ਕੋਲਕਾਤਾ ਕਾਂਡ: ਜੂਨੀਅਰ ਡਾਕਟਰਾਂ ਨੇ ਹੜਤਾਲ ਵਾਪਸ ਲਈ
ਕੋਲਕਾਤਾ, 21 ਅਕਤੂਬਰ
ਪੱਛਮੀ ਬੰਗਾਲ ਵਿੱਚ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਉਪਰੰਤ ਹੱਤਿਆ ਦੀ ਘਟਨਾ ਮਗਰੋਂ ਪੈਦਾ ਹੋਏ ਜਮੂਦ ਨੂੰ ਤੋੜਨ ਲਈ ਅੱਜ ਸ਼ਾਮ ਨੂੰ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਲਗਪਗ ਦੋ ਘੰਟੇ ਮੀਟਿੰਗ ਚੱਲੀ ਜਿਸ ਮਗਰੋਂ ਮੁਜ਼ਾਹਰਾਕਾਰੀ ਡਾਕਟਰਾਂ ਨੇ ਸੂਬੇ ਭਰ ਦੇ ਹਸਪਤਾਲਾਂ ’ਚ ਚੱਲ ਰਹੀ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਸਰਕਾਰੀ ਹਸਪਤਾਲਾਂ ਵਿੱਚ ਪ੍ਰਚੱਲਿਤ ‘ਧਮਕੀ ਸਭਿਆਚਾਰ’ ਸਮੇਤ ਡਾਕਟਰਾਂ ਦੀਆਂ ਵੱਖ-ਵੱਖ ਮੰਗਾਂ ਬਾਰੇ ਚਰਚਾ ਕੀਤੀ।
ਪ੍ਰਦਰਸ਼ਨਕਾਰੀ ਡਾਕਟਰਾਂ ਦੇ ਇੱਕ ਹਿੱਸੇ ਵੱਲੋਂ ਮਰਨ ਵਰਤ ਦੇ 17ਵੇਂ ਦਿਨ ਰੱਖੀ ਇਸ ਮੀਟਿੰਗ ਨੂੰ ਪਹਿਲੀ ਵਾਰ ਸੂਬਾ ਸਕੱਤਰੇਤ ‘ਨਾਬੰਨਾ’ ਤੋਂ ਲਾਈਵ ਪ੍ਰਸਾਰਿਤ ਕੀਤਾ ਗਿਆ। ਮੀਟਿੰਗ ਵਿੱਚ ਬੈਨਰਜੀ ਨੇ ਜੂਨੀਅਰ ਡਾਕਟਰਾਂ ਨੂੰ ਵਾਰ-ਵਾਰ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਨੂੰ ਵਿਚਾਰਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਸੂਬੇ ਦੇ ਸਿਹਤ ਸਕੱਤਰ ਨੂੰ ਹਟਾਉਣ ਦੀ ਮੰਗ ਰੱਦ ਕਰ ਦਿੱਤੀ।
ਮੁੱਖ ਮੰਤਰੀ ਨੇ ਕਿਹਾ, ‘‘ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਕਈ ਜੂਨੀਅਰ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਢੁੱਕਵੀਂ ਪ੍ਰਕਿਰਿਆ ਅਤੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਮੁਅੱਤਲ ਕੀਤਾ ਗਿਆ। ਸਿਰਫ਼ ਸ਼ਿਕਾਇਤਾਂ ਦੇ ਆਧਾਰ ’ਤੇ ਇਨ੍ਹਾਂ ਵਿਦਿਆਰਥੀਆਂ ਜਾਂ ਰੈਜ਼ੀਡੈਂਟ ਡਾਕਟਰਾਂ ਨੂੰ ਮੁਅੱਤਲ ਕਿਵੇਂ ਕੀਤਾ ਜਾ ਸਕਦਾ ਹੈ?’’
ਅੰਦੋਲਨਕਾਰੀ ਡਾਕਟਰ ਅਨਿਕੇਤ ਮਹਿਤੋ ਨੂੰ ਪੰਜ ਦਿਨਾਂ ਦੇ ਮਰਨ ਵਰਤ ਮਗਰੋਂ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਉਨ੍ਹਾਂ ਕਿਹਾ ਕਿ ਮੁਅੱਤਲ ਕੀਤੇ ਗਏ ਲੋਕ ‘ਧਮਕੀ ਸਭਿਆਚਾਰ’ ਦਾ ਹਿੱਸਾ ਰਹੇ ਹਨ ਅਤੇ ਡਾਕਟਰ ਬਣਨ ਦੇ ਲਾਇਕ ਨਹੀਂ ਹਨ। -ਪੀਟੀਆਈ
ਦਵਾਈਆਂ ਦੀਆਂ ਕੀਮਤਾਂ ’ਤੇ ਨਜ਼ਰਸਾਨੀ ਲਈ ਮਮਤਾ ਵੱਲੋਂ ਮੋਦੀ ਨੂੰ ਪੱਤਰ
ਕੋਲਕਾਤਾ:
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨਪੀਪੀਏ) ਵੱਲੋਂ ਅੱਠ ਜ਼ਰੂਰੀ ਦਵਾਈਆਂ ਦੀਆਂ ਵਧਾਈਆਂ ਕੀਮਤਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਬੰਧਤ ਮੰਤਰਾਲੇ ਨੂੰ ਇਸ ਫ਼ੈਸਲੇ ਬਾਰੇ ਮੁੜ ਵਿਚਾਰ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੂੰ ਦੋ ਸਫ਼ਿਆਂ ਦੇ ਲਿਖੇ ਪੱਤਰ ਵਿੱਚ ਬੈਨਰਜੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਾਗਰਿਕਾਂ ਦੀ ਭਲਾਈ ਸਭ ਤੋਂ ਅਹਿਮ ਹੈ। -ਪੀਟੀਆਈ