ਕੋਲਕਾਤਾ ਕਾਂਡ: ਅੰਦੋਲਨਕਾਰੀ ਡਾਕਟਰਾਂ ਦੀ ਹੜਤਾਲ ਖ਼ਤਮ; ਭਲਕੇ ਕੰਮ ’ਤੇ ਪਰਤਣਗੇ
ਕੋਲਕਾਤਾ, 19 ਸਤੰਬਰ
ਪੱਛਮੀ ਬੰਗਾਲ ਸਰਕਾਰ ਅਤੇ ਅੰਦੋਲਨਕਾਰੀ ਡਾਕਟਰਾਂ ਵਿਚਾਲੇ ਕੁਝ ਮੰਗਾਂ ਨੂੰ ਲੈ ਕੇ ਬਣੀ ਸਹਿਮਤੀ ਮਗਰੋਂ ਅੱਜ ਦੇਰ ਰਾਤ ਡਾਕਟਰਾਂ ਨੇ ਅੰਸ਼ਕ ਤੌਰ ’ਤੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਉਹ ਸ਼ਨਿਚਰਵਾਰ ਨੂੰ ਕੰਮ ’ਤੇ ਪਰਤ ਆਉਣਗੇ। ਇਸ ਦੇ ਨਾਲ ਹੀ ਡਾਕਟਰਾਂ ਨੇ ਕਿਹਾ ਕਿ ਆਰ ਜੀ ਕਰ ਹਸਪਤਾਲ ’ਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬੰਗਾਲ ’ਚ ਸਰਕਾਰੀ ਹਸਪਤਾਲਾਂ ’ਚ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਅੰਸ਼ਕ ਤੌਰ ’ਤੇ ਬਹਾਲ ਕਰ ਦਿੱਤੀਆਂ ਜਾਣਗੀਆਂ। ਡਾਕਟਰਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ ਪੱਛਮੀ ਬੰਗਾਲ ਸਰਕਾਰ ਨਾਲ ਹੋਈ ਗੱਲਬਾਤ ਦੇ ਅਹਿਮ ਨੁਕਤਿਆਂ ਦਾ ਖਰੜਾ ਮੁੱਖ ਸਕੱਤਰ ਮਨੋਜ ਪੰਤ ਨੂੰ ਭੇਜਿਆ ਸੀ ਜਿਸ ਦੇ ਜਵਾਬ ਮਗਰੋਂ ਹੜਤਾਲ ਖ਼ਤਮ ਕਰਨ ਦਾ ਮੁੱਢ ਬੱਝਾ। ਆਰ ਜੀ ਕਰ ਹਸਪਤਾਲ ’ਚ 9 ਅਗਸਤ ਨੂੰ ਟਰੇਨੀ ਡਾਕਟਰ ਦੀ ਹੱਤਿਆ ਮਗਰੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਜੂਨੀਅਰ ਡਾਕਟਰ ਪਿਛਲੇ 40 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਪੱਛਮੀ ਬੰਗਾਲ ਮੈਡੀਕਲ ਕਾਊਂਸਿਲ ਨੇ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ। ਘੋਸ਼ ਇਸ ਸਮੇਂ ਸੀਬੀਆਈ ਦੀ ਹਿਰਾਸਤ ’ਚ ਹੈ ਅਤੇ ਉਸ ਦਾ ਲਾਇਸੈਂਸ ਬੰਗਾਲ ਮੈਡੀਕਲ ਐਕਟ, 1914 ਦੀਆਂ ਵੱਖ ਵੱਖ ਧਾਰਾਵਾਂ ਤਹਿਤ ਰੱਦ ਕੀਤਾ ਗਿਆ ਹੈ। ਉਧਰ ਨਵੇਂ ਬਣੇ ਕੋਲਕਾਤਾ ਪੁਲੀਸ ਕਮਿਸ਼ਨਰ ਮਨੋਜ ਵਰਮਾ ਨੇ ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਉਹ ਹਸਪਤਾਲ ਅੰਦਰ ਕਰੀਬ ਅੱਧੇ ਘੰਟੇ ਤੱਕ ਰਹੇ ਅਤੇ ਵਾਰਦਾਤ ਵਾਲੀ ਥਾਂ ਦਾ ਦੌਰਾ ਵੀ ਕੀਤਾ। ਡਾਕਟਰਾਂ ਨੇ ਦੱਸਿਆ ਕਿ ਮੁੱਖ ਸਕੱਤਰ ਨੂੰ ਭੇਜੀ ਈਮੇਲ ’ਚ ਉਨ੍ਹਾਂ ਨੁਕਤਿਆਂ ਦੇ ਵੇਰਵੇ ਦਿੱਤੇ ਗਏ ਹਨ, ਜਿਨ੍ਹਾਂ ’ਤੇ ਦੋਵੇਂ ਧਿਰਾਂ ਵਿਚਕਾਰ ਚਰਚਾ ਹੋਈ ਸੀ। ਡਾਕਟਰਾਂ ਨੇ ਦੋਸ਼ ਲਾਇਆ ਸੀ ਕਿ ਸੂਬਾ ਸਰਕਾਰ ਨੇ ਮੀਟਿੰਗ ਦਾ ਲਿਖਤੀ ਬਿਉਰਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। -ਪੀਟੀਆਈ
ਸਰਕਾਰ ਵੱਲੋਂ ਡਾਕਟਰਾਂ ਦੀ ਸੁਰੱਖਿਆ ਲਈ ਹਦਾਇਤਾਂ ਜਾਰੀ
ਕੋਲਕਾਤਾ:
ਪੱਛਮੀ ਬੰਗਾਲ ਸਰਕਾਰ ਨੇ ਸਿਹਤ-ਸੰਭਾਲ ਮਾਹਿਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਸੁਖਾਵਾਂ ਮਾਹੌਲ ਦੇਣ ਦੇ ਉਦੇਸ਼ ਨਾਲ ਕਈ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਸਕੱਤਰ ਮਨੋਜ ਪੰਤ ਨੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਐੱਨਐੱਸ ਨਿਗਮ ਨੂੰ ਦੋ ਪੰਨਿਆਂ ਦੇ ਜਾਰੀ ਪੱਤਰ ’ਚ 10 ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤਹਿਤ ਹਸਪਤਾਲਾਂ ’ਚ ਡਾਕਟਰਾਂ ਲਈ ਢੁੱਕਵੇਂ ਕਮਰੇ, ਵਾਸ਼ਰੂਮ, ਸੀਸੀਟੀਵੀ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਆਦਿ ਸ਼ਾਮਲ ਹਨ।
ਸੀਪੀਐੱਮ ਦੀ ਨੇਤਾ ਸੀਬੀਆਈ ਅੱਗੇ ਪੇਸ਼, ਈਡੀ ਵੱਲੋਂ ਰਾਏ ਤੋਂ ਪੁੱਛ-ਪੜਤਾਲ
ਕੋਲਕਾਤਾ:
ਟਰੇਨੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਅੱਜ ਸੀਪੀਐੱਮ ਦੇ ਯੂਥ ਵਿੰਗ ਡੈਮੋਕਰੈਟਿਕ ਯੂਥ ਫੈਡਰੇਸ਼ਨ ਆਫ਼ ਇੰਡੀਆ ਦੀ ਸਕੱਤਰ ਮੀਨਾਕਸ਼ੀ ਮੁਖਰਜੀ ਸੀਬੀਆਈ ਅੱਗੇ ਪੇਸ਼ ਹੋਈ। ਉਧਰ ਟੀਐੱਮਸੀ ਵਿਧਾਇਕ ਸੁਦੀਪਤੋ ਰਾਏ ਤੋਂ ਈਡੀ ਨੇ ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਵਿੱਤੀ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ’ਚ ਪੁੱਛ-ਪੜਤਾਲ ਕੀਤੀ। -ਪੀਟੀਆਈ