਲਾਉਣ ਅਤੇ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਵਿੱਚ ਮੀਡੀਆ ਦੀ ਭੂਮਿਕਾ ਲਈ ਆਪਣੀ ਨਫ਼ਰਤ ਜ਼ਾਹਰ ਕੀਤੀ।
ਕਾਮਰਾ ਨੇ ਇਸ ਸਬੰਧੀ X 'ਤੇ ਪੋਸਟ ਕੀਤਾ, "ਉਨ੍ਹਾਂ ਸਾਰਿਆਂ ਲਈ ਜੋ ਹਵਾਲੇ ਭਾਲਦੇ ਫਿਰ ਰਹੇ ਹਨ - "ਇਸ ਸਮੇਂ ਮੁੱਖ ਧਾਰਾ ਮੀਡੀਆ ਸੱਤਾਧਾਰੀ ਪਾਰਟੀ ਦੇ ਗਲਤ ਸੰਚਾਰ ਵਾਲੇ ਬੁਲਾਰੇ ਤੋਂ ਇਲਾਵਾ ਕੁਝ ਨਹੀਂ ਹੈ।" "ਉਹ ਗਿਰਝਾਂ ਹਨ ਜੋ ਉਨ੍ਹਾਂ ਮੁੱਦਿਆਂ 'ਤੇ ਰਿਪੋਰਟ ਕਰਦੇ ਹਨ ਜੋ ਇਸ ਦੇਸ਼ ਦੇ ਲੋਕਾਂ ਲਈ ਮਾਇਨੇ ਨਹੀਂ ਰੱਖਦੇ। ਜੇ ਉਹ ਸਾਰੇ ਕੱਲ੍ਹ ਤੋਂ ਲੈ ਕੇ ਹਮੇਸ਼ਾ ਲਈ ਦੁਕਾਨਾਂ ਬੰਦ ਕਰ ਦਿੰਦੇ ਹਨ, ਤਾਂ ਉਹ ਦੇਸ਼, ਇਸਦੇ ਲੋਕਾਂ ਅਤੇ ਆਪਣੇ ਬੱਚਿਆਂ 'ਤੇ ਅਹਿਸਾਨ ਕਰ ਰਹੇ ਹੋਣਗੇ।" -ਏਐਨਆਈ
Mumbai, Maharashtra, Kunal kamra, Eknath Shinde, Stand-up comedian, Mumbai police