ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ 15 ਜ਼ਿਲ੍ਹਿਆਂ ਵਿੱਚ ਫੂਕੀਆਂ ਅਰਥੀਆਂ
ਆਤਿਸ਼ ਗੁਪਤਾ
ਚੰਡੀਗੜ੍ਹ, 14 ਫਰਵਰੀ
ਕਿਸਾਨੀ ਮੰਗਾਂ ਦੇ ਹੱਲ ਲਈ ਦਿੱਲੀ ਕੂਚ ਕਰਨ ਜਾ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਰੋਕਾਂ ਲਗਾਉਣ, ਅੱਥਰੂ ਗੈਸ ਦੇ ਗੋਲੇ ਸੁੱਟਣ ਤੇ ਕਿਸਾਨਾਂ ਨੂੰ ਕੁੱਟਣ ਅਤੇ ਜ਼ਖ਼ਮੀ ਕਰਨ ਦੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ। ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਪੰਜਾਬ ਦੇ 15 ਜ਼ਿਲ੍ਹਿਆਂ ਦੇ 40 ਬਲਾਕਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਨੇ 15 ਫਰਵਰੀ ਨੂੰ ਸੂਬੇ ਵਿੱਚ 7 ਥਾਵਾਂ ’ਤੇ 4 ਘੰਟੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ 15 ਜ਼ਿਲ੍ਹਿਆਂ ਦੇ 40 ਬਲਾਕਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। 16 ਫਰਵਰੀ ਨੂੰ ਪੰਜਾਬ ਵਿੱਚ ਵੀ ਦੁਪਹਿਰ 12 ਤੋਂ 4 ਵਜੇ ਤੱਕ ਆਵਾਜਾਈ ਠੱਪ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਨੇ 15 ਫਰਵਰੀ ਨੂੰ ਪੰਜਾਬ ਵਿੱਚ 7 ਥਾਵਾਂ ’ਤੇ ਦੁਪਹਿਰ 12 ਤੋਂ 4 ਵਜੇ ਤੱਕ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਹੈ।
ਇਤਰਾਜ਼ ਦੇ ਬਾਵਜੂਦ ਪੰਜਾਬ ਦੇ ਖੇਤਰ ’ਚ ਉਡਾਰੀਆਂ ਮਾਰ ਰਹੇ ਨੇ ਹਰਿਆਣਾ ਦੇ ਡਰੋਨ
ਗੂਹਲਾ ਚੀਕਾ (ਰਾਮ ਕੁਮਾਰ ਮਿੱਤਲ): ਹਰਿਆਣਾ ਸਰਕਾਰ ਵੱਲੋਂ ਘੱਗਰ ਦਰਿਆ ’ਤੇ ਲਗਾਏ ਨਾਕੇ ਦੌਰਾਨ ਡਰੋਨ ਰਾਹੀਂ ਪੰਜਾਬ ਖੇਤਰ ਦੀਆਂ ਕਿਸਾਨ ਜੱਥੇਬੰਦੀਆਂ ਦੀਆਂ ਗਤੀਵਿਧੀਆਂ ਨੂੰ ਵਾਚਿਆ ਜਾ ਰਿਹਾ ਹੈ। ਇਸ ’ਤੇ ਪੰਜਾਬ ਸਰਕਾਰ ਵੱਲੋਂ ਇਤਰਾਜ਼ ਪ੍ਰਗਟਾਉਣ ਦੇ ਬਾਵਜੂਦ ਹਰਿਆਣਾ ਸਰਕਾਰ ਦਾ ਪੰਜਾਬ ਖੇਤਰ ਵਿੱਚ ਡਰੋਨ ਉਡਾਉਣਾ ਜਾਰੀ ਹੈ।
ਸਿਰਸਾ ਦੇ ਕਿਸਾਨ ਭਲਕੇ ਕਰਨਗੇ ਦਿੱਲੀ ਵੱਲ ਕੂਚ
ਸਿਰਸਾ (ਪ੍ਰਭੂ ਦਿਆਲ): ਇੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਪੰਜੂਆਣਾ ਪਿੰਡ ਨੇੜੇ ਨੈਸ਼ਨਲ ਹਾਈਵੇਅ ’ਤੇ ਕਿਸਾਨਾਂ ਵੱਲੋਂ ਲਾਏ ਗਏ ਲੰਗਰ ਵਾਲੀ ਥਾਂ ’ਤੇ ਹੋਈ। ਿਕਸਾਨਾਂ ਨੇ ਮੀਟਿੰਗ ’ਚ ਫੈਸਲਾ ਲਿਆ ਕਿ ਸਿਰਸਾ ਦੇ ਕਿਸਾਨ 16 ਫਰਵਰੀ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਪੁਲੀਸ ਵੱਲੋਂ ਘੱਗਰ ਦਰਿਆ ਦੇ ਪੁਲ ’ਤੇ ਲਾਈਆਂ ਰੋਕਾਂ ਨੂੰ ਹਟਾ ਕੇ ਦਿੱਲੀ ਵੱਲ ਕੂਚ ਕਰਨਗੇ।