ਕੋਲਕਾਤਾ ਕਾਂਡ: ਕੇਸ ਪੱਛਮੀ ਬੰਗਾਲ ਤੋਂ ਬਾਹਰ ਤਬਦੀਲ ਕਰਨ ਤੋਂ ਨਾਂਹ
ਨਵੀਂ ਦਿੱਲੀ, 7 ਨਵੰਬਰ
ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਨਾਲ ਜੁੜੇ ਕੇਸ ਨੂੰ ਪੱਛਮੀ ਬੰਗਾਲ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਹੇਠਲੀ ਅਦਾਲਤ ਦੇ ਜੱਜ ਕੋਲ ਤਾਕਤ ਹੈ ਕਿ ਜੇ ਪੜਤਾਲ ਮਗਰੋਂ ਉਨ੍ਹਾਂ ਨੂੰ ਕੋਈ ਸਬੂਤ ਮਿਲਦੇ ਹਨ ਤਾਂ ਉਹ ਇਕ ਹੋਰ ਜਾਂਚ ਦੇ ਹੁਕਮ ਦੇ ਸਕਦੇ ਹਨ। ਸਿਖਰਲੀ ਅਦਾਲਤ ਨੇ ਜਬਰ-ਜਨਾਹ ਅਤੇ ਹੱਤਿਆ ਦੇ ਮਾਮਲੇ ’ਚ ਸੀਬੀਆਈ ਵੱਲੋਂ ਦਾਖ਼ਲ ਛੇਵੀਂ ਪ੍ਰਗਤੀ ਰਿਪੋਰਟ ਨੂੰ ਵੀ ਘੋਖਿਆ ਪਰ ਉਨ੍ਹਾਂ ਇਸ ’ਤੇ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰਦਿਆਂ ਸਿਰਫ਼ ਇੰਨਾ ਕਿਹਾ ਕਿ ਮਾਮਲੇ ਦੀ ਹਾਲੇ ਜਾਂਚ ਚੱਲ ਰਹੀ ਹੈ। ਸੁਪਰੀਮ ਕੋਰਟ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਕੋਲਕਾਤਾ ਅਦਾਲਤ ਨੇ ਮੁੱਖ ਮੁਲਜ਼ਮ ਸੰਜੇ ਰੌਏ ਖ਼ਿਲਾਫ਼ 4 ਨਵੰਬਰ ਨੂੰ ਦੋਸ਼ ਆਇਦ ਕਰ ਦਿੱਤੇ ਹਨ ਅਤੇ ਮੁਕੱਦਮੇ ਦੀ ਸੁਣਵਾਈ ਰੋਜ਼ਾਨਾ 11 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ। ਮਾਮਲੇ ਦੀ ਸੁਣਵਾਈ ਦੌਰਾਨ ਡਾਕਟਰਾਂ ਅਤੇ ਸਿਹਤ-ਸੰਭਾਲ ਮਾਹਿਰਾਂ ਦੀ ਸੁਰੱਖਿਆ ਸਬੰਧੀ ਪ੍ਰੋਟੋਕਾਲ ਤੈਅ ਕਰਨ ਵਾਸਤੇ ਬਣਾਈ ਗਈ ਕੌਮੀ ਟਾਸਕ ਫੋਰਸ (ਐੱਨਟੀਐੱਫ) ਨੇ ਸੁਪਰੀਮ ਕੋਰਟ ’ਚ ਆਪਣੀ ਰਿਪੋਰਟ ਪੇਸ਼ ਕੀਤੀ। ਸਿਖਰਲੀ ਅਦਾਲਤ ਨੇ ਹਦਾਇਤ ਕੀਤੀ ਕਿ ਐੱਨਟੀਐੱਫ ਦੀ ਰਿਪੋਰਟ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨਾਲ ਸਾਂਝੀ ਕੀਤੀ ਜਾਵੇ। ਇਸ ਮਗਰੋਂ ਮਾਮਲੇ ਦੀ ਸੁਣਵਾਈ ਚਾਰ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਗਈ। ਸੁਪਰੀਮ ਕੋਰਟ ਨੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਬੰਧੀ ਨੇਮ ਤੈਅ ਕਰਨ ਵਾਸਤੇ 10 ਮੈਂਬਰੀ ਐੱਨਟੀਐੱਫ ਬਣਾਈ ਸੀ। ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ਨੂੰ ਖ਼ੌਫ਼ਨਾਕ ਕਰਾਰ ਦਿੰਦਿਆਂ ਸੁਪਰੀਮ ਕੋਰਟ ਨੇ ਐੱਫਆਈਆਰ ਦਰਜ ਕਰਨ ’ਚ ਦੇਰੀ ’ਤੇ ਸੂਬਾ ਸਰਕਾਰ ਦੀ ਲਾਹ-ਪਾਹ ਕੀਤੀ ਸੀ। -ਪੀਟੀਆਈ
ਸ਼ਾਹ ਨੇ ਮ੍ਰਿਤਕਾ ਦੇ ਪਿਤਾ ਨੂੰ ਮੀਟਿੰਗ ਲਈ ਸੱਦਿਆ
ਕੋਲਕਾਤਾ: ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਮ੍ਰਿਤਕ ਮਹਿਲਾ ਡਾਕਟਰ ਦੇ ਪਿਤਾ ਨੇ ਇੱਥੇ ਦੱਸਿਆ ਕਿ ਉਨ੍ਹਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਈ ਹੈ ਅਤੇ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਮੀਟਿੰਗ ਲਈ ਸੱਦਿਆ ਹੈ। ਹਾਲਾਂਕਿ ਉਨ੍ਹਾਂ ਅਮਿਤ ਸ਼ਾਹ ਨਾਲ ਗੱਲਬਾਤ ਅਤੇ ਮੁਲਾਕਾਤ ਕਦੋਂ ਅਤੇ ਕਿੱਥੇ ਹੋਵੇਗੀ, ਇਸ ਬਾਰੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਆਰਜੀ ਕਾਰ ਹਸਪਤਾਲ ਵਿੱਚ ਮ੍ਰਿਤਕ ਮਹਿਲਾ ਡਾਕਟਰ ਦੇ ਪਿਤਾ ਨੇ ਗੱਲਬਾਤ ਕਰਦਿਆਂ ਦੱਸਿਆ, ‘‘ਮੈਂ ਉਨ੍ਹਾਂ (ਅਮਿਤ ਸ਼ਾਹ) ਨਾਲ ਗੱਲ ਕੀਤੀ ਹੈ। ਉਨ੍ਹਾਂ ਮੈਨੂੰ (ਮੀਟਿੰਗ) ਲਈ ਸੱਦਿਆ ਹੈ। ਮੈਂ ਇਸ ਬਾਰੇ ਜ਼ਿਆਦਾ ਗੱਲਬਾਤ ਨਹੀਂ ਕਰ ਸਕਦਾ ਪਰ ਮੀਟਿੰਗ ਜ਼ਰੂਰ ਹੋਵੇਗੀ।’’ ਇਸ ਤੋਂ ਪਹਿਲਾਂ ਪੀੜਤਾ ਦੇ ਮਾਪਿਆਂ ਨੇ 22 ਅਕਤੂਬਰ ਨੂੰ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਅਤੇ ਮਦਦ ਲਈ ਮੁਲਾਕਾਤ ਦੀ ਅਪੀਲ ਕੀਤੀ ਸੀ। ਪ੍ਰਦੇਸ਼ ਭਾਜਪਾ ਨੇਤਾਵਾਂ ਨੇ ਕਿਹਾ ਸੀ ਕਿ ਉਹ 27 ਅਕਤੂਬਰ ਨੂੰ ਕੋਲਕਾਤਾ ਦੌਰੇ ਦੌਰਾਨ ਸ਼ਾਹ ਅਤੇ ਜੋੜੇ ਵਿਚਕਾਰ ਮੁਲਾਕਾਤ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨਗੇ ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ ਮਾਪਿਆਂ ਨੇ ਕਿਹਾ ਸੀ ਕਿ ਉਹ ਸ਼ਾਹ ਨਾਲ ਮੁਲਾਕਾਤ ਨਾ ਕਰ ਸਕਣ ਕਰਨ ਨਾਰਾਜ਼ ਨਹੀਂ ਹਨ ਅਤੇ ਉਨ੍ਹਾਂ ਉਮੀਦ ਜਤਾਈ ਸੀ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਕੇਂਦਰੀ ਮੰਤਰੀ ਨਾਲ ਮੁਲਾਕਾਤ ਦਾ ਮੌਕਾ ਮਿਲ ਸਕਦਾ ਹੈ। -ਪੀਟੀਆਈ