ਕੋਲਕਾਤਾ ਜਬਰ ਜਨਾਹ ਕੇਸ: ਜੂਨੀਅਰ ਡਾਕਟਰਾਂ ਵੱਲੋਂ ਕੋਲਕਾਤਾ ਪੁਲੀਸ ਹੈੱਡਕੁਆਰਟਰ ਦੇ ਨੇੜੇ ਧਰਨਾ ਜਾਰੀ
ਕੋਲਕਾਤਾ, 3 ਸਤੰਬਰ
Kolkata Rape Case: ਕੋਲਕਾਤਾ ਵਿਚ ਰੈਲੀ ਕਰਨ ਵਾਲੇ ਵੱਖ-ਵੱਖ ਮੈਡੀਕਲ ਕਾਲਜਾਂ ਦੇ ਵਿਦਿਆਰਥੀ ਮੰਗਲਵਾਰ ਨੂੰ ਮਾਰਚ ਰੋਕੇ ਜਾਣ ਤੋਂ ਬਾਅਦ ਪੁਲੀਸ ਹੈੱਡਕੁਆਟਰ ਨਜ਼ਦੀਕ ਧਰਨੇ ’ਤੇ ਬੈਠ ਗਏ ਹਨ, ਉਹ ਪੁਲੀਸ ਕਮਿਸ਼ਨਰ ਵਿਨੀਤ ਗੋਇਲ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਡਾਕਟਰਾਂ, ਆਮ ਲੋਕਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਅੱਗੇ ਮਾਰਚ ਕਰਨ ਤੋਂ ਰੋਕੇ ਜਾਣ ਤੋਂ ਬਾਅਦ ਉਨ੍ਹਾਂ ਨੇ ਲਾਲਬਾਜ਼ਾਰ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਬੀਬੀ ਗਾਂਗੁਲੀ ਗਲੀ ਵਿੱਚ ਪੂਰੀ ਰਾਤ ਬਿਤਾਈ।
ਇਸ ਦੌਰਾਨ ਕੋਲਕਾਤਾ ਪੁਲੀਸ ਅਧਿਕਾਰੀਆਂ ਦੀ ਇੱਕ ਵੱਡੀ ਟੁਕੜੀ ਬੈਰੀਕੇਡ ਦੇ ਦੂਜੇ ਪਾਸੇ ਪਹਿਰੇ ’ਤੇ ਮੌਜੂਦ ਰਹੀ। ਇਸ ’ਤੇ ਜੂਨੀਅਰ ਡਾਕਟਰਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਕੋਲਕਾਤਾ ਪੁਲੀਸ ਇੰਨੀ ਡਰੀ ਹੋਈ ਹੈ ਕਿ ਉਹ ਸਾਨੂੰ ਰੋਕਣ ਲਈ 9 ਫੁੱਟ ਉੱਚਾ ਬੈਰੀਕੇਡ ਲਗਾ ਦੇਵੇਗੀ। ਉਨ੍ਹਾਂ ਕਿਹਾ ਕਿ ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਨੂੰ ਲਾਲਬਾਜ਼ਾਰ ਪਹੁੰਚ ਕੇ ਸੀਪੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜ਼ਿਕਰਯੋਗ ਹੈ ਕਿ ਡਾਕਟਰਾਂ ਨੇ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ ਲਾਲਬਾਜ਼ਾਰ ਵੱਲ ਮਾਰਚ ਸ਼ੁਰੂ ਕੀਤਾ ਸੀ। ਇਸ ਮੌਕੇ ਉਨ੍ਹਾਂ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ।-ਪੀਟੀਆਈ