ਕੋਲਕਾਤਾ ਕਾਂਡ: ਜੂਨੀਅਰ ਡਾਕਟਰਾਂ ਨੇ ਕੰਮ ਮੁੜ ਤੋਂ ਬੰਦ ਕੀਤਾ
ਕੋਲਕਾਤਾ, 1 ਅਕਤੂਬਰ
ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਨੇ ਸਾਰੇ ਮੈਡੀਕਲ ਸੰਸਥਾਵਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਣੇ ਵੱਖ ਵੱਖ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ’ਤੇ ਦਬਾਅ ਬਣਾਉਣ ਦੇ ਮਕਸਦ ਨਾਲ ਅੱਜ ਮੁੜ ਤੋਂ ਅਣਮਿੱਥੇ ਸਮੇਂ ਲਈ ਕੰਮ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਜਦੋਂ ਤੱਕ ਸੂਬਾ ਸਰਕਾਰ ਇਨ੍ਹਾਂ ਮੰਗਾਂ ’ਤੇ ਸਪੱਸ਼ਟ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਕੰਮ ਪੂਰੀ ਤਰ੍ਹਾਂ ਬੰਦ ਰਹੇਗਾ।’’ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ’ਚ ਅੱਜ ਕੰਮ ਪੂਰੀ ਤਰ੍ਹਾਂ ਬੰਦ ਰਹਿਣ ਕਾਰਨ ਸਿਹਤ ਸੇਵਾਵਾਂ ਠੱਪ ਰਹੀਆਂ ਅਤੇ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਖੱਜਲ ਖੁਆਰ ਹੁੰਦੇ ਦੇਖੇ ਗਏ। ਇਸੇ ਦੌਰਾਨ ਹਜ਼ਾਰਾਂ ਲੋਕਾਂ ਨੇ ਪੀੜਤਾ ਨੂੰ ਨਿਆਂ ਦਿਵਾਉਣ ਲਈ ਕਰੀਬ ਪੰਜ ਕਿਲੋਮੀਟਰ ਰੋਸ ਮਾਰਚ ਕੀਤਾ।
ਡਾਕਟਰਾਂ ਨੇ ਅੱਜ ਸਵੇਰੇ ਅਣਮਿੱਥੇ ਸਮੇਂ ਲਈ ਪੂਰੀ ਤਰ੍ਹਾਂ ਕੰਮ ਬੰਦ ਕਰਨ ਦੇ ਆਪਣੇ ਫੈਸਲੇ ਦਾ ਐਲਾਨ ਕਰਨ ਤੋਂ ਪਹਿਲਾਂ ਸੋਮਵਾਰ ਨੂੰ ਲਗਪਗ ਪੂਰੀ ਰਾਤ ਗਵਰਨਿੰਗ ਬਾਡੀ ਦੀ ਮੀਟਿੰਗ ਕੀਤੀ। ਜੂਨੀਅਰ ਡਾਕਟਰ 42 ਦਿਨਾਂ ਦੇ ਵਿਰੋਧ ਤੋਂ ਬਾਅਦ 21 ਸਤੰਬਰ ਨੂੰ ਸਰਕਾਰੀ ਹਸਪਤਾਲਾਂ ਵਿੱਚ ਅੰਸ਼ਿਕ ਤੌਰ ’ਤੇ ਆਪਣੀ ਡਿਊਟੀ ’ਤੇ ਪਰਤੇ ਸਨ। ਡਾਕਟਰਾਂ ਨੇ 9 ਅਗਸਤ ਨੂੰ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਡਿਊਟੀ ’ਤੇ ਮੌਜੂਦ ਇਕ ਮਹਿਲਾ ਡਾਕਟਰ ਨਾਲ ਜਬਰ-ਜਨਾਹ ਅਤੇ ਉਸ ਦੀ ਹੱਤਿਆ ਦੀ ਘਟਨਾ ਦੇ ਵਿਰੋਧ ਵਿੱਚ ਕੰਮ ਬੰਦ ਕਰ ਦਿੱਤਾ ਸੀ।
ਪ੍ਰਦਰਸ਼ਨਕਾਰੀ ਡਾਕਟਰਾਂ ਵਿੱਚ ਸ਼ਾਮਲ ਅਨੀਕੇਤ ਮਹਾਤੋ ਨੇ ਕਿਹਾ, ‘‘ਸਾਨੂੰ ਸੁਰੱਖਿਆ ਮੁਹੱਈਆ ਕਰਵਾਉਣ ਸਬੰਧੀ ਸਾਡੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਸੂਬਾ ਸਰਕਾਰ ਦਾ ਕੋਈ ਸਕਾਰਾਤਮਕ ਦ੍ਰਿਸ਼ਟੀਕੋਣ ਨਹੀਂ ਦਿਖ ਰਿਹਾ ਹੈ। ਅੱਜ (ਵਿਰੋਧ ਪ੍ਰਦਰਸ਼ਨ) ਦਾ 52ਵਾਂ ਦਿਨ ਹੈ ਅਤੇ ਸਾਡੇ ’ਤੇ ਅਜੇ ਵੀ ਹਮਲੇ ਹੋ ਰਹੇ ਹਨ।’’ -ਪੀਟੀਆਈ
ਲੋਕਾਂ ਨੇ ਰੋਸ ਮਾਰਚ ਕੀਤਾ
ਹਜ਼ਾਰਾਂ ਲੋਕਾਂ ਨੇ ਅੱਜ ਮੈਟਰੋਪੋਲਿਸ ਵਿੱਚ ਪੰਜ ਕਿਲੋਮੀਟਰ ਤੱਕ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਰੋਸ ਮਾਰਚ ਕੀਤਾ ਅਤੇ ਉਕਤ ਘਟਨਾ ਦੀ ਸ਼ਿਕਾਰ ਮਹਿਲਾ ਡਾਕਟਰ ਲਈ ਨਿਆਂ ਦੀ ਮੰਗ ਕੀਤੀ। ਇਹ ਪ੍ਰਦਰਸ਼ਨਕਾਰੀ ਡਾਕਟਰਾਂ ਦੇ ਜੁਆਇੰਟ ਪਲੈਟਫਾਰਮ ਦੇ ਬੈਨਰ ਹੇਠ ਕਾਲਜ ਸਕੁਐਰ ਤੋਂ ਲੈ ਕੇ ਰਬਿੰਦਰਾ ਸਦਨ ਤੱਕ ਚੱਲੇ ਅਤੇ ਇਨ੍ਹਾਂ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਬਰਾਬਰ ਦੇ ਹੱਕ ਦੀ ਮੰਗ ਕੀਤੀ।