ਕੁੰਭੜਾ ਕਤਲਕਾਂਡ: ਪੀੜਤ ਪਰਿਵਾਰਾਂ ਤੇ ਪਿੰਡ ਵਾਸੀਆਂ ਵੱਲੋਂ ਮੁਜ਼ਾਹਰਾ
ਪੱਤਰ ਪ੍ਰੇਰਕ
ਐੱਸਏਐਸ ਨਗਰ (ਮੁਹਾਲੀ), 30 ਦਸੰਬਰ
ਐਸਸੀ, ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਕੁੰਭੜਾ ਦੇ ਦੋ ਪੰਜਾਬੀ ਨੌਜਵਾਨਾਂ ਦੇ ਕਤਲ ਮਾਮਲੇ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਫੇਜ਼-7 ਸਥਿਤ ਲਾਲ ਬੱਤੀ ਚੌਕ ਵਿਚਕਾਰ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੀਤੀ 13 ਨਵੰਬਰ ਨੂੰ ਪਰਵਾਸੀਆਂ ਵੱਲੋਂ ਦਮਨਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਪਰ ਹੁਣ ਤੱਕ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਦੋਵੇਂ ਪੀੜਤ ਪਰਿਵਾਰਾਂ ਨੂੰ 1-1 ਕਰੋੜ ਰੁਪਏ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਦੇਣ ਦੀ ਮੰਗ ਕੀਤੀ ਗਈ ਸੀ ਪਰ ਉਦੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ 25-25 ਲੱਖ ਰੁਪਏ ਦੇਣ ਦੀ ਗੱਲ ਆਖ ਕੇ ਲੋਕਾਂ ਨੂੰ ਸ਼ਾਂਤ ਕਰ ਦਿੱਤਾ। ਹੁਣ ਤੱਕ ਪੀੜਤ ਪਰਿਵਾਰਾਂ ਨੂੰ ਨਿਗੂਣੀ ਰਾਸ਼ੀ ਹੀ ਪ੍ਰਾਪਤ ਹੋਈ ਹੈ ਅਤੇ ਬਾਕੀ ਮੁਆਵਜ਼ਾ ਰਾਸ਼ੀ ਬਾਰੇ ਅਧਿਕਾਰੀਆਂ ਨੇ ਚੁੱਪ ਵੱਟ ਲਈ ਹੈ। ਇਹੀ ਨਹੀਂ ਪੁਲੀਸ ਨੇ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਧਰਨਾ ਦੇਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।
ਬੁਲਾਰਿਆਂ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਜਾਅਲੀ ਐਸਸੀ ਸਰਟੀਫਿਕੇਟਾਂ ਦੀ ਜਾਂਚ ਨੂੰ ਲੈ ਕੇ ਇਸੇ ਥਾਂ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ ਸੀ ਪਰ ਉਦੋਂ ਵੀ ਪੁਲੀਸ ਨੇ ਬਲਵਿੰਦਰ ਸਿੰਘ ਕੁੰਭੜਾ ਅਤੇ ਉਸ ਦੀ ਪਤਨੀ ਗੁਰਨਾਮ ਕੌਰ ਸਣੇ ਹੋਰਨਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਡੀਸੀ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਭੇਜਿਆ। ਇਹ ਮੰਗ ਪੱਤਰ ਐੱਸਡੀਐਮ ਦਮਨਦੀਪ ਕੌਰ ਨੇ ਪ੍ਰਾਪਤ ਕੀਤਾ ਅਤੇ ਸਰਕਾਰ ਤੱਕ ਪੁੱਜਦਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੋਨੀਆ ਰਾਣੀ, ਬਲਵਿੰਦਰ ਸਿੰਘ, ਪਿਆਰੀ, ਮਮਤਾ, ਸੁਰਿੰਦਰ ਸਿੰਘ ਛਿੰਦਾ ਅਤੇ ਪੱਕਾ ਮੋਰਚੇ ਦੇ ਆਗੂ ਨੰਬਰਦਾਰ ਹਰਚੰਦ ਸਿੰਘ ਜਖਵਾਲੀ, ਪ੍ਰਿੰਸੀਪਲ ਬਨਵਾਰੀ ਲਾਲ, ਜੈ ਸਿੰਘ ਬਾੜਾ, ਲਖਵੀਰ ਸਿੰਘ ਰੁਪਾਲਹੇੜੀ, ਮਨਦੀਪ ਸਿੰਘ ਕੁੰਭੜਾ, ਬਿਕਰਮਜੀਤ ਸਿੰਘ ਪੰਚ, ਹਰਨੇਕ ਸਿੰਘ ਮਲੋਆ, ਹਜ਼ਾਰਾ ਸਿੰਘ ਸਾਬਕਾ ਸਰਪੰਚ, ਨੰਬਰਦਾਰ ਬਲਵਿੰਦਰ ਸਿੰਘ, ਮਨਜੀਤ ਸਿੰਘ ਮੇਵਾ, ਸਤੀਸ਼ ਕੁਮਾਰ, ਸੁਰਿੰਦਰ ਸਿੰਘ ਕੰਡਾਲਾ, ਰਿਸ਼ੀਰਾਜ ਮਹਾਰ, ਸਰਪੰਚ ਬਲਵਿੰਦਰ ਸਿੰਘ ਮੱਕੜਿਆਂ ਹਾਜ਼ਰ ਸਨ।