For the best experience, open
https://m.punjabitribuneonline.com
on your mobile browser.
Advertisement

ਕੁਲਰੀਆਂ ਵਿਵਾਦ: ਕਿਸਾਨਾਂ ਨੇ ਜ਼ਮੀਨ ਬਚਾਉਣ ਲਈ ਲਾਇਆ ਮੋਰਚਾ

11:26 AM Sep 21, 2024 IST
ਕੁਲਰੀਆਂ ਵਿਵਾਦ  ਕਿਸਾਨਾਂ ਨੇ ਜ਼ਮੀਨ ਬਚਾਉਣ ਲਈ ਲਾਇਆ ਮੋਰਚਾ
ਪਿੰਡ ਕੁਲਰੀਆਂ ਵਿੱਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹਏ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ।
Advertisement

ਜੋਗਿੰਦਰ ਸਿੰਘ ਮਾਨ/ਸੱਤ ਪ੍ਰਕਾਸ਼ ਸਿੰਗਲਾ
ਮਾਨਸਾ/ਬਰੇਟਾ, 20 ਸਤੰਬਰ
ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ’ਚ ਆਬਾਦਕਾਰ ਕਿਸਾਨਾਂ ਨੂੰ ਜ਼ਮੀਨ ਦਾ ਹੱਕ ਦਿਵਾਉਣ ਲਈ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ‘ਕੁਲਰੀਆਂ ਜ਼ਮੀਨ ਬਚਾਓ ਮੋਰਚਾ’ ਸ਼ੁਰੂ ਹੋ ਗਿਆ। ਮੋਰਚੇ ਦੇ ਪਹਿਲੇ ਦਿਨ ਮਾਨਸਾ ਜ਼ਿਲ੍ਹੇ ਵਿੱਚੋਂ ਸੈਂਕੜੇ ਕਿਸਾਨਾਂ ਅਤੇ ਬੀਬੀਆਂ ਨੇ ਕੁਲਰੀਆਂ ਦੀ ਅਨਾਜ ਮੰਡੀ ਵਿੱਚ ਇਕੱਠੇ ਹੋਕੇ ਰੋਹ ਭਰਪੂਰ ਰੈਲੀ ਕੀਤੀ।
ਭਾਵੇਂ ਪੁਲੀਸ ਵੱਲੋਂ ਇਕੱਠ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਇਸਦੇ ਬਾਵਜੂਦ ਪੁਲੀਸ ਨਾਕਿਆਂ ਦੀ ਪ੍ਰਵਾਹ ਨਾ ਕਰਦਿਆਂ ਵੱਡੀ ਗਿਣਤੀ ਵਿੱਚ ਕਿਸਾਨ ਪਿੰਡ ਕੁਲਰੀਆਂ ਪੁੱਜੇ। ਕਿਸਾਨਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਕੁਲਰੀਆਂ ਜ਼ਮੀਨ ਮਾਮਲੇ ਲਈ ਸ਼ਾਂਤਮਈ ਸੰਘਰਸ਼ ਲੜਦੇ ਆ ਰਹੇ ਹਾਂ, ਪਰ ਸੱਤਾਧਾਰੀ ਪਾਰਟੀ ਦੀ ਸ਼ਹਿ ’ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਮੀਨਾਂ ਖੋਹਣ ਦੀਆਂ ਕੋਸ਼ਿਸਾਂ ਦੇ ਨਾਲ-ਨਾਲ ਜਾਨੋ ਮਾਰਨ ਦੀ ਨੀਅਤ ਨਾਲ ਦੋ ਵਾਰ ਹਮਲੇ ਹੋਏ ਹਨ। ਉਨ੍ਹਾਂ ਕਿਹਾ ਕਿ ਹਮਲਾਵਰ ਧਿਰ ’ਤੇ ਪਰਚੇ ਦਰਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਚ ਤੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨਨ ਨੇ ਜਥੇਬੰਦੀ ਨਾਲ ਵਾਅਦਾ ਪੂਰਾ ਨਾ ਕੀਤਾ ਤਾਂ 26 ਸਤੰਬਰ ਨੂੰ ਘੋਲ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਸ਼ਾਸਨ ਇੱਕ ਤੋਂ ਵੱਧ ਵਾਰ ਵਾਅਦੇ ਕਰਕੇ ਮੁੱਕਰ ਚੁੱਕਾ ਹੈ ਪਰ ਜਥੇਬੰਦੀ ਨੇ ਹੁਣ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ।ਇਸ ਮੌਕੇ ਅੰਗਰੇਜ਼ ਸਿੰਘ ਭਦੌੜ,ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀਬਾਘਾ,ਲਖਬੀਰ ਸਿੰਘ ਅਕਲੀਆ, ਦੇਵੀ ਰਾਮ ਰੰਘੜਿਆਲ,ਜਗਦੇਵ ਸਿੰਘ,ਤਾਰਾ ਚੰਦ ਬਰੇਟਾ, ਬਲਵਿੰਦਰ ਸ਼ਰਮਾ,ਤੇਜ ਰਾਮ ਅਹਿਮਦਪੁਰ, ਗੁਰਚਰਨ ਸਿੰਘ, ਕਾਲਾ ਸਿੰਘ ਆਕਲੀਆ, ਗੁਰਪ੍ਰੀਤ ਸਿੰਘ ਕੁੱਲਰੀਆਂ, ਬਲਕਾਰ ਸਿੰਘ ਖਿਆਲੀ ਚਹਿਲਾਂ, ਵਰਿਆਮ ਸਿੰਘ ਖਿਆਲਾ, ਰਾਵਲ ਕੋਟੜਾ ਨੇ ਵੀ ਸੰਬੋਧਨ ਕੀਤਾ।

Advertisement

ਅਧਿਕਾਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਹੋਈ ਮੀਟਿੰਗ

ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਲਰੀਆਂ ਵਿਵਾਦ ਜ਼ਮੀਨ ਮਾਮਲੇ ਵਿੱਚ ਅੱਜ ਪਿੰਡ ਕੁਲਰੀਆਂ ਵਿਚ ਐਸਡੀਐਮ ਬੁਢਲਾਡਾ ਗਗਨਦੀਪ ਸਿੰਘ ਅਤੇ ਡੀਐੱਸਪੀ ਬੁਢਲਾਡਾ ਨਾਲ ਇੱਕ ਵਾਰ ਫਿਰ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ, ਜਿਸ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨਾਲ 25 ਸਤੰਬਰ ਨੂੰ ਮੀਟਿੰਗ ਤੈਅ ਕਰਵਾਈ ਗਈ। ਪ੍ਰਸ਼ਾਸਨ ਦੇ ਰਵੱਈਏ ਅਤੇ ਭਰੋਸੇ ਨੂੰ ਵੇਖਦੇ ਹੋਏ ਬੇਸ਼ੱਕ ਜਥੇਬੰਦੀ ਨੇ 25 ਸਤੰਬਰ ਤੱਕ ਕੁਲਰੀਆਂ ਵਿਖੇ ਜਥੇ ਭੇਜਣ ਦਾ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ ਹੈ। ਜਥੇਬੰਦੀ ਅਨੁਸਾਰ ਜੇਕਰ 25 ਸਤੰਬਰ ਨੂੰ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਤਾਂ 26 ਸਤੰਬਰ ਨੂੰ ਕੁਲਰੀਆਂ ਵਿੱਚ ਭਾਰੀ ਇਕੱਠ ਕੀਤਾ ਜਾਵੇਗਾ।

Advertisement

Advertisement
Author Image

sanam grng

View all posts

Advertisement