ਕੋਲਕਾਤਾ ਕਾਂਡ: ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਜੂਨੀਅਰ ਡਾਕਟਰਾਂ ਵਿਚਾਲੇ ਨਾ ਬਣੀ ਸਹਿਮਤੀ
ਕੋਲਕਾਤਾ, 14 ਸਤੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਧਰਨੇ ’ਤੇ ਬੈਠੇ ਜੂਨੀਅਰ ਡਾਕਟਰਾਂ ਵਿਚਕਾਰ ਮੀਟਿੰਗ ਕਿਸੇ ਤਣ-ਪੱਤਣ ਨਾ ਲੱਗੀ। ਇਥੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਅੱਜ ਸ਼ਾਮ ਪੁੱਜੇ 30 ਡਾਕਟਰਾਂ ਦੇ ਵਫ਼ਦ ਨੇ ਮੀਟਿੰਗ ਦੇ ਸਿੱਧੇ ਪ੍ਰਸਾਰਨ ਦੀ ਮੰਗ ਕੀਤੀ ਅਤੇ ਉਹ ਅੰਦਰ ਨਹੀਂ ਗਏ।ਪੱਛਮੀ ਬੰਗਾਲ ਸਰਕਾਰ ਨੇ ਆਰ.ਜੀ. ਕਰ ਹਸਪਤਾਲ ’ਚ ਕਥਿਤ ਜਬਰ ਜਨਾਹ ਤੇ ਕਤਲ ਦੀ ਘਟਨਾ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਿਹਾਇਸ਼ ’ਤੇ ਅੱਜ (ਸ਼ਨਿਚਚਵਾਰ) ਸ਼ਾਮ 6 ਵਜੇ ਮੀਟਿੰਗ ਲਈ ਬੁਲਾਇਆ ਸੀ। ਮੁੱਖ ਮੰਤਰੀ ਮਮਤਾ ਨੇ ਵਾਰ ਵਾਰ ਮਾਮਲਾ ਸੁਪਰੀਮ ਕੋਰਟ ’ਚ ਹੋਣ ਦੀ ਦਲੀਲ ਦਿੱਤੀ ਪਰ ਡਾਕਟਰ ਮੀਟਿੰਗ ਦੇ ਸਿੱਧੇ ਪ੍ਰਸਾਰਨ ’ਤੇ ਅੜੇ ਰਹੇ। ਉਂਝ ਮਮਤਾ ਨੇ ਕਿਹਾ ਕਿ ਮੀਟਿੰਗ ਦੀ ਵੀਡੀਓ ਰਿਕਾਰਡਿੰਗ ਹੋਵੇਗੀ ਅਤੇ ਜੇ ਸੁਪਰੀਮ ਕੋਰਟ ਪ੍ਰਵਾਨਗੀ ਦੇਵੇਗਾ ਤਾਂ ਉਹ ਇਸ ਦੀ ਰਿਕਾਰਡਿੰਗ ਡਾਕਟਰਾਂ ਨੂੰ ਮੁਹੱਈਆ ਕਰਵਾ ਦੇਣਗੇ। ਮਮਤਾ ਨੇ ਇਹ ਵੀ ਕਿਹਾ ਕਿ ਡਾਕਟਰ ਉਨ੍ਹਾਂ ਨੂੰ ਜ਼ਲੀਲ ਕਰ ਰਹੇ ਹਨ ਕਿਉਂਕਿ ਹਰ ਵਾਰ ਉਹ ਮੀਟਿੰਗ ਤੋਂ ਪਿੱਛੇ ਹਟ ਜਾਂਦੇ ਹਨ। ਇਸ ਦੌਰਾਨ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਗੱਲਬਾਤ ਲਈ ਤਿਆਰ ਸਨ ਪਰ ਉਨ੍ਹਾਂ ਨੂੰ ਕਥਿਤ ਗ਼ੈਰਰਸਮੀ ਤੌਰ ’ਤੇ ਉਥੋਂ ਜਾਣ ਲਈ ਆਖ ਦਿੱਤਾ ਗਿਆ। ਇੋਸ ਤੋਂ ਪਹਿਲਾਂ ਅੱਜ ਸਵੇਰੇ ਮੁੱਖ ਮੰਤਰੀ ਮਮਤਾ ਬੈਨਰਜੀ ਅਚਾਨਕ ਡਾਕਟਰਾਂ ਦੇ ਧਰਨੇ ਵਾਲੇ ਸਥਾਨ ’ਤੇ ਪਹੁੰਚ ਗਈ ਸੀ ਤੇ ਉਨ੍ਹਾਂ ਜੂਨੀਅਰ ਡਾਕਟਰਾਂ ਨੂੰ ਹੜਤਾਲ ਖ਼ਤਮ ਕਰ ਕੇ ਕੰਮ ’ਤੇ ਪਰਤਣ ਦੀ ਅਪੀਲ ਕੀਤੀ ਸੀ। ਇੱਕ ਈਮੇਲ ’ਚ ਮੁੱਖ ਸਕੱਤਰ ਮਨੋਜ ਪੰਤ ਨੇ ਦੱਸਿਆ ਕਿ ਜੁੂਨੀਅਰ ਡਾਕਟਰਾਂ ਦੇ 15 ਨੁਮਾਇੰਦਿਆਂ ਮੀਟਿੰਗ ਲਈ ਸੱਦਿਆ ਗਿਆ ਹੈ। ਇਹ ਘਟਨਾਕ੍ਰਮ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਦੇ ਹੈੱਡਕੁਆਰਟਰ ‘ਸਵਾਸਥ ਭਵਨ’ ਦੇ ਬਾਹਰ ਬੈਠੇ ਧਰਨਾਕਾਰੀਆਂ ਨਾਲ ਮੁਲਾਕਾਤ ਤੋਂ ਕੁਝ ਘੰਟੇ ਬਾਅਦ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਸਵੇਰੇ ਮੁੱਖ ਮੰਤਰੀ ਮਮਤਾ ਬੈਨਰਜੀ ਅਚਾਨਕ ਡਾਕਟਰਾਂ ਦੇ ਧਰਨੇ ਵਾਲੇ ਸਥਾਨ ’ਤੇ ਪਹੁੰਚ ਗਈ ਸੀ ਤੇ ਉਨ੍ਹਾਂ ਜੂਨੀਅਰ ਡਾਕਟਰਾਂ ਨੂੰ ਹੜਤਾਲ ਖ਼ਤਮ ਕਰ ਕੇ ਕੰਮ ’ਤੇ ਪਰਤਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਉਹ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਪੂਰੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਸਮਝਾਉਣ ਦੀ ਉਨ੍ਹਾਂ ਦੀ ਇਹ ਆਖਰੀ ਕੋਸ਼ਿਸ਼ ਹੈ। ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਸੀ ਕਿ ਉਹ ਗੱਲਬਾਤ ਹੋਣ ਤੱਕ ਆਪਣੀਆਂ ਮੰਗਾਂ ਨੂੰ ਲੈ ਕੇ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਨ। -ਪੀਟੀਆਈ