ਕੋਲਕਾਤਾ: ਮਮਤਾ ਡਾਕਟਰਾਂ ਦੀਆਂ ਮੰਗਾਂ ਮੰਨਣ ਲਈ ਰਾਜ਼ੀ
ਕੋਲਕਾਤਾ, 16 ਸਤੰਬਰ
ਅੰਦੋਲਨਕਾਰੀ ਡਾਕਟਰਾਂ ਤੇ ਪੱਛਮੀ ਬੰਗਾਲ ਸਰਕਾਰ ਵਿਚਾਲੇ ਅੱਜ ਹੋਈ ਕਰੀਬ ਪੰਜ ਘੰਟਿਆਂ ਦੀ ਮੀਟਿੰਗ ਵਿਚ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਸੂਬਾ ਸਰਕਾਰ ਨੇ ਦੇਰ ਰਾਤ ਪੰਜ ਵਿਚੋਂ ਤਿੰਨ ਮੰਗਾਂ ਮੰਨ ਲਈਆਂ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਡਾਕਟਰਾਂ ਦੀ ਮੰਗ ਮੁਤਾਬਕ ਸਿਹਤ ਸੇਵਾਵਾਂ ਅਤੇ ਮੈਡੀਕਲ ਸਿੱਖਿਆ ਦੇ ਡਾਇਰੈਕਟਰਾਂ ਨੂੰ ਹਟਾਉਣ ਲਈ ਰਾਜ਼ੀ ਹੋ ਗਏ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਨੂੰ ਬਦਲਣ ਦੀ ਵੀ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਮਨੋਜ ਪੰਤ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਜਾਵੇਗੀ, ਜੋ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਦੀਆਂ ਹੋਰ ਮੰਗਾਂ ’ਤੇ ਵਿਚਾਰ ਕਰੇਗੀ। ਡਾਕਟਰਾਂ ਨੇ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਸਬੰਧੀ ਪੱਤਰ ਵੀ ਸੌਂਪਿਆ। ਬੈਠਕ ਉਪਰੰਤ 42 ਅੰਦੋਲਨਕਾਰੀ ਡਾਕਟਰਾਂ ਤੇ ਮੁੱਖ ਸਕੱਤਰ ਨੇ ਮੀਟਿੰਗ ਦੇ ਵੇਰਵਿਆਂ ’ਤੇ ਦਸਤਖ਼ਤ ਕੀਤੇ, ਜਿਸ ਨੂੰ ਪੂਰਾ ਕਰਨ ਵਿਚ ਢਾਈ ਘੰਟੇ ਦਾ ਸਮਾਂ ਲੱਗ ਗਿਆ। ਆਰ ਜੀ ਕਰ ਹਸਪਤਾਲ ਮਾਮਲੇ ’ਚ ਟਕਰਾਅ ਖ਼ਤਮ ਕਰਨ ਦੇ ਉਦੇਸ਼ ਨਾਲ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਅਤੇ ਪੱਛਮੀ ਬੰਗਾਲ ਸਰਕਾਰ ਵਿਚਾਲੇ ਪਹਿਲੇ ਦੌਰ ਦੀ ਇਥੇ ਕਾਲੀਘਾਟ ਸਥਿਤ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਿਹਾਇਸ਼ ’ਤੇ ਮੀਟਿੰਗ ਹੋਈ। ਮੀਟਿੰਗ ਦੇ ਸਿੱਧੇ ਪ੍ਰਸਾਰਣ ਦੀ ਮੰਗ ਨੂੰ ਲੈ ਕੇ ਡਾਕਟਰਾਂ ਅਤੇ ਸਰਕਾਰ ਵਿਚਕਾਰ ਬਣਿਆ ਅੜਿੱਕਾ ਅੱਜ ਉਦੋਂ ਦੂਰ ਹੋ ਗਿਆ ਜਦੋਂ ਡਾਕਟਰ ਮੀਟਿੰਗ ਦੇ ਵੇਰਵੇ ਅਤੇ ਉਸ ਦੀ ਕਾਪੀ ਲੈਣ ਲਈ ਰਾਜ਼ੀ ਹੋ ਗਏ। ਸਰਕਾਰ ਨੇ ਮੀਟਿੰਗ ਵਾਲੀ ਥਾਂ ’ਤੇ ਦੋ ਸਟੈਨੋਗ੍ਰਾਫਰਾਂ ਨੂੰ ਆਉਣ ਦੀ ਵੀ ਇਜਾਜ਼ਤ ਦਿੱਤੀ ਸੀ। ਚਾਰ ਵਾਰ ਗੱਲਬਾਤ ਨਾਕਾਮ ਰਹਿਣ ਮਗਰੋਂ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਦਾ ਵਫ਼ਦ ਅੱਜ ਮਮਤਾ ਦੀ ਕਾਲੀਘਾਟ ਸਥਿਤ ਰਿਹਾਇਸ਼ ’ਤੇ ਪੁੱਜਾ। ਮੀਟਿੰਗ ਸ਼ਾਮ 5 ਵਜੇ ਸ਼ੁਰੂ ਹੋਣੀ ਸੀ ਪਰ ਇਹ ਕਰੀਬ 7 ਵਜੇ ਜਾ ਕੇ ਸ਼ੁਰੂ ਹੋਈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਅੱਜ ਮੁੜ ਗੱਲਬਾਤ ਦਾ ਸੱਦਾ ਦਿੱਤਾ ਸੀ। -ਪੀਟੀਆਈ
ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ
ਨਵੀਂ ਦਿੱਲੀ:
ਸੁਪਰੀਮ ਕੋਰਟ ਵੱਲੋਂ ਪੱਛਮੀ ਬੰਗਾਲ ’ਚ ਡਾਕਟਰਾਂ ਦੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਕੋਲਕਾਤਾ ਕਾਂਡ ਦੇ ਮਾਮਲੇ ’ਤੇ ਭਲਕੇ ਸੁਣਵਾਈ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਵੱਲੋਂ 10 ਸਤੰਬਰ ਨੂੰ ਸ਼ਾਮ 5 ਵਜੇ ਤੱਕ ਰੈਜ਼ੀਡੈਂਟ ਡਾਕਟਰਾਂ ਨੂੰ ਆਪਣੀ ਹੜਤਾਲ ਖ਼ਤਮ ਕਰਨ ਦੇ ਦਿੱਤੇ ਨਿਰਦੇਸ਼ਾਂ ਨੂੰ ਨਾ ਮੰਨਣ ਕਰਕੇ ਭਲਕੇ ਦੀ ਸੁਣਵਾਈ ਅਹਿਮ ਮੰਨੀ ਜਾ ਰਹੀ ਹੈ। ਉਧਰ ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਕੋਲਕਾਤਾ ਆਰ ਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੇ ਆਪਣੇ ਪੌਲੀਗ੍ਰਾਫ਼ ਟੈਸਟ ਅਤੇ ਲੇਅਰਡ ਵੁਆਇਸ ਐਨਾਲਿਸਿਸ ਦੌਰਾਨ ਗੁੰਮਰਾਹਕੁਨ ਜਵਾਬ ਦਿੱਤੇ ਹਨ। ਸੁਪਰੀਮ ਕੋਰਟ ਦੀ ਵੈੱਬਸਾਈਟ ਮੁਤਾਬਕ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲਾ ਬੈਂਚ ਮੰਗਲਵਾਰ ਸਭ ਤੋਂ ਪਹਿਲਾਂ ਇਸੇ ਮਾਮਲੇ ਦੀ ਸੁਣਵਾਈ ਕਰੇਗਾ। ਸਿਖਰਲੀ ਅਦਾਲਤ ਨੇ ਪਿਛਲੀ ਸੁਣਵਾਈ ਦੌਰਾਨ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗਦਿਆਂ ਮਹਿਲਾ ਡਾਕਟਰ ਦੇ ਪੋਸਟਮਾਰਟਮ ਲਈ ਚਲਾਨ ਦੀ ਕਾਪੀ ਗਾਇਬ ਹੋਣ ’ਤੇ ਚਿੰਤਾ ਜਤਾਈ ਸੀ। ਇਸ ਦੌਰਾਨ ਸੀਬੀਆਈ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਆਰ ਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੇ ਆਪਣੀ ਪੌਲੀਗ੍ਰਾਫ਼ ਜਾਂਚ ਅਤੇ ਲੇਅਰਡ ਵੁਆਇਸ ਐਨਾਲਿਸਿਸ ਦੌਰਾਨ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਸਵਾਲਾਂ ਦੇ ਗੁੰਮਰਾਹਕੁਨ ਜਵਾਬ ਦਿੱਤੇ ਹਨ। ਲੇਅਰਡ ਵੁਆਇਸ ਐਨਾਲਿਸਿਸ ਝੂਠ ਦਾ ਪਤਾ ਲਾਉਣ ਵਾਲੀ ਇਕ ਨਵੀਂ ਤਰ੍ਹਾਂ ਦੀ ਜਾਂਚ ਹੈ ਅਤੇ ਇਸ ਦੀ ਵਰਤੋਂ ਮੁਲਜ਼ਮ ਦੇ ਝੂਠ ਬੋਲਣ ’ਤੇ ਉਸ ਦੀ ਪ੍ਰਤੀਕਿਰਿਆ ਦਾ ਪਤਾ ਲਾਉਣ ਲਈ ਕੀਤਾ ਜਾਂਦਾ ਹੈ। ਦਿੱਲੀ ਸਥਿਤ ਸੀਐੱਫਐੱਸਐੱਲ ਦੀ ਇਕ ਰਿਪੋਰਟ ਮੁਤਾਬਕ ਘੋਸ਼ ਦਾ ਜਵਾਬ ਇਸ ਮਾਮਲੇ ਨਾਲ ਜੁੜੇ ਕੁਝ ਅਹਿਮ ਮੁੱਦਿਆਂ ’ਤੇ ਗੁੰਮਰਾਹਕੁਨ ਪਾਇਆ ਗਿਆ ਹੈ। -ਪੀਟੀਆਈ