For the best experience, open
https://m.punjabitribuneonline.com
on your mobile browser.
Advertisement

ਕਿਸਾਨ ਮੇਲੇ ਅਤੇ ਰੰਗਲਾ ਪੰਜਾਬ

07:42 AM Sep 09, 2024 IST
ਕਿਸਾਨ ਮੇਲੇ ਅਤੇ ਰੰਗਲਾ ਪੰਜਾਬ
Advertisement

ਕਮਲਪ੍ਰੀਤ ਕੌਰ*

ਪੰਜਾਬੀਆਂ ਨੇ ਲੱਖਾਂ ਮੁਸੀਬਤਾਂ ਆਪਣੇ ਪਿੰਡੇ ’ਤੇ ਹੰਢਾਈਆਂ ਹਨ। ਫਿਰ ਵੀ ਖ਼ੁਸ਼ਦਿਲੀ ਤੇ ਮਿਹਨਤ ਦੀ ਤਾਸੀਰ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਦੀ ਹੈ। ਪੰਜਾਬੀ ਮੁੱਢ ਤੋਂ ਹੀ ਮੇਲਿਆਂ ਦੇ ਸ਼ੌਕੀਨ ਰਹੇ ਹਨ। ਅਜੋਕੇ ਯੁੱਗ ਵਿੱਚ ਰਵਾਇਤੀ ਮੇਲਿਆਂ ਦੀ ਕਤਾਰ ਵਿੱਚ ਵਿਗਿਆਨਕ ਮੇਲਿਆਂ ਨੇ ਵੀ ਆਪਣੀ ਥਾਂ ਬਣਾ ਲਈ ਹੈ। ਕੁਝ ਇਸ ਤਰ੍ਹਾਂ ਦਾ ਹੀ ਰੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (ਪੀਏਯੂੂ) ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਵਿੱਚ ਦੇਖਣ ਨੂੰ ਮਿਲਦਾ ਹੈ। ਕਿਸਾਨ ਮੇਲਿਆਂ ਦੀ ਸ਼ੁਰੂਆਤ ਪੀਏਯੂ ਨੇ 1967 ਵਿੱਚ ਕੀਤੀ ਸੀ। ਇਨ੍ਹਾਂ ਕਿਸਾਨ ਮੇਲਿਆਂ ਨੇ ਹਰੀ ਕ੍ਰਾਂਤੀ ਨੂੰ ਸਫ਼ਲ ਬਣਾਉਣ ਵਿੱਚ ਦੀਵੇ ਦੀ ਬੱਤੀ ਵਾਲੀ ਭੂਮਿਕਾ ਨਿਭਾਈ ਤਾਂ ਮੁਲਕ ਦੇ ਹੱਥ ਫੜਿਆ ਕਟੋਰਾ ਛੁੱਟਿਆ। ਵਿਗਿਆਨਕ ਮੇਲੇ ਪੀਏਯੂ ਵੱਲੋਂ ਸਾਲ ਵਿੱਚ ਦੋ ਵਾਰ ‘ਸਾਉਣੀ ਦੀਆਂ ਫ਼ਸਲਾਂ’ ਸਬੰਧੀ ਮਾਰਚ ਅਤੇ ‘ਹਾੜ੍ਹੀ ਦੀਆਂ ਫ਼ਸਲਾਂ’ ਸਬੰਧੀ ਸਤੰਬਰ ਮਹੀਨੇ ਲਗਾਏ ਜਾਂਦੇ ਹਨ। ਪੀਏਯੂ ਅਤੇ ਇਸ ਦੇ ਵੱਖ-ਵੱਖ ਕੇਂਦਰਾਂ ਵਿੱਚ ਕਿਸਾਨ ਮੇਲੇ ਸਤੰਬਰ ਵਿੱਚ ਸ਼ੁਰੂ ਹੋ ਜਾਂਦੇ ਹਨ। ਇਹ ਮੇਲੇ 13-14 ਸਤੰਬਰ ਨੂੰ ਪੀਏਯੂ, ਲੁਧਿਆਣਾ ਅਤੇ ਇਸ ਦੇ ਕਈ ਖੇਤਰੀ ਕੇਂਦਰਾਂ ਜਿਵੇਂ ਫ਼ਰੀਦਕੋਟ (10 ਸਤੰਬਰ), ਗੁਰਦਾਸਪੁਰ (18 ਸਤੰਬਰ), ਰੌਣੀ (24 ਸਤੰਬਰ ਪਟਿਆਲਾ) ਅਤੇ ਬਠਿੰਡਾ (27 ਸਤੰਬਰ) ਵਿੱਚ ਲਾਏ ਜਾਣਗੇ। ਇਨ੍ਹਾਂ ਮੇਲਿਆਂ ਦਾ ਮੰਤਵ ਕਿਸਾਨਾਂ ਨੂੰ ਵਿਗਿਆਨਕ ਢੰਗ ਨਾਲ ਖੇਤੀਬਾੜੀ ਕਰਨ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਬੱਚਤ ਕਰਨਾ, ਖੇਤੀ ਲਾਗਤਾਂ ਘਟਾਉਣਾ, ਹੱਥੀਂ ਮਿਹਨਤ ਕਰਨ ਬਾਰੇ ਸੁਨੇਹੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਨਿੱਤ ਜੀਵਨ ਦੇ ਖ਼ਰਚੇ ਕੱਢਣ ਲਈ ਸਹਾਇਕ ਧੰਦਿਆਂ ਨੂੰ ਅਪਣਾਉਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਆਪਣੀ ਫ਼ਸਲ ਦੇ ਖ਼ੁਦ ਮੰਡੀਕਰਨ ਕਰ ਕੇ ਵਿਚੋਲਿਆਂ ਦੀ ਲੁੱਟ ਤੋਂ ਬਚਾਉਣ ਸਬੰਧੀ ਜਾਗਰੂਕ ਕਰਨਾ ਵੀ ਇਹੋ ਜਿਹੇ ਮੇਲਿਆਂ ਦਾ ਉਦੇਸ਼ ਹੁੰਦਾ ਹੈ।
ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ-ਨਵੀਆਂ ਖੋਜਾਂ ਅਤੇ ਤਕਨੀਕਾਂ ਬਾਰੇ ਜਾਗਰੂਕ ਕਰਨਾ ਅਤੇ ਆਉਣ ਵਾਲੀ ਰੁੱਤ ਲਈ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦੇ ਬੀਜ ਮੁਹੱਈਆ ਕਰਨਾ ਇਨ੍ਹਾਂ ਮੇਲਿਆਂ ਦਾ ਅਹਿਮ ਪੱਖ ਹੁੰਦਾ ਹੈ। ਫ਼ਸਲਾਂ ਦੇ ਸੁਧਰੇ ਬੀਜਾਂ ਤੋਂ ਇਲਾਵਾ, ਕਿਸਾਨਾਂ ਨੂੰ ਫ਼ਲਦਾਰ ਬੂਟੇ, ਸਬਜ਼ੀਆਂ ਅਤੇ ਫੁੱਲਾਂ ਦੇ ਬੀਜ ਅਤੇ ਪਨੀਰੀ ਵੀ ਮੁਹੱਈਆ ਕਰਵਾਏ ਜਾਂਦੇ ਹਨ। ਕੁਦਰਤੀ ਸਰੋਤਾਂ ਦੀ ਬੱਚਤ ਲਈ ਸਿੰਜਾਈ ਸਾਧਨਾਂ ਦੀ ਸੁਚੱਜੀ ਵਰਤੋਂ, ਮਿੱਟੀ ਅਤੇ ਪਾਣੀ ਪਰਖ, ਜੀਵਾਣੂ ਖਾਦਾਂ, ਮੌਸਮ ਦੀ ਅਗਾਊਂ ਜਾਣਕਾਰੀ ਦੀ ਮਹੱਤਤਾ ਬਾਰੇ ਵਿਚਾਰ ਚਰਚਾ ਕੀਤੀ ਜਾਂਦੀ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਫ਼ਸਲਾਂ, ਸਬਜ਼ੀਆਂ, ਫਲਾਂ, ਫੁੱਲਾਂ ਦੀਆਂ ਕਿਸਮਾਂ, ਪੈਦਾਵਾਰ ਤਕਨੀਕਾਂ, ਪੌਦ-ਸੁਰੱਖਿਆ ਤਕਨੀਕਾਂ ਅਤੇ ਖੇਤੀ ਜਿਣਸਾਂ ਤੋਂ ਬਣਨ ਵਾਲੇ ਵੱਖ-ਵੱਖ ਤਰ੍ਹਾਂ ਦੇ ਪਦਾਰਥਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ। ਖੇਤੀ ਮਸ਼ੀਨਰੀ ਦੀ ਵਰਤੋਂ ਅਤੇ ਸੰਭਾਲ ਸਬੰਧੀ ਵੱਡਮੁੱਲੀ ਜਾਣਕਾਰੀ ਕਿਸਾਨਾਂ ਨੂੰ ਬਹੁਤ ਲਾਹੇਵੰਦ ਸਿੱਧ ਹੁੰਦੀ ਹੈ।
ਖੇਤੀਬਾੜੀ ਦੇ ਸੰਦ-ਸੰਦੇੜੇ ਅਤੇ ਮਸ਼ੀਨਰੀ ਦੀਆਂ ਸਟਾਲਾਂ ਕਿਸਾਨਾਂ ਨੂੰ ਨਵੇਂ ਆਏ ਆਧੁਨਿਕ ਸੰਦਾਂ ਦੀ ਜਾਣਕਾਰੀ ਮੁਹੱਈਆ ਕਰਦੀਆਂ ਹਨ। ਮਸ਼ੀਨਰੀ ਦੀ ਵਰਤੋਂ ਦੀ ਵਿਧੀ ਅਤੇ ਖ਼ਰੀਦ ਮੁੱਲ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਸਭ ਦੇ ਨਾਲ-ਨਾਲ, ਗ੍ਰਹਿ ਵਿਗਿਆਨ ਵਿਭਾਗ ਵੱਲੋਂ ਵੀ ਆਪਣੇ ਸਟਾਲਾਂ ’ਤੇ ਘਰੇਲੂ ਵਰਤੋਂ ਦੀਆਂ ਹੱਥ ਦੀਆਂ ਬਣੀਆਂ ਵੱਖੋ-ਵੱਖਰੀਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ, ਜੋ ਕਿ ਕਿਸਾਨ ਬੀਬੀਆਂ ਲਈ ਜਾਣਕਾਰੀ ਨਾਲ ਭਰਪੂਰ ਹੁੰਦੀ ਹੈ। ਇਨ੍ਹਾਂ ਸਟਾਲਾਂ ’ਤੇ ਕਿਸਾਨ ਬੀਬੀਆਂ ਲਈ ’ਵਰਸਿਟੀ ਵਲੋਂ ਲਾਏ ਜਾਂਦੇ ਸਿਖਲਾਈ ਕੋਰਸਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਕਿਸਾਨ ਬੀਬੀਆਂ ਨੂੰ ਘਰੇਲੂ ਵਸਤੂਆਂ ਜਿਵੇਂ ਸਿਲਾਈ, ਕਢਾਈ, ਅਚਾਰ, ਚਟਣੀਆਂ, ਮੁਰੱਬੇ ਆਦਿ ਬਣਾਉਣ ਦੀਆਂ ਵਿਧੀਆਂ ਅਤੇ ਇਨ੍ਹਾਂ ਦੇ ਮੰਡੀਕਰਨ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਣ। ਇਸ ਤੋਂ ਇਲਾਵਾ ਪੌਸ਼ਟਿਕ ਭੋਜਨ ਬਾਰੇ ਵੀ ਦੱਸਿਆ ਜਾਂਦਾ ਹੈ।
ਪੀਏਯੂ ਵੱਲੋਂ ਛਪਦਾ ਮਹੀਨਾਵਾਰੀ ਰਸਾਲਾ, ‘ਚੰਗੀ ਖੇਤੀ’ ਪੰਜਾਬੀ ਵਿੱਚ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਅੰਗਰੇਜ਼ੀ ਵਿੱਚ ਹਰ ਮਹੀਨੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਲੈ ਕੇ ਆਉਂਦਾ ਹੈ। ਕਿਸਾਨ ਮੇਲੇ ਵਿੱਚ ਇਸ ਰਸਾਲੇ ਦੇ ਮੈਂਬਰ ਬਣਨ ਲਈ ਖ਼ਾਸ ਤੌਰ ’ਤੇ ਸਟਾਲ ਲੱਗਿਆ ਹੁੰਦਾ ਹੈ, ਜਿੱਥੇ ਕਿਸਾਨ ਇਸ ਰਸਾਲੇ ਦੀ ਮੈਂਬਰਸ਼ਿਪ ਲੈ ਸਕਦੇ ਹਨ। ਇਸ ਨਾਲ ਹਰ ਮਹੀਨੇ ਵਿਗਿਆਨਕ ਜਾਣਕਾਰੀ ਖ਼ੁਦ ਤੁਹਾਡੇ ਘਰ ਡਾਕ ਰਾਹੀਂ, ਇਸ ਰਸਾਲੇ ਦੇ ਰੂਪ ਵਿੱਚ ਪਹੁੰਚ ਜਾਇਆ ਕਰੇਗੀ। ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਤਕਨੀਕਾਂ ਲਈ, ਯੂਨੀਵਰਸਿਟੀ ਵੱਲੋਂ ਛਪੀਆਂ ਕਿਤਾਬਾਂ ‘ਪੰਜਾਬ ਦੀਆਂ ਫ਼ਸਲਾਂ ਲਈ ਸਿਫ਼ਾਰਸ਼ਾਂ- ਸਾਉਣੀ/ ਹਾੜ੍ਹੀ’ ਵੀ ਖ਼ਰੀਦੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਫ਼ਸਲ ਦੀ ਬਿਜਾਈ, ਸਿਫ਼ਾਰਸ਼ ਕੀਤੀਆਂ ਕਿਸਮਾਂ ਤੋਂ ਲੈ ਕੇ ਫ਼ਸਲ ਦੀ ਵਾਢੀ ਤੱਕ ਹਰ ਅਹਿਮ ਜਾਣਕਾਰੀ ਦਿੱਤੀ ਗਈ ਹੈ। ਲੁਧਿਆਣਾ ਵਿੱਚ ਕਿਸਾਨ ਮੇਲੇ ਦੇ ਨਾਲ-ਨਾਲ ਦੋ ਦਿਨਾਂ ਪਸ਼ੂ ਪਾਲਣ ਮੇਲਾ ‘ਗੁਰੂ ਅੰਗਦ ਦੇਵ ਵੇੈਟਰਨਰੀ ਅਤੇ ਐਨੀਮਲ ਸਇੰਸਸ ਯੂਨੀਵਰਸਿਟੀ’ ਵਿੱਚ ਲਗਾਇਆ ਜਾਂਦਾ ਹੈ। ਇਸ ਮੇਲੇ ਵਿੱਚ ਦੁਧਾਰੂ ਪਸ਼ੂਆਂ ਦੀਆਂ ਪ੍ਰਦਰਸ਼ਨੀਆਂ ਆਦਿ ਖ਼ਾਸ ਤੌਰ ’ਤੇ ਕਿਸਾਨਾਂ ਲਈ ਲਗਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਪਸ਼ੂ-ਧਨ ਪ੍ਰਦਰਨਸ਼ਨੀਆਂ ਦੀਆਂ ਸਟਾਲਾਂ ਵੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣਦੀਆਂ ਹਨ।
ਇੱਕ ਹੋਰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਪੀਏਯੂ ਵੱਲੋਂ ‘ਖੇਤੀ ਸੰਦੇਸ਼’ ਨਾਮ ਦਾ ਡਿਜੀਟਲ ਅਖ਼ਬਾਰ ਜਾਰੀ ਕੀਤਾ ਗਿਆ ਹੈ, ਜੋ ਕਿਸਾਨਾਂ ਲਈ ਖੇਤੀ ਨਾਲ ਸਬੰਧਤ ਜਾਣਕਾਰੀ ਲੈ ਕੇ ਆਉਂਦਾ ਹੈ। ਇਸ ਅਖ਼ਬਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿੱਧਾ ਤੁਹਾਡੇ ਮੋਬਾਈਲ ਫੋਨ ਉੱਪਰ ਪਹੁੰਚਦਾ ਹੈ। ਇਸ ਅਖ਼ਬਾਰ ਨੂੰ ਹਾਸਲ ਕਰਨ ਲਈ ਮੋਬਾਇਲ ਨੰਬਰ 82880-57707 ’ਤੇ ਮਿਸ ਕਾਲ ਕਰੋ ਜਾਂ ਇਸੇ ਨੰਬਰ ’ਤੇ ਵ੍ਹਟਸਐਪ ਰਾਹੀਂ ਆਪਣਾ ਨਾਂ, ਪਿੰਡ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਮੈਸਜ ਕਰੋ, ਤਾਂ ਜੋ ਖੇਤੀਬਾੜੀ ਦੀਆਂ ਵਿਗਿਆਨਕ ਤਕਨੀਕਾਂ ਦੀ ਜਾਣਕਾਰੀ ਸਿੱਧੀ ਤੁਹਾਡੇ ਤੱਕ ਪਹੁੰਚ ਸਕੇ। ਪਿਛਲੇ ਕਿਸਾਨ ਮੇਲੇ ’ਤੇ ਪੀਏਯੂ ਵੱਲੋਂ ਇੱਕ ਮੋਬਾਈਲ ਐਪ ‘ਪੀਏਯੂ ਕਿਸਾਨ ਐਪ’ ਵੀ ਮੁਹੱਈਆ ਕਰਵਾਈ ਗਈ ਹੈ ਜੋ ਕਿਸੇ ਵੀ ਸਮਾਰਟ ਫੋਨ ’ਤੇ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਕਿਸਾਨ ਐਪ ਵਿੱਚ ਖੇਤੀਬਾੜੀ ਨਾਲ ਸਬੰਧਤ ਜ਼ਿਲ੍ਹਾ ਪੱਧਰੀ ਜਾਣਕਾਰੀ ਪੰਜਾਬੀ ਵਿੱਚ ਸਿੱਧਾ ਤੁਹਾਡੇ ਫੋਨ ’ਤੇ ਮੁਹੱਈਆ ਕਰਵਾਈ ਗਈ ਹੈ।
ਪੀਏਯੂ ਵੱਲੋਂ ਕਿਸਾਨਾਂ ਨੂੰ ਸਮਾਜਿਕ ਪੱਖਾਂ ਅਤੇ ਜ਼ਿੰਮੇਵਾਰੀਆਂ ਸਬੰਧੀ ਵੀ ਚੌਕਸ ਕੀਤਾ ਜਾਂਦਾ ਹੈ। ‘ਸਾਦੇ ਵਿਆਹ-ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ’ ਵੱਲ ਕਿਸਾਨਾਂ ਦਾ ਧਿਆਨ ਕੇਂਦ੍ਰਿਤ ਕਰਨ ਨਾਲ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਵਿਸ਼ੇ ਸਬੰਧੀ ਕਿਸਾਨਾਂ ਨੂੰ ਖੁਸ਼ੀ ਗ਼ਮੀ ਮੌਕੇ ਸਾਦੇ ਸਮਾਗਮ ਕਰਨ ਲਈ ਪ੍ਰੇਰਿਆ ਜਾਂਦਾ ਹੈ। ਹਜ਼ਾਰਾਂ ਕਿਸਾਨਾਂ ਨੇ ਪਿਛਲੇ ਮੇਲਿਆਂ ਵਿੱਚ ਤਹਿਤ ਲਗਾਏ ਵਿਸ਼ੇਸ਼ ਬੈਨਰ ’ਤੇ ਆਪਣੇ ਦਸਤਖ਼ਤ ਕਰ ਕੇ ਭਵਿੱਖ ਵਿੱਚ ਸਾਧਾਰਨ ’ਤੇ ਘੱਟ ਖ਼ਰਚ ਵਾਲੇ ਪ੍ਰੋਗਰਾਮ ਕਰਨ ਦਾ ਪ੍ਰਣ ਵੀ ਲਿਆ।
ਕਿਸਾਨ ਮੇਲੇ ਵਿੱਚ ਖੇਤੀ ਜਿਣਸਾਂ ਦੇ ਮੁਕਾਬਲੇ ਵੀ ਕਰਵਾਏ ਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ। ਅਗਾਂਹਵਧੂ ਕਿਸਾਨਾਂ ਨੂੰ ਉਨ੍ਹਾਂ ਦੀਆਂ ਵਿਗਿਆਨਕ ਢੰਗਾਂ ਨਾਲ ਖੇਤੀ ਕਰ ਕੇ ਖੇਤੀ ਖੇਤਰ ਵਿੱਚ ਮਾਰੀਆਂ ਮੱਲਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਆ ਜਾਂਦਾ ਹੈ ਤਾਂ ਜੋ ਬਾਕੀ ਕਿਸਾਨ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ।
ਚੰਗਾ ਹੋਵੇਗਾ ਜੇ ਕਿਸਾਨਾਂ ਦੇ ਬੱਚੇ ਅਤੇ ਬੱਚੀਆਂ ਵੀ ਇਨ੍ਹਾਂ ਮੇਲਿਆਂ ਵਿੱਚ ਸ਼ਿਰਕਤ ਕਰਨ। ਕਿਉਂਕਿ ਵਿਗਿਆਨੀਆਂ ਨਾਲ ਰੂ-ਬ-ਰੂ ਹੋ ਕੇ ਬੱਚਿਆਂ ਅੰਦਰ ਕਈ ਤਰ੍ਹਾਂ ਦੇ ਨਵੇਂ ਵਿਚਾਰ ਉਤਪੰਨ ਹੁੰਦੇ ਹਨ ਅਤੇ ਉਹ ਵਿਗਿਆਨੀ ਬਣਨ ਦਾ ਸੁਫ਼ਨਾ ਵੀ ਦੇਖ ਸਕਦੇ ਹਨ। ਯੂਨੀਵਰਸਿਟੀ ਵਿੱਚ ਪੜ੍ਹਾਏ ਜਾ ਰਹੇ ਡਿਗਰੀ ਅਤੇ ਡਿਪਲੋਮਾ ਕੋਰਸਾਂ ਦੀ ਜਾਣਕਾਰੀ ਵੀ ਤੁਹਾਨੂੰ ਕਿਸਾਨ ਮੇਲਿਆਂ ਵਿੱਚ ਮੁਹੱਈਆ ਹੁੰਦੀ ਹੈ ਜਿਸ ਨਾਲ ਅੱਜ ਦੇ ਕਿਸਾਨ ਬੱਚੇ ਕੱਲ ਦੇ ਖੇਤੀਬਾੜੀ ਮਾਹਿਰ ਬਣਨ ਲਈ ਪ੍ਰੇਰਿਤ ਹੋ ਸਕਦੇ ਹਨ। ਇਸ ਤੋਂ ਇਲਾਵਾ ਪੀਏਯੂ ਵਿੱਚ ਪੁਰਾਣੇ ਸੱਭਿਆਚਾਰ ਦਾ ਅਜਾਇਬ ਘਰ ਵੀ ਮੇਲੇ ਵਿੱਚ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਇੱਥੇ ਪੁਰਾਣੀਆਂ ਪੰਜਾਬੀ ਵਸਤਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਨਵੀਂ ਪੀੜ੍ਹੀ ਨੂੰ ਪੁਰਾਣੇ ਪੰਜਾਬੀ ਵਿਰਸੇ ਨਾਲ ਰੂ-ਬ-ਰੂ ਕਰਾਉਣ ਲਈ ‘ਅਜਾਇਬ ਘਰ’ ਦਾ ਚੱਕਰ ਵੀ ਜ਼ਰੂਰ ਲਗਵਾਉ, ਤਾਂ ਜੋ ਨਵੀਆਂ ਕਰੂੰਭਲਾ ਨੂੰ ਡੂੰਘੀਆਂ ਜੜ੍ਹਾਂ ਨਾਲ ਸੰਜੋ ਕੇ ਰੱਖਿਆ ਜਾ ਸਕੇ।
‘‘ਚੰਨਣ, ਨਾਜ਼ਰ, ਬੰਤੂ, ਸੰਤੂ ਸੱਦ ਲਏ ਆ ਕੇ ਗੇਲੇ, ਸਤੰਬਰ ਮਹੀਨਾ ਚੜ੍ਹ ਆਇਆ, ਚੱਲੋ ਮਿੱਤਰੋ ਪੀਏਯੂ ਦੇ ਮੇਲੇ।”

* ਪਸਾਰ ਸਿੱਖਿਆ ਵਿਭਾਗ, ਪੀਏਯੂ, ਲੁਧਿਆਣਾ।

Advertisement

Advertisement
Author Image

sukhwinder singh

View all posts

Advertisement