ਕੋਲਕਾਤਾ ਕਾਂਡ: ਦੋ ਹੋਰ ਜੂਨੀਅਰ ਡਾਕਟਰ ਮਰਨ ਵਰਤ ’ਤੇ ਬੈਠੇੇ
ਕੋਲਕਾਤਾ, 12 ਅਕਤੂਬਰ
ਪੱਛਮੀ ਬੰਗਾਲ ’ਚ ਅੱਜ ਦੋ ਹੋਰ ਜੂਨੀਅਰ ਡਾਕਟਰਾਂ ਨੇ ਆਰਜੀ ਕਰ ਹਸਪਤਾਲ ’ਚ ਜੂਨੀਅਰ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਮਾਮਲੇ ’ਚ ਇਨਸਾਫ਼ ਦੀ ਮੰਗ ਸਣੇ ਹਸਪਤਾਲ ’ਚ ਕਈ ਹੋਰ ਮੁੱਦਿਆਂ ਨੂੰ ਲੈ ਕੇ ਸੱਤ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਸਾਥੀਆਂ ਨੂੰ ਸਮਰਥਨ ਦਿੱਤਾ ਹੈ।
ਮਰਨ ਵਰਤ ਦੌਰਾਨ ਅੱਜ ਰਾਮਕ੍ਰਿਸ਼ਨ ਮਿਸ਼ਨ ਸੇਵਾ ਪ੍ਰਤਿਸ਼ਠਾਨ ਅਤੇ ਕਲਕੱਤਾ ਨੈਸ਼ਨਲ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਅਲੋਲੀਕਾ ਘੌਰੂਈ ਅੱਜ ਪ੍ਰਦਰਸ਼ਨ ’ਚ ਸ਼ਾਮਲ ਹੋਏ, ਜਿਸ ਨਾਲ ਸਿਲੀਗੁੜੀ ਦੇ ਨੌਰਥ ਬੰਗਾਲ ਮੈਡੀਕਲ ਕਾਲਜ ਤੋਂ ਜਣਿਆਂ ਸਣੇ ਸੂਬੇ ਭਰ ’ਚ ਮਰਨ ਵਰਤ ’ਤੇ ਬੈਠਣ ਵਾਲਿਆਂ ਗਿਣਤੀ ਵਧ ਕੇ 10 ਹੋ ਗਈ ਹੈ। ਦੂਜੇ ਪਾਸੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸੀਜੀਓ ਕੰਪਲੈਕਸ ਸਥਿਤ ਸੀਬੀਆਈ ਦਫ਼ਤਰ ਤੱਕ ਰੋਸ ਮਾਰਚ ਕੀਤਾ। ਇਸੇ ਦੌਰਾਨ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਐਲਾਨ ਕੀਤਾ ਕਿ ਉਹ 14 ਅਕਤੂਬਰ ਤੋਂ 48 ਘੰਟਿਆਂ ਲਈ ਅੰਸ਼ਿਕ ਤੌਰ ’ਤੇ ਕੰਮ ਬੰਦ ਰੱਖਣਗੇ। -ਪੀਟੀਆਈ
ਸਮੂਹਿਕ ਅਸਤੀਫ਼ੇ ਸਵੀਕਾਰ ਨਹੀਂ: ਬੰਗਾਲ ਸਰਕਾਰ
ਕੋਲਕਾਤਾ: ਪੱਛਮੀ ਬੰਗਾਲ ਸਰਕਾਰ ਨੇ ਅੱਜ ਆਖਿਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੇ ਸਮੂਹਿਕ ਅਸਤੀਫ਼ੇ ਜਾਇਜ਼ ਨਹੀਂ ਹਨ ਅਤੇ ਸੇਵਾ ਨੇਮਾਂ ਮੁਤਾਬਕ ਇਹ ਨਿੱਜੀ ਤੌਰ ’ਤੇ ਦਿੱਤਾ ਜਾਣਾ ਚਾਹੀਦਾ ਹੈ। ਜਬਰ-ਜਨਾਹ ਤੇ ਹੱਤਿਆ ਮਾਮਲੇ ’ਚ ਨਿਆਂ ਦੀ ਮੰਗ ਲਈ ਸਰਕਾਰੀ ਹਸਪਤਾਲਾਂ ਦੇ ਕਈ ਡਾਕਟਰਾਂ ਨੇ ਸਮੂਹਿਕ ਤੌਰ ’ਤੇ ਦਸਤਖ਼ਤਾਂ ਵਾਲਾ ‘ਅਸਤੀਫ਼ਾ’ ਪੱਤਰ ਸਰਕਾਰ ਨੂੰ ਸੌਂਪਿਆ ਹੈ। ਇਸੇ ਦੌਰਾਨ ਅਰਾਮਬਾਗ ਮੈਡੀਕਲ ਕਾਲਜ ਤੇ ਹਸਪਤਾਲ ਦੇ 38 ਡਾਕਟਰਾਂ ਨੇ ਜੂਨੀਅਰ ਡਾਕਟਰਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਸਮੂਹਿਕ ਅਸਤੀਫ਼ੇ ਦੇਣ ਦਾ ਫ਼ੈਸਲਾ ਕੀਤਾ ਹੈ।’’ -ਪੀਟੀਆਈ