ਪੀਏਯੂ ਵਿੱਚ ਚੌਲਾਂ ਦੇ ਬਾਦਸ਼ਾਹ ਡਾ. ਗੁਰਦੇਵ ਖੁਸ਼ ਬਾਰੇ ਭਾਸ਼ਣ
ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਸਤੰਬਰ
ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਜ਼ (ਨਾਸ) ਦੇ ਲੁਧਿਆਣਾ ਚੈਪਟਰ ਨੇ ‘ਦਿ ਕਰੌਪ ਇੰਪਰੂਵਮੈਂਟ ਸੁਸਾਇਟੀ ਆਫ ਇੰਡੀਆ’ ਦੇ ਸਹਿਯੋਗ ਨਾਲ ਵਿਸ਼ੇਸ਼ ਭਾਸ਼ਣ ਕਰਵਾਇਆ। ਇਹ ਭਾਸ਼ਣ ਸੰਸਾਰ ਵਿੱਚ ਚੌਲਾਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਬਾਰੇ ਕਰਵਾਇਆ ਗਿਆ। ਭਾਰਤ ਸਰਕਾਰ ਦੇ ਖੇਤੀਬਾੜੀ ਕਮਿਸ਼ਨਰ ਡਾ. ਜੇ.ਐੱਸ. ਸੰਧੂ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ‘ਵਰਸਿਟੀ ਦੇ ਸਾਬਕਾ ਵਿਦਿਆਰਥੀ ਰਹੇ ਡਾ. ਸੰਧੂ ਨੇ ਡਾ. ਗੁਰਦੇਵ ਦੀ ਖੇਤੀ ਵਿਗਿਆਨੀ ਵਜੋਂ ਯਾਤਰਾ ਬਾਰੇ ਚਾਨਣਾ ਪਾਇਆ। ਨਾਸ ਦੇ ਕਨਵੀਨਰ ਅਤੇ ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਖੇਤੀ ਵਿਗਿਆਨ ਦਾ ਖੇਤਰ ਕਿੱਤਾ ਹੋਣ ਦੇ ਨਾਲ ਨਾਲ ਲੋਕਾਈ ਦੀ ਸੇਵਾ ਦਾ ਵਸੀਲਾ ਵੀ ਹੈ। ਡਾ. ਢੱਟ ਨੇ ਡਾ ਸੰਧੂ ਵੱਲੋਂ ਇਸ ਖੇਤਰ ਵਿਚ ਕੀਤੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵੀ.ਐਸ. ਸੋਹੂ ਨੇ ਦ ਕਰੋਪ ਇੰਪਰੂਵਮੈਂਟ ਸੁਸਾਇਟੀ ਆਫ ਇੰਡੀਆ, ਲੁਧਿਆਣਾ ਦੇ ਪ੍ਰਧਾਨ ਦੇ ਤੌਰ ਤੇ ਮਹਿਮਾਨ ਬੁਲਾਰੇ ਦਾ ਸਵਾਗਤ ਕੀਤਾ।