Kullu: ਲੜਕੀ ਦੀ ਲਾਸ਼ ਹੋਟਲ ’ਚ ਛੱਡ ਕੇ ਭੱਜੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ
* ਇੱਕ ਮੁਲਜ਼ਮ ਦਾ ਸਬੰਧ ਬਠਿੰਡਾ ਨਾਲ
* ਹਫਤੇ ’ਚ ਵਾਪਰੀ ਕਤਲ ਦੀ ਦੂਜੀ ਘਟਨਾ
ਅਭਿਨਵ ਵਸ਼ਿਸ਼ਟ
ਕੁੱਲੂ, 13 ਜਨਵਰੀ
ਹਿਮਾਚਲ ਪ੍ਰਦੇਸ਼ ਪੁਲੀਸ ਨੇ ਸ਼ਨਿਚਰਵਾਰ ਦੇਰ ਰਾਤ ਕੁੱਲੂ ਦੇ ਕਸੋਲ ਵਿਚਲੇ ਹੋਟਲ ਦੀ ਰਿਸੈਪਸ਼ਨ ’ਚ 23 ਸਾਲਾ ਲੜਕੀ ਦੀ ਲਾਸ਼ ਛੱਡ ਕੇ ਕਥਿਤ ਤੌਰ ’ਤੇ ਫਰਾਰ ਹੋਣ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਆਕਾਸ਼ਦੀਪ ਸਿੰਘ, ਉਸ ਦਾ ਦੋਸਤ ਤੇ ਸਬੰਧਤ ਲੜਕੀ ਇਸ ਹੋਟਲ ਦੇ ਕਮਰਾ ਨੰਬਰ 904 ’ਚ 10 ਜਨਵਰੀ ਤੋਂ ਠਹਿਰੇ ਹੋਏ ਸਨ।
ਹੋਟਲ ਦੀ ਮਹਿਲਾ ਰਿਸੈਪਸ਼ਨਿਸਟ ਅਤੇ ਦੋ ਹੋਰ ਸਟਾਫ ਮੈਂਬਰ ਰਾਤ ਤਕਰੀਬਨ 12.30 ਵਜੇ ਰੇਸਤਰਾਂ ’ਚ ਖਾਣਾ ਖਾ ਰਹੇ ਸਨ ਤਾਂ ਉਨ੍ਹਾਂ ਦੋ ਨੌਜਵਾਨਾਂ ਨੂੰ ਪੌੜੀਆਂ ਤੋਂ ਹੇਠਾਂ ਆਉਂਦੇ ਦੇਖਿਆ। ਉਹ ਦੋਵੇਂ ਲੜਕੀ ਨੂੰ ਚੁੱਕ ਕੇ ਲਿਆ ਰਹੇ ਸਨ। ਪੁੱਛੇ ਜਾਣ ’ਤੇ ਲੜਕਿਆਂ ਨੇ ਦਾਅਵਾ ਕੀਤਾ ਕਿ ਲੜਕੀ ਸ਼ਰਾਬ ਪੀਣ ਮਗਰੋਂ ਬਾਥਰੂਮ ’ਚ ਡਿੱਗਣ ਕਾਰਨ ਬੇਹੋਸ਼ ਹੋ ਗਏ ਅਤੇ ਉਹ ਉਸ ਨੂੰ ਹਸਪਤਾਲ ਲਿਜਾ ਰਹੇ ਹਨ। ਰਿਸੈਪਸ਼ਨਿਸਟ ਨੇ ਮੈਨੇਜਰ ਨਾਲ ਗੱਲ ਕਰਨ ਤੇ ਹੋਟਲ ਸਟਾਫ ਨੂੰ ਨਾਲ ਭੇਜਣ ਦੀ ਗੱਲ ਕਹੀ ਤਾਂ ਦੋਵੇਂ ਨੌਜਵਾਨ ਆਪਣੀ ਪੰਜਾਬ ਨੰਬਰ ਦੀ ਸਕਾਰਪੀਓ ਕਾਰ ’ਚ ਬੈਠ ਕੇ ਫਰਾਰ ਹੋ ਗਏ। ਸਟਾਫ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕੁੱਲੂ ਦੇ ਏਐੱਸਪੀ ਸੰਜੀਵ ਚੌਹਾਨ ਨੇ ਦੱਸਿਆ ਕਿ ਹੋਟਲ ਸਟਾਫ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲੀਸ ਕੇਸ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਗਈ ਹੈ। ਪੁਲੀਸ ਲੜਕੀ ਦਾ ਪਿਛੋਕੜ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਨੀਕਰਨ ਘਾਟੀ ’ਚ ਇਸ ਹਫ਼ਤੇ ਅੰਦਰ ਹੋਇਆ ਦੀ ਦੂਜਾ ਕਤਲ ਹੈ।