ਕੁੱਲਰੀਆਂ ਜ਼ਮੀਨ ਮਾਮਲਾ: ਕਿਸਾਨ ਜਥੇਬੰਦੀ ਵੱਲੋਂ ਸੂਬਾ ਪੱਧਰੀ ਮੀਟਿੰਗ ਅੱਜ
ਜੋਗਿੰਦਰ ਸਿੰਘ ਮਾਨ
ਮਾਨਸਾ, 29 ਸਤੰਬਰ
ਪਿੰਡ ਕੁੱਲਰੀਆਂ ਵਿੱਚ ਜ਼ਮੀਨ ਬਚਾਓ ਮੋਰਚੇ ਦੌਰਾਨ ਚੱਲ ਰਹੇ ਸੰਘਰਸ਼ ਸਬੰਧੀ ਹੁਣ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਭਲਕੇ 30 ਸਤੰਬਰ ਨੂੰ ਜਥੇਬੰਦੀ ਦੇ ਸੰਘਰਸ਼ ਨੂੰ ਸੂਬਾ ਪੱਧਰੀ ਬਣਾਉਣ ਲਈ ਬਰਨਾਲਾ ਵਿੱਚ ਇੱਕ ਵਿਸ਼ੇਸ਼ ਮੀਟਿੰਗ ਸੱਦ ਲਈ ਹੈ। ਇਸ ਤੋਂ ਪਹਿਲਾਂ ਇਹ ਸੰਘਰਸ਼ ਜ਼ਿਲ੍ਹਾ ਪੱਧਰੀ ਕਮੇਟੀ ਦੀ ਅਗਵਾਈ ਹੇਠ ਚੱਲ ਰਿਹਾ ਸੀ। ਜਥੇਬੰਦੀ ਦੀ 25 ਸਤੰਬਰ ਨੂੰ ਮਾਨਸਾ ਵਿੱਚ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਮਸਲੇ ਦਾ ਕੋਈ ਢੁੱਕਵਾਂ ਹੱਲ ਨਹੀਂ ਸੀ ਨਿਕਲਿਆ, ਪਰ ਜਥੇਬੰਦੀ ਨੇ ਉਸੇ ਦਿਨ ਤੋਂ ਕੁਲਰੀਆਂ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਲਈ ਜ਼ਿਲ੍ਹਾ ਪੱਧਰੀ ਕਾਫ਼ਲੇ ਭੇਜਣੇ ਆਰੰਭ ਕਰ ਦਿੱਤੇ ਸਨ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਅੱਜ ਦੱਸਿਆ ਕਿ ਕੁੱਲਰੀਆਂ ਵਿਵਾਦਤ ਜ਼ਮੀਨ ਦੇ ਹੱਲ ਲਈ ਪੰਜਾਬ ਸਰਕਾਰ ਅਤੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਮੀਟਿੰਗਾਂ ਕਰਕੇ ਵਾਰ-ਵਾਰ ਭਰੋਸਾ ਦਿੰਦੇ ਆ ਰਹੇ ਹਨ, ਪਰ ਅੱਜ ਤੱਕ ਇਮਾਨਦਾਰੀ ਨਾਲ ਕਿਸੇ ਅਧਿਕਾਰੀ ਨੇ ਚਿਰਾਂ ਤੋਂ ਲਮਕੇ ਹੋਏ ਇਸ ਮਸਲੇ ਦਾ ਹੱਲ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਜਥੇਬੰਦੀ ਵੱਲੋਂ ਇਸ ਸੰਘਰਸ਼ ਨੂੰ ਸੂਬਾ ਪੱਧਰੀ ਬਣਾਉਣ ਲਈ ਭਲਕੇ ਮੀਟਿੰਗ ਵਿੱਚ ਫੈਸਲਾ ਕਰ ਕੇ ਬਾਕਾਇਦਾ 2 ਅਕਤੂਬਰ ਤੋਂ ਪ੍ਰਸ਼ਾਸਨ ਸਮੇਤ ਸਰਕਾਰ ਨੂੰ ਘੇਰਨ ਲਈ ਵੱਡੇ ਐਕਸ਼ਨ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਮਾਨਸਾ ਪ੍ਰਸ਼ਾਸਨ ਨੇ ਮਸਲੇ ਦੇ ਹੱਲ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ, ਜੋ ਭਲਕੇ ਸਮਾਪਤ ਹੋ ਰਿਹਾ ਹੈ। ਇਸੇ ਦੌਰਾਨ ਅੱਜ ਪਿੰਡ ਕੁੱਲਰੀਆਂ ਵਿੱਚ ਚੱਲ ਰਹੇ ਮੋਰਚੇ ਦੌਰਾਨ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ ਅਤੇ ਕਿਸਾਨਾਂ ਨੇ ਨਾਅਰੇ ਲਗਾਕੇ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਬੁਲਾਰਿਆਂ ਨੇ ਕਥਿਤ ਦੋਸ਼ੀ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਉਨ੍ਹਾਂ ਐਲਾਨ ਕੀਤਾ ਕਿ ਜਿੰਨਾਂ ਚਿਰ ਤੱਕ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ, ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਜਗਤਾਰ ਸਿੰਘ ਦੇੜਕਾ, ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬਸੂਵਾਲ, ਰਣਵੀਰ ਸਿੰਘ, ਮੱਖਣ ਸਿੰਘ ਭੈਣੀਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਤਾਰਾ ਚੰਦ ਬਰੇਟਾ, ਬਲਵਿੰਦਰ ਸ਼ਰਮਾ ਖਿਆਲਾ, ਜਗਦੇਵ ਸਿੰਘ ਕੋਟਲੀ ਅਤੇ ਜਗਜੀਵਨ ਸਿੰਘ ਹਸਨਪੁਰ ਅਤੇ ਬਲਜੀਤ ਸਿੰਘ ਭੈਣੀਬਾਘਾ ਨੇ ਸੰਬੋਧਨ ਕੀਤਾ।