For the best experience, open
https://m.punjabitribuneonline.com
on your mobile browser.
Advertisement

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਭਾਜਪਾ ਖ਼ਿਲਾਫ਼ ਬੈਨਰ ਲਾਏ

06:41 AM Apr 16, 2024 IST
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਭਾਜਪਾ ਖ਼ਿਲਾਫ਼ ਬੈਨਰ ਲਾਏ
ਭੈਣੀ ਮੀਆਂ ਖਾਂ ਦੇ ਬਾਜ਼ਾਰ ਵਿੱਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਤੇ ਬੀਬੀਆਂ।
Advertisement

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 15 ਅਪਰੈਲ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਡਾ ਭੈਣੀ ਮੀਆਂ ਖਾਂ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਭਾਜਪਾ ਖ਼ਿਲਾਫ਼ ਪੋਸਟਰ ਲਗਾਅ ਕੇ ਬਾਈਕਾਟ ਕਰਨ ਦਾ ਸੱਦਾ ਦਿੱਤਾ। ਇਸ ਇਕੱਠ ਦੌਰਾਨ ਕਿਸਾਨ ਆਗੂਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਕੀਤਾ ਬੈਨਰ ਕਸਬਾ ਭੈਣੀ ਮੀਆਂ ਖਾਂ ਦੇ ਮੁੱਖ ਚੌਕ ਵਿੱਚ ਲਗਾਇਆ ਗਿਆ। ਇਸ ਵਿੱਚ ਇੱਕ ਪਾਸੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਤਸਵੀਰ ਹੈ ਤੇ ਦੂਜੇ ਪਾਸੇ ਕਿਸਾਨ ਆਗੂਆਂ ਵੱਲੋਂ ਭਾਜਪਾ ਉਮੀਦਵਾਰਾਂ ਕੋਲੋਂ 12 ਸਵਾਲ ਪੁੱਛੇ ਗਏ ਹਨ। ਇਹ ਵੀ ਲਿਖਿਆ ਗਿਆ ਹੈ ਕਿ ਜੇ ਭਾਜਪਾ ਆਗੂ ਇਨ੍ਹਾਂ ਸਵਾਲਾਂ ਦਾ ਸਾਹਮਣਾ ਕਰਨ ਤੋਂ ਭੱਜਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ।
ਕਿਸਾਨ ਆਗੂ ਕੈਪਟਨ ਸਮਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਗੁਰਪ੍ਰੀਤ ਨਾਨੋਵਾਲ ਨੇ ਕਿਹਾ ਕਿ ਦੇਸ਼ ਵਿੱਚ 75 ਸਾਲਾਂ ਦੌਰਾਨ ਲਾਗੂ ਹੋਏ ਲੋਕਤੰਤਰੀ ਢਾਂਚੇ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਨਕਾਰਾ ਕਰ ਦਿੱਤਾ ਗਿਆ ਹੈ। ਵੋਟ ਬਟੋਰੂ ਪਾਰਟੀਆਂ ਦੇਸ਼ ’ਚ ਭ੍ਰਿਸ਼ਟਾਚਾਰੀ, ਫ਼ਿਰਕੂ ਦੰਗੇ ਫੈਲਾ ਕੇ ਆਪਣੇ ਮੁਫ਼ਾਦ ਪੂਰੇ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਕੋਲੋਂ ਰੁਜ਼ਗਾਰ ਖੋਹਿਆ ਜਾ ਰਿਹਾ ਅਤੇ ਮਸ਼ੀਨੀਕਰਨ ਦੇ ਨਾਂ ਉੱਤੇ ਬੇਰੁਜ਼ਗਾਰੀ ਤੇ ਭੁੱਖਮਰੀ ਵੱਲ ਧੱਕਿਆ ਜਾ ਰਿਹਾ। ਕਿਸਾਨਾਂ ਨੇ ਇਕੱਠੇ ਹੋ ਕੇ ਬਾਜ਼ਾਰ ਵਿੱਚ ਦੁਕਾਨਾਂ ਦੀਆਂ ਕੰਧਾਂ ਉੱਪਰ ਭਾਜਪਾ ਬਾਈਕਾਟ ਦੇ ਪੋਸਟਰ ਲਗਾਏ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਹਰਜੀਤ ਕੌਰ, ਗੁਰਪ੍ਰੀਤ ਕੌਰ, ਬਲਵਿੰਦਰ ਕੌਰ, ਕੰਵਲਜੀਤ ਕੌਰ, ਗੁਰਮੀਤ ਕੌਰ ਤੇ ਹੋਰ ਕਿਸਾਨ-ਮਜ਼ਦੂਰ ਬੀਬੀਆਂ ਹਾਜ਼ਰ ਸਨ।

Advertisement

Advertisement
Author Image

Advertisement
Advertisement
×