ਕੋਲਕਾਤਾ ਕਾਂਡ: ਸੁਪਰੀਮ ਕੋਰਟ ਵੱਲੋਂ ਬੰਗਾਲ ਸਰਕਾਰ ਦੀ ਖਿਚਾਈ
ਨਵੀਂ ਦਿੱਲੀ, 30 ਸਤੰਬਰ
ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਹਸਪਤਾਲਾਂ ’ਚ ਸੀਸੀਟੀਵੀ ਲਗਾਉਣ, ਪਖਾਨੇ ਅਤੇ ਵੱਖੋ-ਵੱਖਰੇ ਰੈਸਟ ਰੂਮ ਬਣਾਉਣ ਦੀ ਹੌਲੀ ਰਫ਼ਤਾਰ ’ਤੇ ਨਾਖੁਸ਼ੀ ਜਤਾਈ ਅਤੇ ਸੂਬਾ ਸਰਕਾਰ ਨੂੰ ਕੰਮ 15 ਅਕਤੂਬਰ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਇਸ ਮਾਮਲੇ ਦੀ 14 ਅਕਤੂਬਰ ਨੂੰ ਅੱਗੇ ਸੁਣਵਾਈ ਕਰੇਗਾ।
ਸਿਖਰਲੀ ਅਦਾਲਤ ਨੇ ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਟਰੇਨੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ਦੀ ਖੁਦ ਹੀ ਸੁਣਵਾਈ ਕੀਤੀ ਜਾ ਰਹੀ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਨੇ ਆਪਣੇ ਪਹਿਲਾਂ ਦੇ ਹੁਕਮਾਂ ਨੂੰ ਦੁਹਰਾਇਆ ਕਿ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਪੀੜਤਾ ਦਾ ਨਾਮ ਅਤੇ ਫੋਟੋ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਨਹੀਂ ਹੈ। ਸੁਣਵਾਈ ਸ਼ੁਰੂ ਹੁੰਦੇ ਸਾਰ ਹੀ ਵਕੀਲ ਵਰਿੰਦਾ ਗਰੋਵਰ ਨੇ ਬੈਂਚ ਨੂੰ ਦੱਸਿਆ ਕਿ ਟਰੇਨੀ ਡਾਕਟਰ ਦੇ ਮਾਪੇ ਸੋਸ਼ਲ ਮੀਡੀਆ ’ਚ ਵਾਰ ਵਾਰ ਧੀ ਦੇ ਨਾਮ ਅਤੇ ਤਸਵੀਰਾਂ ਦਾ ਖ਼ੁਲਾਸਾ ਕਰਨ ਵਾਲੀਆਂ ਕਲਿੱਪਾਂ ਤੋਂ ਦੁਖੀ ਹਨ। ਸਿਖਰਲੀ ਅਦਾਲਤ ਨੇ ਕਿਹਾ ਕਿ ਹੁਕਮ ਲਾਗੂ ਕਰਾਉਣਾ ਜਾਂਚ ਏਜੰਸੀਆਂ ਦਾ ਕੰਮ ਹੈ। ਬੈਂਚ ਨੇ ਕਿਹਾ ਕਿ ਸੀਬੀਆਈ ਦੀ ਜਾਂਚ ’ਚ ਪੁਖ਼ਤਾ ਸਬੂਤ ਮਿਲੇ ਹਨ ਅਤੇ ਉਸ ਨੇ ਕਥਿਤ ਜਬਰ-ਜਨਾਹ ਅਤੇ ਹੱਤਿਆ ਤੇ ਵਿੱਤੀ ਬੇਨਿਯਮੀਆਂ ਬਾਰੇ ਬਿਆਨ ਦਿੱਤੇ ਹਨ।
ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੀਬੀਆਈ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਪੁੱਛਿਆ ਕਿ ਆਰ. ਜੀ. ਕਰ ਹਸਪਤਾਲ ’ਚ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਿੰਨੇ ਮੁਲਾਜ਼ਮਾਂ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ।
ਅਦਾਲਤ ਨੇ ਢੁੱਕਵੀਂ ਕਾਰਵਾਈ ਲਈ ਸੂਬਾ ਸਰਕਾਰ ਦੇ ਨਾਲ ਜਾਣਕਾਰੀ ਸਾਂਝੀ ਕਰਨ ਨੂੰ ਕਿਹਾ। ਡਾਕਟਰਾਂ ਦੇ ਵਿਰੋਧ ਦੇ ਮੁੱਦੇ ’ਤੇ ਪੱਛਮੀ ਬੰਗਾਲ ਸਰਕਾਰ ਨੇ ਬੈਂਚ ਨੂੰ ਦੱਸਿਆ ਕਿ ਰੈਜ਼ੀਡੈਂਟ ਡਾਕਟਰ ਓਪੀਡੀ ਅਤੇ ਹੋਰ ਵਿਭਾਗਾਂ ’ਚ ਕੰਮ ਨਹੀਂ ਕਰ ਰਹੇ ਹਨ। ਰੈਜ਼ੀਡੈਂਟ ਡਾਟਕਰਾਂ ਵੱਲੋਂ ਪੇਸ਼ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਇਸ ਦਲੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਸਾਰੀਆਂ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ’ਚ ਹਿੱਸਾ ਲੈ ਰਹੇ ਹਨ। ਸਿਖਰਲੀ ਅਦਾਲਤ ਨੇ ਮਹਿਤਾ ਨੂੰ ਨੈਸ਼ਨਲ ਟਾਸਕ ਫੋਰਸ ਦੀ ਪ੍ਰਗਤੀ ਬਾਰੇੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ। -ਪੀਟੀਆਈ
ਟੀਐੱਮਸੀ ਦੇ ਮਹਿਲਾ ਵਿੰਗ ਨੇ ਕੱਢੀ ਰੈਲੀ
ਕੋਲਕਾਤਾ: ਟੀਐੱਮਸੀ ਦੇ ਮਹਿਲਾ ਵਿੰਗ ਨੇ ਅੱਜ ਕੋਲਕਾਤਾ ’ਚ ਰੈਲੀ ਕੱਢ ਕੇ ਸੀਬੀਆਈ ਨੂੰ ਮਹਿਲਾ ਡਾਕਟਰ ਦੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਕਰਨ ਦੀ ਮੰਗ ਕੀਤੀ। ਟੀਐੱਮਸੀ ਦੇ ਮਹਿਲਾ ਵਿੰਗ ਦੀਆਂ ਕਾਰਕੁਨਾਂ ਨੇ ਮੈਟਰੋ ਤੋਂ ਸੀਬੀਆਈ ਦਫ਼ਤਰ ਨੇੜੇ ਬਿਰਲਾ ਪਲੈਨੇਟੇਰੀਅਮ ਤੱਕ ਮਾਰਚ ਕੱਢਿਆ। ਬਾਅਦ ’ਚ ਉਨ੍ਹਾਂ ਮੇਯੋ ਰੋਡ ਇਲਾਕੇ ’ਚ ਗਾਂਧੀ ਦੇ ਬੁੱਤ ਅੱਗੇ ਧਰਨਾ ਦਿੱਤਾ। ਮਹਿਲਾ ਕਾਰਕੁਨਾਂ ਵੱਲੋਂ ਪੀੜਤਾ ਲਈ ਇਨਸਾਫ਼ ਮੰਗਦਿਆਂ ਨਾਅਰੇ ਲਗਾਏ ਗਏ। ਇਕ ਕਾਰਕੁਨ ਨੇ ਕਿਹਾ ਕਿ ਕਰੀਬ ਦੋ ਮਹੀਨੇ ਬੀਤਣ ਦੇ ਬਾਵਜੂਦ ਸੀਬੀਆਈ ਨੇ ਅਜੇ ਤੱਕ ਸਿਰਫ਼ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਜਾਂਚ ਵੀ ਮੁਕੰਮਲ ਨਹੀਂ ਹੋਈ ਹੈ। -ਪੀਟੀਆਈ
ਕਲਕੱਤਾ ਹਾਈ ਕੋਰਟ ਨੇ ਡਾਕਟਰਾਂ ਨੂੰ ਅੱਜ ਰੈਲੀ ਦੀ ਇਜਾਜ਼ਤ ਦਿੱਤੀ
ਕੋਲਕਾਤਾ:
ਕਲਕੱਤਾ ਹਾਈ ਕੋਰਟ ਨੇ ਜੁਆਇੰਟ ਪਲੈਟਫਾਰਮ ਆਫ਼ ਡਾਕਟਰਸ ਨੂੰ ਭਲਕੇ ਰੋਸ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜਥੇਬੰਦੀ ਦੀ ਪਟੀਸ਼ਨ ਦਾ ਨਿਬੇੜਾ ਕਰਦਿਆਂ ਜਸਟਿਸ ਆਰ. ਭਾਰਦਵਾਜ ਨੇ ਨਿਰਦੇਸ਼ ਦਿੱਤੇ ਕਿ ਕਾਲਜ ਸਕੁਏਅਰ ਤੋਂ ਰਾਬਿੰਦਰ ਸਦਨ ਤੱਕ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਸ਼ਾਂਤਮਈ ਰੈਲੀ ਕੱਢੀ ਜਾ ਸਕਦੀ ਹੈ। ਪੁਲੀਸ ਅਧਿਕਾਰੀਆਂ ਵੱਲੋਂ ਰੂਟ ਛੋਟਾ ਕਰਨ ਅਤੇ ਲੋਕਾਂ ਦੀ ਗਿਣਤੀ ਘਟਾਉਣ ਬਾਰੇ ਅਦਾਲਤ ਨੇ ਕਿਸੇ ਵੀ ਪਾਬੰਦੀ ਦਾ ਕੋਈ ਹੁਕਮ ਨਹੀਂ ਦਿੱਤਾ। ਪੁਲੀਸ ਦੇ ਨਾਲ-ਨਾਲ ਸੂਬਾ ਸਰਕਾਰ ਵੀ ਚਾਹੁੰਦੀ ਸੀ ਕਿ ਡਾਕਟਰ ਰੈਲੀ ਨਾ ਕਰਨ। -ਪੀਟੀਆਈ