For the best experience, open
https://m.punjabitribuneonline.com
on your mobile browser.
Advertisement

ਕਿੰਨੂ: ਬੂਟਿਆਂ ਦੇ ਅਚਾਨਕ ਸੁੱਕਣ ਦੇ ਕਾਰਨ ਅਤੇ ਬਚਾਅ ਲਈ ਉਪਰਾਲੇ

07:42 AM Jul 24, 2023 IST
ਕਿੰਨੂ  ਬੂਟਿਆਂ ਦੇ ਅਚਾਨਕ ਸੁੱਕਣ ਦੇ ਕਾਰਨ ਅਤੇ ਬਚਾਅ ਲਈ ਉਪਰਾਲੇ
Advertisement

ਜਸਵਿੰਦਰ ਸਿੰਘ ਬਰਾੜ, ਕ੍ਰਿਸ਼ਨ ਕੁਮਾਰ
ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਅਤੇ ਨਾਲ ਲਗਦੇ ਰਾਜਸਥਾਨ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਕਿੰਨੂ ਦੇ ਤੰਦਰੁਸਤ ਬੂਟਿਆਂ ਦੇ ਅਚਾਨਕ ਸੁੱਕ ਜਾਣ ਦੀ ਸਮੱਸਿਆ ਆ ਰਹੀ ਹੈ। ਇਸ ਸਮੱਸਿਆ ਨਾਲ ਪ੍ਰਭਾਵਿਤ ਬੂਟੇ ਕੁਮਲਾਅ ਕੇ ਕੁਝ ਕੁ ਦਨਿਾਂ ਵਿੱਚ ਹੀ ਸੁੱਕ ਜਾਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਬੂਟਿਆਂ ਦੇ ਅਚਾਨਕ ਸੁੱਕਣ ਦੇ ਕਾਰਨ ਘੋਖਣ ਦੇ ਨਾਲ-ਨਾਲ ਅਜਿਹੇ ਬੂਟਿਆਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਮੁੱਢਲੀ ਖੋਜ ਤੋਂ ਪਤਾ ਲਗਾਇਆ ਗਿਆ ਹੈ ਕਿ ਇਸ ਸਮੱਸਿਆ ਪਿੱਛੇ ਜੀਵਿਕ, ਵਾਤਾਵਰਨਕ ਜਾਂ ਮਿੱਟੀ ਦੀ ਸਿਹਤ ਸਬੰਧੀ ਕਾਰਨਾਂ ਕਰ ਕੇ ਬੂਟਿਆਂ ਦੀਆਂ ਜੜ੍ਹਾਂ ਅਤੇ ਛਤਰੀ ਦੇ ਅਨੁਪਾਤ ਦਾ ਅਸੰਤੁਲਨ ਹੋ ਜਾਣਾ ਹੁੰਦਾ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜਿਸ ਸਾਲ ਬੂਟਿਆਂ ਉੱਪਰ ਜ਼ਿਆਦਾ ਫ਼ਲ ਲਗਦਾ ਹੈ ਉਸ ਸਾਲ ਇਹ ਸਮੱਸਿਆ ਵਧ ਜਾਂਦੀ ਹੈ। ਇਸ ਤਰ੍ਹਾਂ ਕਮਜ਼ੋਰ ਹੋ ਰਹੇ ਬੂਟਿਆਂ ਦੀਆਂ ਖ਼ੁਰਾਕ ਅਤੇ ਪਾਣੀ ਲੈਣ ਵਾਲੀਆਂ ਜੜ੍ਹਾਂ ਉੱਪਰ ਉੱਲੀ ਰੋਗਾਂ ਦਾ ਹਮਲਾ ਹੋਣ ਕਰ ਕੇ ਬਾਰੀਕ ਜੜ੍ਹਾਂ (ਜਾਲੇ) ਗਲ ਜਾਂਦੀਆਂ ਹਨ। ਹਾਲਾਂਕਿ ਇਸ ਤਰੀਕੇ ਨਾਲ ਬੂਟੇ ਸੁੱਕਣ ਦੀ ਪ੍ਰਵਿਰਤੀ ਹਰ ਸਾਲ ਇੱਕਾ-ਦੁੱਕਾ ਥਾਵਾਂ ’ਤੇ ਕਿਸੇ-ਕਿਸੇ ਬੂਟੇ ਵਿੱਚ ਮਿਲਦੀ ਸੀ ਪਰ ਲੰਘੇ ਵਰ੍ਹੇ ਇਸ ਸਮੱਸਿਆ ਨੇ ਇਨ੍ਹਾਂ ਖੇਤਰਾਂ ਵਿਚ ਕਾਫ਼ੀ ਗੰਭੀਰ ਰੂਪ ਧਾਰਿਆ ਅਤੇ ਕੁਝ ਬਾਗ਼ਾਂ ਵਿਚ ਤਾਂ 10 ਫ਼ੀਸਦੀ ਤੱਕ ਬੂਟੇ ਸੁੱਕ ਗਏ ਜਾਂ ਕੁਮਲਾਅ ਗਏ।
ਪੰਜਾਬ ਦੇ ਦੱਖਣੀ-ਪੱਛਮੀ ਇਲਾਕਿਆਂ ਵਿੱਚ ਗਰਮੀਆਂ ਦੇ ਮਹੀਨਿਆਂ ਦੌਰਾਨ ਤਾਪਮਾਨ ਵਿੱਚ ਵਾਧਾ ਤੇ ਹਵਾ ਵਿਚਲੀ ਨਮੀ ਘਟਣ ਨਾਲ ਬੂਟਿਆਂ ਵਿੱਚੋਂ ਪਾਣੀ ਦਾ ਨਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਕਈ ਬੂਟਿਆਂ ਦੀਆਂ ਜੜ੍ਹਾਂ ਉੱਲੀ ਰੋਗਾਂ ਦੇ ਹਮਲੇ ਨਾਲ ਨੁਕਸਾਨੀਆਂ ਹੋਣ ਕਾਰਨ, ਓਨੀ ਮਾਤਰਾ ਵਿੱਚ ਬੂਟੇ ਨੂੰ ਲੋੜੀਂਦਾ ਪਾਣੀ ਤੇ ਖ਼ੁਰਾਕੀ ਤੱਤ ਨਹੀਂ ਮੁਹੱਈਆ ਕਰਵਾ ਸਕਦੀਆਂ, ਅਜਿਹੇ ਵਿੱਚ ਪਾਣੀ ਦੀ ਘਾਟ ਨਾਲ ਇਹ ਸਮੱਸਿਆ ਹੋਰ ਵਧ ਜਾਂਦੀ ਹੈ। ਕਈ ਖੇਤਰਾਂ ਵਿੱਚ ਜ਼ਮੀਨ ਵਿਚਲੇ ਖਾਰੇ ਤੱਤ, ਬੂਟਿਆਂ ਉੱਪਰ ਫ਼ਾਈਟਪਥੋਰਾ ਨਾਂ ਦੀ ਉੱਲੀ ਦੇ ਹਮਲੇ ਅਤੇ ਅਣਗੌਲੇ ਬਾਗ਼ਾਂ ਵਿੱਚ ਨੀਮਾਟੋਡ ਦੀ ਸਮੱਸਿਆ ਵੀ ਤੰਦਰੁਸਤ ਬੂਟਿਆ ਦੇ ਸੁੱਕਣ ਦਾ ਕਾਰਨ ਬਣਦੇ ਹਨ। ਜੁਲਾਈ ਤੋਂ ਅਕਤੂਬਰ ਮਹੀਨਿਆਂ ਦੌਰਾਨ ਬਾਗ਼ਾਂ ਵਿੱਚ ਲੋੜੋਂ ਜ਼ਿਆਦਾ ਨਮੀ ਨਾਲ ਵੀ ਬੂਟੇ ਪ੍ਰਭਾਵਿਤ ਹੋ ਸਕਦੇ ਹਨ।
ਸੁੱਕਣ ਦੀ ਸੰਭਾਵਨਾ ਵਾਲੇ ਬੂਟਿਆਂ ਦੀ ਅਗੇਤੀ ਪਛਾਣ ਅਤੇ ਲੱਛਣ
* ਪ੍ਰਭਾਵਿਤ ਬੂਟਿਆਂ ਉੱਪਰ ਬਹੁਤ ਜ਼ਿਆਦਾ ਫ਼ੁਲ-ਫ਼ਲਾਕਾ ਅਉਣਾ।
* ਬੂਟਿਆਂ ਦੇ ਪੱਤਿਆਂ ਵਿੱਚ ਚਮਕ ਘਟ ਜਾਣਾ ਜਾਂ ਚਮਕ ਦਾ ਖ਼ਤਮ ਹੋ ਜਾਣਾ।
* ਪ੍ਰਭਾਵਿਤ ਬੂਟਿਆਂ ਦੇ ਪੱਤਿਆਂ ਦਾ ਉੱਪਰ ਵੱਲ ਨੂੰ ਮੁੜ ਜਾਣਾ।
* ਬੂਟਿਆਂ ਦੇ ਪਤਿਆਂ ਦਾ ਕੁਮਲਾਉਣਾ ਸ਼ੁਰੂ ਹੋ ਜਾਣਾ ਅਤੇ ਹੌਲੀ-ਹੌਲੀ ਕਮਲਾਉਣ ਦੀ ਦਰ ਵਧ ਜਾਣਾ।
* ਅਜਿਹੇ ਬੂਟਿਆਂ ਉਪਰ ਫ਼ਲਾਂ ਦਾ ਆਕਾਰ ਛੋਟਾ ਰਹਿ ਜਾਣਾ ਅਤੇ ਫ਼ਲਾਂ ਦਾ ਪੋਲਾ ਪੈ ਜਾਣਾ।
* ਬੂਟਿਆਂ ਦੇ ਪੱਤਿਆਂ ਦਾ ਪੂਰੀ ਤਰ੍ਹਾਂ ਕੁਮਲਾ ਜਾਣਾ ਕੁਝ ਕੁ ਦਨਿਾਂ ਵਿੱਚ ਪੂਰੇ ਬੂਟੇ ਦਾ ਬਿਲਕੁਲ ਸੁੱਕ ਜਾਣਾ।
ਬੂਟਿਆਂ ਨੂੰ ਸੁੱਕਣ ਤੋਂ ਬਚਾਉਣ ਲਈ ਉਪਰਾਲੇ
ਜ਼ਮੀਨ ’ਚ ਖ਼ੁਰਾਕੀ ਤੱਤਾਂ ਦਾ ਸੰਤੁਲਨ ਰੱਖੋ: ਕਿੰਨੂ ਦੇ ਬਾਗ਼ਾਂ ਦੀ ਜ਼ਮੀਨ ਵਿਚਲੇ ਖ਼ੁਰਾਕੀ ਤੱਤਾਂ ਦਾ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਆਮ ਤੌਰ ’ਤੇ ਜ਼ਿਆਦਾਤਰ ਬਾਗ਼ਬਾਨ, ਮੁੱਖ ਤੱਤਾਂ ਵਿੱਚੋਂ ਸਿਰਫ਼ ਨਾਈਟਰੋਜਨ ਅਤੇ ਫਾਸਫੋਰਸ ਅਤੇ ਲਘੂ ਤੱਤਾਂ ਵਿੱਚੋਂ ਜ਼ਿੰਕ ਅਤੇ ਮੈਗਨੀਜ਼ ਵੱਲ ਹੀ ਤਵੱਜੋਂ ਦਿੰਦੇ ਹਨ ਜਦੋਂਕਿ ਪੌਦਿਆਂ ਨੂੰ ਕੁਦਰਤ ਵੱਲੋਂ ਮਿਲਣ ਵਾਲੇ ਕਾਰਬਨ, ਹਾਈਡਰੋਜਨ ਅਤੇ ਆਕਸੀਜ਼ਨ ਤੋਂ ਇਲਾਵਾ ਹੋਰ ਵੀ 14 ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਹ ਦੇਸੀ ਰੂੜੀ ਵਾਲੀ ਖ਼ਾਦ ਅਤੇ ਹੋਰਨਾਂ ਦੇਸੀ ਖਾਦਾਂ ਵਿੱਚ ਮਿਲਦੇ ਹਨ। ਪਿਛਲੇ ਕਈ ਸਾਲਾਂ ਤੋਂ ਬਾਗ਼ਾਂ ਵਿੱਚ ਦੇਸੀ ਖਾਦਾਂ ਦੀ ਉਪਲੱਬਧਤਾ ਦੀ ਘਾਟ ਕਾਰਨ, ਪੂਰੀ ਮਾਤਰਾ ਵਿੱਚ ਇਹ ਖਾਦਾਂ ਨਹੀਂ ਪੈ ਰਹੀਆਂ। ਲਗਾਤਾਰ ਰਸਾਇਣਕ ਖਾਦਾਂ ਪੈਣ ਨਾਲ ਬਾਗ਼ਾਂ ਦੀ ਜ਼ਮੀਨ ਅਤੇ ਬੂਟਿਆਂ ਵਿੱਚ ਖ਼ੁਰਾਕੀ ਤੱਤਾਂ ਦਾ ਅਸੰਤੁਲਣ ਪੈਦਾ ਹੋ ਰਿਹਾ ਹੈ। ਇਸ ਲਈ ਮਿੱਟੀ ਦੀ ਪਰਖ ਕਰਵਾਉਣੀ ਚਾਹੀਦੀ ਹੈ। ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਰਸਾਇਣਕ ਖਾਦਾਂ ਦੀ ਮਾਤਰਾ ਵਧਾਈ-ਘਟਾਈ ਜਾ ਸਕਦੀ ਹੈ। ਮਿੱਟੀ ਪਰਖ ਲਈ ਸਿਟਰਸ ਅਸਟੇਟ ਬਾਦਲ, ਅਬੋਹਰ, ਟਾਹਲੀਵਾਲ ਜੱਟਾਂ ਤੇ ਸਿਟਰਸ ਅਸਟੇਟ ਭੁੰਗਾ ਅਤੇ ਹੁਸ਼ਿਆਰਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬਾਗ਼ਾਂ ਵਿੱਚ ਖਾਰੇ ਤੱਤਾਂ ਦੇ ਮਾਰੂ ਅਸਰ ਘਟਾਉਣ ਲਈ ਜ਼ਰੂਰੀ ਕਦਮ: ਅਬੋਹਰ ਅਤੇ ਆਸ-ਪਾਸ ਦੇ ਕਈ ਖੇਤਰਾਂ ਵਿੱਚ ਜ਼ਮੀਨੀ-ਪਾਣੀ ਜ਼ਮੀਨ ਦੀ ਸਤਹਿ ਦੇ ਨੇੜੇ ਹੋਣ ਅਤੇ ਉਪਰੀ ਸਤਹਿ ਵਿੱਚ ਖਾਰੇ ਤੱਤਾਂ ਦੀ ਮਾਤਰਾ ਵਧੇਰੇ ਹੋਣ ਕਾਰਨ ਕਿੰਨੂ ਦੇ ਬੂਟਿਆਂ ਉੱਪਰ ਬਹੁਤ ਮਾੜਾ ਅਸਰ ਹੁੰਦਾ ਹੈ। ਅਜਿਹੇ ਹਾਲਾਤ ਵਿੱਚ ਬੂਟੇ ਜ਼ਮੀਨ ਵਿਚਲੇ ਖ਼ੁਰਾਕੀ ਤੱਤ ਪੂਰੀ ਮਾਤਰਾ ਵਿੱਚ ਲੈਣ ਲਈ ਅਸਮਰਥ ਹੋ ਜਾਂਦਾ ਹੈ। ਪੱਤਿਆਂ ਉੱਪਰ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਨੋਕਾਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮਾੜੇ ਤੱਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਦੇਸੀ ਖਾਦਾਂ ਪੂਰੀ ਮਾਤਰਾ ਵਿੱਚ ਪਾਉ, ਸੁਚੱਜਾ ਪਾਣੀ ਪ੍ਰਬੰਧ ਕਰੋ, ਮਿੱਟੀ ਦੀ ਪਰਖ ਕਰਵਾ ਕੇ ਸਲਫ਼ਰ ਜਾਂ ਹੋਰ ਰਸਾਇਣਕ ਉਪਚਾਰ ਕਰੋ, ਜ਼ਮੀਨੀ ਪਾਣੀ ਦੀ ਵਰਤੋਂ ਤੋਂ ਪਰਹੇਜ਼ ਕਰੋ।
ਬਾਗ਼ਾਂ ਦੀ ਸੁਚੱਜੀ ਸੰਭਾਲ: ਕਦੇ ਵੀ ਬਾਗ਼ਾਂ ਦੀ ਲੋੜੋਂ ਜ਼ਿਆਦਾ ਵਹਾਈ ਨਾ ਕਰੋ, ਖਾਸ ਕਰ ਕੇ ਗਰਮੀਆਂ ਮਹੀਨੇ ਬਾਗ਼ਾਂ ਵਿਚਲੀ ਜ਼ਮੀਨ ਨੂੰ ਬਹੁਤਾ ਨਾ ਵਾਹੋ। ਨਦੀਨਾਂ ਦੀ ਰੋਕਥਾਮ ਲਈ ਝੋਨੇ ਦੀ ਪਰਾਲੀ ਜ਼ਰੂਰ ਵਿਛਾਉ। ਇਸ ਨਾਲ ਨਾ ਸਿਰਫ਼ ਨਦੀਨਾਂ ਦੀ ਰੋਕਥਾਮ ਹੋਵੇਗੀ, ਸਗੋਂ ਜ਼ਮੀਨ ਵਿੱਚ ਗਰਮੀਆਂ ਮਹੀਨੇ ਸਿਲ੍ਹ ਬਰਕਰਾਰ ਰਹੇਗੀ ਅਤੇ ਬਾਗ਼ ਵਿਚਲਾ ਵਾਤਾਵਰਨ ਵੀ ਠੀਕ ਰਹੇਗਾ। ਬਾਗ਼ਾਂ ਨੂੰ ਹਮੇਸ਼ਾਂ ਹਲਕੇ ਅਤੇ ਲਗਾਤਾਰ ਪਾਣੀਆਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਬੂਟਿਆਂ ਦੁਆਲੇ ਪਾਣੀ ਖੜ੍ਹਨ ਜਾਂ ਬਹੁਤ ਜ਼ਿਆਦਾ ਸਿੱਲ੍ਹੇਪਣ ਤੋਂ ਬਾਅਦ ਪਈਆਂ ਕੜਾਕੇ ਦੀਆਂ ਧੁੱਪਾਂ ਵੀ ਇਸ ਸਮੱਸਿਆ ਦਾ ਕਾਰਨ ਬਣ ਸਕਦੀਆਂ ਹਨ।
ਬੂਟਿਆਂ ’ਤੇ ਵਧੇਰੇ ਫ਼ਲ ਲੱਗਣਾ ਤੇ ਇਨ੍ਹਾਂ ਦੀ ਇਕਸਾਰਤਾ ਲਈ ਉਪਰਾਲੇ: ਕਿੰਨੂ ਦੇ ਬੂਟਿਆਂ ਉੱਪਰ ਫੁੱਲਾਂ ਦੀ ਆਮਦ ਅਤੇ ਫਲ ਬਣਨ ਵਿੱਚ ਚਾਲੂ ਮੌਸਮੀ ਹਾਲਾਤ ਬਹੁਤ ਮਾਅਨੇ ਰੱਖਦੇ ਹਨ। ਜਿਸ ਸਾਲ ਫ਼ਲ ਜ਼ਿਆਦਾ ਹੋਵੇ ਅਤੇ ਮੌਸਮੀ ਹਾਲਤ ਅਨੁਕੂਲ ਹੋਣ (ਖਾਸ ਕਰ ਕੇ ਮਾਰਚ ਤੋਂ ਜੁਲਾਈ ਤੱਕ ਮੌਸਮ ਆਮ ਤੌਰ ’ਤੇ ਠੰਢਾ ਰਹੇ) ਤਾਂ ਉਸ ਸਾਲ ਵਾਧੂ ਫ਼ਲਾਂ ਦਾ ਕੇਰਾ ਨਹੀਂ ਪੈਂਦਾ ਅਤੇ ਬੂਟਿਆਂ ਉਪਰ ਲੋੜੋਂ ਜ਼ਿਆਦਾ ਫ਼ਲ ਟਿਕ ਜਾਂਦੇ ਹਨ, ਉਸ ਸਾਲ ਵੀ ਬੂਟਿਆਂ ਦੇ ਕੁਮਲਾਅ ਕੇ ਮਰਨ ਦੀ ਦਰ ਵਧਦੀ ਹੈ। ਇਸ ਲਈ ਜ਼ਰੂਰੀ ਹੈ ਕਿ ਬੂਟਿਆਂ ਉੱਪਰ ਲੋੜੋਂ ਜ਼ਿਆਦਾ ਫ਼ਲ ਨਾ ਲੱਗਣ ਦਿੱਤਾ ਜਾਵੇ।
ਪ੍ਰਭਾਵਿਤ ਬੂਟਿਆਂ ਦੀ ਪਛਾਣ ਅਤੇ ਬਚਾਅ ਲਈ ਉਪਰਾਲੇ
* ਜਨਿ੍ਹਾਂ ਪ੍ਰਭਾਵਿਤ ਬੂਟਿਆਂ ਦੇ ਪੱਤਿਆਂ ਵਿਚ ਚਮਕ ਘਟ ਰਹੀ ਹੋਵੇ ਜਾਂ ਹਲਕੇ ਕੁਮਲਾਉਣ ਵਾਲੇ ਲੱਛਣ ਦਿਖਾਈ ਦੇਣ, ਉਨ੍ਹਾਂ ਬੂਟਿਆਂ ਦੀ ਛਤਰੀ ਦੀ ਉੱਪਰੋਂ ਹਲਕੀ ਛੰਗਾਈ ਕਰ ਦਿਉ ਤੇ ਫਲਾਂ ਨੂੰ ਵੀ ਵਿਰਲਾ ਕਰ ਦਿਉ।
* ਜ਼ਿਆਦਾ ਕੁਮਲਾਅ ਰਹੇ ਬੂਟਿਆਂ ਨੂੰ ਉਨ੍ਹਾਂ ਦੇ ਕੁਮਲਾਉਣ ਦੀ ਦਰ ਦੇਖਦੇ ਹੋਏ, 20-30 ਫ਼ੀਸਦੀ ਤੱਕ ਪਤਰਾਲ ਘਟਾ ਦਿਉ।
* ਬਾਗ਼ਾਂ ਦੀ ਵਹਾਈ ਘੱਟ ਤੋਂ ਘੱਟ ਕਰੋ ਅਤੇ ਕਦੇ ਵੀ ਬੂਟਿਆਂ ਦੀ ਛਤਰੀ ਹੇਠ ਡੂੰਘੀ ਵਹਾਈ ਨਾ ਕਰੋ।
* ਕਮਜ਼ੋਰ ਹੋ ਕੇ ਕੁਮਲਾਅ ਰਹੇ ਬੂਟਿਆਂ ਦੀਆਂ ਜੜ੍ਹਾਂ ’ਤੇ ਉੱਲੀ ਦਾ ਹਮਲਾ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਬੂਟਿਆਂ ਦੀਆਂ ਜੜ੍ਹਾਂ ਨੂੰ ਉੱਲੀ ਰੋਗਾਂ ਤੋਂ ਬਚਾਉਣ ਲਈ ਉਪਰਾਲੇ ਕਰੋ। ਯੂਨੀਵਰਸਿਟੀ ਵੱਲੋਂ ਕਿੰਨੂ ਦੇ ਬਾਗ਼ਾਂ ਲਈ ਸਿਫ਼ਾਰਸ਼ ਕੀਤੀਆਂ ਜ਼ਮੀਨ ਵਿੱਚ ਪਾਉਣ ਵਾਲੀਆਂ ਦਵਾਈਆਂ ਪਾਉਣ ਸਮੇ ਧਿਆਨ ਰੱਖੋ ਕਿ ਇਹ ਪ੍ਰਭਾਵਿਤ ਬੂਟਿਆਂ ਦੀਆਂ ਜੜ੍ਹਾਂ ਤੱਕ ਪਹੁੰਚ ਜਾਣ।

Advertisement

Advertisement
Advertisement
Author Image

Advertisement