ਕੋਲਕਾਤਾ ਕਾਂਡ: ਸਰਦੂਲਗੜ੍ਹ ਤੇ ਬਠਿੰਡਾ ਵਿੱਚ ਇਨਸਾਫ਼ ਦੀ ਮੰਗ ਲਈ ਪ੍ਰਦਰਸ਼ਨ
ਬਲਜੀਤ ਸਿੰਘ
ਸਰਦੂਲਗੜ੍ਹ, 18 ਅਗਸਤ
ਕੋਲਕਾਤਾ ’ਚ ਡਾਕਟਰ ਨਾਲ ਹੋਏ ਜਬਰ-ਜਨਾਹ ਅਤੇ ਹੱਤਿਆ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਜਗ੍ਹਾ-ਜਗ੍ਹਾ ਡਾਕਟਰਾਂ ਵੱਲੋਂ ਮੈਡੀਕਲ ਸੇਵਾਵਾਂ ਠੱਪ ਕਰਨ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਲਈ ਚਿੰਤਕ ਲੋਕ ਧਰਨੇ, ਪ੍ਰਦਰਸ਼ਨ ਅਤੇ ਰੋਸ ਜ਼ਾਹਰ ਕਰ ਰਹੇ ਹਨ। ਇਸੇ ਤਹਿਤ ਅੱਜ ਸਰਦੂਲਗੜ੍ਹ ’ਚ ਕੋਲਕਾਤਾ ਕਾਂਡ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਸਮਾਜ ਸੇਵੀ ਸੰਗਠਨਾਂ, ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਇਕੱਤਰ ਹੋ ਕੇ ਸਥਾਨਕ ਰੋੜਕੀ ਚੌਕ ਵਿੱਚ ਪ੍ਰਦਰਸ਼ਨ ਕੀਤਾ। ਇਸ ਉਪਰੰਤ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ।
ਇਸ ਸਬੰਧੀ ਸ਼ਹਿਰ ਵਾਸੀ ਮੁਕੇਸ਼ ਮੰਗਲਾ ਨੇ ਕਿਹਾ ਕਿ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਦਿਲ ਕੰਬਾਊ ਘਟਨਾਵਾਂ ਬਰਦਾਸ਼ਤ ਤੋਂ ਬਾਹਰ ਹਨ। ਇਹ ਮਾਮਲਾ ਸਿਰਫ਼ ਕੋਲਕਾਤਾ ਦੇ ਡਾਕਟਰਾਂ ਤੱਕ ਸੀਮਤ ਨਹੀਂ ਹੈ, ਸਮੁੱਚੇ ਭਾਰਤ ਦੇ ਲੋਕ ਪੀੜਤ ਪਰਿਵਾਰ ਦੇ ਨਾਲ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਰਿੰਪੀ ਬਰਾੜ ਨੇ ਕਿਹਾ ਕਿ ਅਜਿਹੀਆਂ ਮੰਦਭਾਗੀ ਹਰਕਤਾਂ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨ ਹੋਣੇ ਚਾਹੀਦੇ ਹਨ। ਬੁਲਾਰਿਆਂ ਨੇ ਕਿਹਾ ਕਿ ਵੱਖ-ਵੱਖ ਸ਼ਹਿਰਾਂ ਵਿੱਚ ਪੜ੍ਹਾਈ ਅਤੇ ਨੌਕਰੀ ਕਰ ਰਹੇ ਧੀਆਂ-ਪੁੱਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਸੰਜੀਵ ਕੁਮਾਰ ਗਰਗ, ਸੰਜੀਵ ਕੁਮਾਰ ਸਿੰਗਲਾ, ਸੀਤਾ ਰਾਮ ਗੋਇਲ, ਗੋਮਾ ਰਾਮ ਕਰੰਡੀ, ਜਸਵਿੰਦਰ ਸਿੰਘ ਸੰਘਾ, ਪ੍ਰਮੋਦ ਕੁਮਾਰ, ਦਰਸ਼ਨ ਮਿੱਤਲ, ਵਿਰਸਾ ਸਿੰਘ, ਡਾ. ਰਾਜੀਵ ਕੁਮਾਰ, ਵਿਜੈ ਦੇਵਗੁਣ, ਗੁਰਲਾਲ ਸਿੰਘ ਸੋਨੀ, ਗੁਰਮੀਤ ਸਿੰਘ ਲਾਲੀ, ਵਿਕਰਮ ਸਿੰਘ ਭਾਟੀਆ, ਪਵਨ ਜੈਨ, ਸ਼ੰਮੀ ਸੋਨੀ ਸਣੇ ਦਰਜਨਾਂ ਸੰਘਰਸ਼ਕਾਰੀ ਮੌਜੂਦ ਸਨ।
ਬਠਿੰਡਾ (ਪੱਤਰ ਪ੍ਰੇਰਕ): ਕੋਲਕਾਤਾ ਕਾਂਡ ਦੇ ਮਾਮਲੇ ਵਿਚ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਕ ਵਿੱਚ ਐਤਵਾਰ ਨੂੰ ਦੇਰ ਸ਼ਾਮ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਬਠਿੰਡਾ ਤੋਂ ਲੋਕ ਸਭਾ ਹਲਕਾ ਇੰਚਾਰਜ ਪਰਮਪਾਲ ਕੌਰ ਸਿੱਧੂ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੀਤਾ ਗਿਆ। ਇਨ੍ਹਾਂ ਆਗੂਆਂ ਨੇ ਮ੍ਰਿਤਕ ਡਾਕਟਰ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਤੇ ਹੋਰ ਆਗੂਆਂ ਵੱਲੋਂ ਪੱਛਮੀਂ ਬੰਗਾਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਡਾਕਟਰਾਂ ਨੂੰ ਇਨਸਾਫ਼ ਦਿਵਾਉਣ ਲਈ ਮੋਮਬੱਤੀ ਮਾਰਚ
ਸ਼ਹਿਣਾ (ਪ੍ਰਮੋਦ ਸਿੰਗਲਾ): ਕੋਲਕਾਤਾ ਕਾਂਡ ਦੇ ਮਾਮਲੇ ’ਚ ਇਨਸਾਫ਼ ਲਈ ਆਰੀਆ ਭੱਟ ਕਾਲਜ ਚੀਮਾ ਦੀ ਪ੍ਰਬੰਧਕ ਕਮੇਟੀ, ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਰਾਕੇਸ਼ ਗੁਪਤਾ, ਡਾਇਰਕੈਟਰ ਅਜੈ ਮਿੱਤਲ, ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਹੋ ਜਿਹੇ ਅਪਰਾਧ ਸ਼ਰਮਨਾਕ ਹਨ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।