ਕੋਠੀ ਵਿਵਾਦ: ਹੜ੍ਹਾਂ ਦੇ ਮੱਦੇਨਜ਼ਰ ਐੱਸਐੱਸਪੀ ਦਫ਼ਤਰ ਦਾ ਘਿਰਾਓ ਮੁਲਤਵੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਜੁਲਾਈ
ਹੁਕਮਰਾਨ ਆਮ ਆਦਮੀ ਪਾਰਟੀ ਨਾਲ ਸਬੰਧਤ ਵਿਅਕਤੀਆਂ ਵੱਲੋਂ ਐੱਨਆਰਆਈ ਪਰਿਵਾਰ ਦੀ ਸੁੰਨੀ ਪਈ ਕੋਠੀ ਦਾ ਜਾਅਲਸਾਜ਼ੀ ਢੰਗ ਤਰੀਕੇ ਨਾਲ ਇੰਤਕਾਲ ਕਰਵਾਉਣ ਅਤੇ ਕਬਜ਼ਾ ਕਰਨ ਦੇ ਵਿਰੋਧ ‘ਚ 17 ਜੁਲਾਈ ਨੂੰ ਰੱਖਿਆ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦੇ ਘਿਰਾਓ ਦਾ ਪ੍ਰੋਗਰਾਮ ਹੜ੍ਹਾਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਹੈ। ਪਰਵਾਸੀ ਪੰਜਾਬੀ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਸੰਗਠਿਤ ਐੱਨਆਰਆਈ ਜਾਇਦਾਦ ਬਚਾਓ ਐਕਸ਼ਨ ਕਮੇਟੀ ਦੀ ਮੀਟਿੰਗ ਅੱਜ ਕਾਮਰੇਡ ਭਰਪੂਰ ਸਿੰਘ ਸਵੱਦੀ ਦੀ ਪ੍ਰਧਾਨਗੀ ਹੇਠ ਸਥਾਨਕ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਵਿੱਚ ਹੋਈ ਜਿਸ ‘ਚ ਇਸ ਬਾਰੇ ਫ਼ੈਸਲਾ ਲਿਆ ਗਿਆ। ਐਕਸ਼ਨ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਕਾਫੀ ਵਿਚਾਰ-ਵਿਟਾਂਦਰੇ ਤੋਂ ਬਾਅਦ ਪੰਜਾਬ ‘ਚ ਬਣੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ, ਜਿਸ ’ਚ ਜਥੇਬੰਦੀਆਂ ਤੇ ਪ੍ਰਸ਼ਾਸਨ ਹੜ੍ਹ ਪੀੜਤਾਂ ਦੀ ਮਦਦ ’ਚ ਰੁੱਝੇ ਹੋਣ ਕਰਕੇ, ਐੱਨਆਰਆਈ ਜਾਇਦਾਦ ਬਚਾਓ ਐਕਸ਼ਨ ਕਮੇਟੀ ਦੇ ਸੱਦੇ ’ਤੇ 17 ਜੁਲਾਈ ਨੂੰ ਐੱਸਐੱਸਪੀ ਲੁਧਿਆਣਾ ਦਿਹਾਤੀ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਤਾਰੀਖ਼ ਬਦਲ ਕੇ 31 ਜੁਲਾਈ ਕੀਤੀ ਗਈ ਹੈ। ਮੀਟਿੰਗ ’ਚ ਕੋਠੀ ਨੱਪਣ ਦੇ ਮਸਲੇ ਬਾਰੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਧਾਰਨ ਕੀਤੇ ਕਥਿਤ ਪੱਖਪਾਤੀ ਰਵੱਈਏ ਦੀ ਨਿੰਦਾ ਕੀਤੀ ਗਈ। ਮੀਟਿੰਗ ’ਚ ਐਕਸ਼ਨ ਕਮੇਟੀ ਵੱਲੋਂ ਸਮੂਹ ਪੰਜਾਬੀਆਂ ਨੂੰ ਐੱਸਐੱਸਪੀ ਦਫ਼ਤਰ ਦੇ ਘਿਰਾਓ ਵਿੱਚ ਸ਼ਾਮਲ ਹੋਣ ਲਈ ਰੇਲਵੇ ਪੁਲ ਹੇਠਾਂ ਨੇੜੇ ਕਰਨੈਲ ਗੇਟ ਵਿੱਚ 31 ਜੁਲਾਈ ਨੂੰ ਸਵੇਰੇ ਸਾਢੇ ਦਸ ਵਜੇ ਕਾਫ਼ਲੇ ਬੰਨ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ।