ਕਿਸਾਨ ਯੂਨੀਅਨ ਵੱਲੋਂ ਪੰਚਾਇਤ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ
ਪਵਨ ਗੋਇਲ
ਭੁੱਚੋ ਮੰਡੀ, 24 ਜੁਲਾਈ
ਪਿੰਡ ਭੁੱਚੋ ਕਲਾਂ ਦੇ ਕਿਸਾਨ ਬੂਟਾ ਸਿੰਘ ਨੂੰ ਡਰਾ ਕੇ ਪੰਚਾਇਤ ਸਕੱਤਰ ਅਤੇ ਪਟਵਾਰੀ ਦੁਆਰਾ 10 ਹਜ਼ਾਰ ਰੁਪਏ ਬਟੋਰਨ ਦੇ ਮਾਮਲੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਵੱਲੋਂ ਪਿੰਡ ਵਿੱਚ ਪੰਚਾਇਤ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਅਤੇ ਮੀਤ ਪ੍ਰਧਾਨ ਭੋਲਾ ਸਿੰਘ ਨੇ ਕਿਹਾ ਕਿ ਪੰਚਾਇਤ ਸਕੱਤਰ ਅਤੇ ਪਟਵਾਰੀ ਨੇ ਕਿਸਾਨ ਬੂਟਾ ਸਿੰਘ ਤੋਂ ਦਸ ਹਜ਼ਾਰ ਰੁਪਏ ਇਹ ਕਹਿ ਕੇ ਬਟੋਰ ਲਏ ਕਿ ‘ਤੇਰੀ ਜ਼ਮੀਨ ਵਿੱਚ ਪੰਚਾਇਤੀ ਜ਼ਮੀਨ ਬੋਲ ਰਹੀ ਹੈ, ਤੂੰ ਇਸ ਜ਼ਮੀਨ ’ਤੇ ਨਾਜ਼ਾਇਜ ਕਬਜ਼ਾ ਕੀਤਾ ਹੋਇਆ ਹੈ, ਤੇਰੇ ਖ਼ਿਲਾਫ਼ ਕੇਸ ਦਰਜ ਹੋਵੇਗਾ।’ ਕਿਸਾਨ ਨੇ ਡਰਦੇ ਮਾਰੇ ਰੁਪਏ ਦੇ ਦਿੱਤੇ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨ ਅਮ੍ਰਿਤ ਗੌੜ ਨੇ ਕੁੱਝ ਪੰਚਾਂ ਦੇ ਸਹਿਯੋਗ ਨਾਲ ਮਾਮਲੇ ਨੂੰ ਬੇਪਰਦ ਕਰਨ ਤੋਂ ਬਾਅਦ ਸਕੱਤਰ ਅਤੇ ਪਟਵਾਰੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੈਸੇ ਲੈਣ ਦੇ ਮਾਮਲੇ ਵਿੱਚ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਲੱਗ ਪਏ। ਉਨ੍ਹਾਂ ਕਿਹਾ ਕਿ ਪਟਵਾਰੀ ਨੇ ਸਰਪੰਚ ਗੁਰਪ੍ਰੀਤ ਸਰਾਂ ਕੋਲ ਪੈਸੇ ਲੈਣ ਦੀ ਗੱਲ ਕਬੂਲੀ ਸੀ ਅਤੇ ਰੁਪਏ ਵਾਪਸ ਕਰਨ ਦੀ ਗੱਲ ਵੀ ਕਹੀ ਸੀ। ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੀਡੀਪੀਓ ਨੂੰ ਮੰਗ ਪੱਤਰ ਭੇਜ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਚਾਇਤ ਵਿਭਾਗ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਬੀਡੀਪੀਓ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਸਬੰਧੀ ਨਥਾਣਾ ਦੀ ਬੀਡੀਪੀਓ ਗਗਨਦੀਪ ਕੌਰ ਸੋਹਲ ਨੇ ਕਿਹਾ ਕਿ ਇਸ ਮਾਮਲੇ ਦੀ ਮੰਗਲਵਾਰ ਨੂੰ ਪੜਤਾਲ ਕਰਵਾਈ ਜਾ ਰਹੀ ਹੈ।