ਕੋਲਕਾਤਾ ਡਾਕਟਰ ਬਲਾਤਕਾਰ ਤੇ ਕਤਲ ਮਾਮਲਾ: ਸੁਪਰੀਮ ਕੋਰਟ ਵੱਲੋਂ ਸੋਸ਼ਲ ਮੀਡੀਆ ਤੋਂ ਮ੍ਰਿਤਕ ਦਾ ਨਾਮ, ਫੋਟੋਆਂ ਤੇ ਵੀਡੀਓ ਹਟਾਉਣ ਦੇ ਹੁਕਮ
ਨਵੀਂ ਦਿੱਲੀ, 20 ਅਗਸਤ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਲਾਤਕਾਰ ਮਗਰੋਂ ਕਤਲ ਕੀਤੀ ਗਈ ਸਿਖਿਆਰਥਣ ਡਾਕਟਰ ਦਾ ਨਾਮ, ਫੋਟੋਆਂ ਅਤੇ ਵੀਡੀਓਜ਼ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਲੜਕੀ ਦੀ ਪਛਾਣ ਦਾ ਖੁਲਾਸਾ ਨਿਪੁਨ ਸਕਸੈਨਾ ਮਾਮਲੇ ’ਚ ਦਿੱਤੇ ਹੁਕਮਾਂ ਦੀ ਉਲੰਘਣਾ ਹੈ। ਸਿਖਰਲੀ ਅਦਾਲਤ ਵਕੀਲ ਕਿੰਨੋਰੀ ਘੋਸ਼ ਅਤੇ ਹੋਰਾਂ ਦੁਆਰਾ ਸੋਸ਼ਲ ਮੀਡੀਆ 'ਤੇ ਪੀੜਤ ਡਾਕਟਰ ਦੀ ਪਛਾਣ ਦੇ ਖੁਲਾਸੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਇਸ ਤੋਂ ਪਹਿਲਾਂ ਸਵੇਰੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਿ ਜਿਸ ਦਾ ਬਲਾਤਕਾਰ ਅਤੇ ਕਤਲ ਕੀਤਾ ਗਿਆ ਉਸ ਦਾ ਨਾਮ ਸੋਸ਼ਲ ਮੀਡੀਆ 'ਤੇ ਪ੍ਰਕਾਸ਼ਿਤ ਕੀਤਾ ਗਿਆ। -ਪੀਟੀਆਈ
ਪੱਛਮੀ ਬੰਗਾਲ: ਹਸਪਤਾਲਾਂ ਵਿੱਚ ਸੇਵਾਮੁਕਤ ਪੁਲੀਸ ਅਧਿਕਾਰੀਆਂ ਅਤੇ ਸਾਬਕਾ ਫੌਜੀਆਂ ਨੂੰ ਨਿਯੁਕਤ ਕਰੇਗੀ ਸਰਕਾਰ
ਕੋਲਕਾਤਾ: ਪੱਛਮੀ ਬੰਗਾਲ ਸਰਕਾਰ ਨੇ ਸਿਹਤ ਦੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਸੇਵਾਮੁਕਤ ਪੁਲੀਸ ਅਤੇ ਸਾਬਕਾ ਫੌਜੀਆਂ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇਥੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ ਸੁਪਰੀਮ ਕੋਰਟ ਨੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸੁਰੱਖਿਆ ਪ੍ਰਦਾਨ ਕਰਨ ਲਈ ਸੀਆਈਐਸਐਫ ਦੀ ਤਾਇਨਾਤੀ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਦੇ ਐਸਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੁਲੀਸ ਅਧਿਕਾਰੀਆਂ ਦੇ ਵੇਰਵੇ ਇਕੱਠੇ ਕਰਨ ਜੋ ਪਿਛਲੇ ਦੋ ਸਾਲਾਂ ਵਿੱਚ ਇੰਸਪੈਕਟਰ, ਡਿਪਟੀ ਐਸਪੀ ਅਤੇ ਵਧੀਕ ਐਸਪੀ ਦੇ ਰੈਂਕ ਤੋਂ ਸੇਵਾਮੁਕਤ ਹੋਏ ਹਨ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਹਨ ਅਤੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਸੁਰੱਖਿਆ ਅਫਸਰ ਵਜੋਂ ਕੰਮ ਕਰਨ ਦੇ ਇੱਛੁਕ ਹਨ।
ਮਾਪਿਆਂ ਵੱਲੋਂ ਐੱਫਆਈਆਰ ਦੀ ਕਾਪੀ ਨਾ ਮਿਲਣ ਦੀ ਸ਼ਿਕਾਇਤ
ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਅੱਜ ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਅਜੇ ਤੱਕ ਐੱਫਆਈਆਰ ਦੀ ਕਾਪੀ ਨਹੀਂ ਮਿਲੀ ਹੈ। ਬੋਸ, ਜਿਨ੍ਹਾਂ ਅੱਜ ਦੋ ਵਾਰ ਪੀੜਤ ਡਾਕਟਰ ਦੇ ਮਾਪਿਆਂ ਨਾਲ ਫੋਨ ’ਤੇ ਗੱਲ ਕੀਤੀ, ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਸਲੇ ’ਤੇ ਗੌਰ ਕਰਨਗੇ। ਰਾਜਪਾਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। -ਪੀਟੀਆਈ