ਸੀਤਲ ਸਿੰਘ ਗੁੰਨੋਪੁਰੀ ਨੂੰ ਕਿਰਪਾਲ ਸਿੰਘ ਯਾਦਗਾਰੀ ਸਨਮਾਨ
ਕੇ.ਪੀ ਸਿੰਘ
ਗੁਰਦਾਸਪੁਰ, 21 ਅਕਤੂਬਰ
ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਵੱਲੋਂ ਸਥਾਨਕ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਭਵਨ ਵਿੱਚ ਮਰਹੂਮ ਪ੍ਰੋਫ਼ੈਸਰ ਕਿਰਪਾਲ ਸਿੰਘ ਯੋਗੀ ਦੀ ਯਾਦ ਵਿੱਚ ਤੀਸਰਾ ਸਨਮਾਨ ਸਮਾਗਮ ਕਰਵਾਇਆ ਗਿਆ। ਪ੍ਰਸਿੱਧ ਗ਼ਜ਼ਲਗੋ ਸੀਤਲ ਸਿੰਘ ਗੁੰਨੋਪੁਰੀ ਨੂੰ ਪ੍ਰੋ. ਕਿਰਪਾਲ ਸਿੰਘ ਯਾਦਗਾਰੀ ਸਨਮਾਨ ਨਾਲ ਸਨਮਾਨਿਆ ਗਿਆ। ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ। ਪ੍ਰੋਫ਼ੈਸਰ ਕਿਰਪਾਲ ਸਿੰਘ ਯੋਗੀ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਗੀਤਕਾਰ ਬਲਦੇਵ ਸਿੰਘ ਸਿੱਧੂ ਦੇ ਲਿਖੇ ਖੂਬਸੂਰਤ ਗੀਤ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਰਜਨੀਸ਼ ਵਸ਼ਿਸ਼ਟ, ਰਾਜਨ ਤਰੇੜੀਆ, ਸੁਨੀਲ ਕੁਮਾਰ, ਹਰਪਾਲ ਬੈਂਸ, ਪ੍ਰੀਤ ਰਾਣਾ, ਹਰਪ੍ਰੀਤ ਸਿੰਮੀ, ਗੋਪਾਲ ਸ਼ਰਮਾ ਅਤੇ ਵਿਜੇ ਤਾਲਿਬ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਭਾ ਦੇ ਕਨਵੀਨਰ ਸੁਭਾਸ਼ ਦੀਵਾਨਾ ਨੇ ਪ੍ਰੋਫ਼ੈਸਰ ਯੋਗੀ ਸਾਹਿਬ ਦੇ ਜੀਵਨ ਬਾਰੇ ਅਤੇ ਉਨ੍ਹਾਂ ਦੀ ਯਾਦ ਵਿੱਚ ਦਿੱਤੇ ਜਾ ਰਹੇ ਸਨਮਾਨ ਨਾਲ ਸਨਮਾਨਿਤ ਹੋ ਰਹੇ ਗ਼ਜ਼ਲਕਾਰ ਸ਼ੀਤਲ ਸਿੰਘ ਗੁੰਨੋਪੁਰੀ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਜਿਸ ਉਪਰੰਤ ਸੀਤਲ ਸਿੰਘ ਗੁੰਨੋਪੁਰੀ ਦਾ ਸਨਮਾਨ ਕੀਤਾ ਗਿਆ। ਕਵੀ ਦਰਬਾਰ ਦੇ ਦੂਜੇ ਦੌਰ ਵਿੱਚ ਜੱਗੀ ਠਾਕੁਰ ਨੇ ਪ੍ਰਤਾਪ ਪਾਰਸ ਦਾ ਗੀਤ ਅਤੇ ਅਜੀਤ ਕਮਲ, ਸੁਲਤਾਨ ਭਾਰਤੀ, ਜਸਵੰਤ ਹਾਂਸ, ਬਲਬੀਰ ਕਲਸੀ, ਪ੍ਰਤਾਪ ਪਾਰਸ, ਸੁਭਾਸ਼ ਦੀਵਾਨਾ, ਰਾਜ ਗੁਰਦਾਸਪੁਰੀ, ਰਣਬੀਰ ਆਕਾਸ਼, ਬੂਟਾ ਰਾਮ, ਮੰਗਤ ਚੰਚਲ, ਅਤੇ ਪਾਲ ਗੁਰਦਾਸਪੁਰੀ ਦੀਆਂ ਰਚਨਾਵਾਂ ਨਾਲ ਪ੍ਰੋਗਰਾਮ ਨੇ ਸਿਖ਼ਰਾਂ ਛੂਹ ਲਈਆਂ। ਇਸ ਮੌਕੇ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਦੀ ਲਿਖੀ ਬਾਲ ਪੁਸਤਕ ‘ਬਾਲਾਂ ਦੇ ਅੰਗ-ਸੰਗ’ ਵੀ ਰਿਲੀਜ਼ ਕੀਤੀ ਗਈ।