ਅਨੰਤ ਤੇ ਰਾਧਿਕਾ ਦੇ ਵਿਆਹ ’ਚ ਸ਼ਾਮਲ ਹੋਣ ਲਈ ਕਿਮ ਕਾਰਦਸ਼ੀਅਨ ਮੁੰਬਈ ਪਹੁੰਚੀ
ਮੁੰਬਈ, 12 ਜੁਲਾਈ
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਅਮਰੀਕੀ ਮੀਡੀਆ ਦੀ ਮਸ਼ਹੂਰ ਹਸਤੀ ਕਿਮ ਕਾਰਦਸ਼ੀਅਨ ਆਪਣੀ ਭੈਣ ਕਲੋ ਕਾਰਦਸ਼ੀਅਨ ਨਾਲ ਅੱਜ ਮੁੰਬਈ ਪਹੁੰਚ ਗਈ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਅੱਜ ਮੁੰਬਈ ’ਚ ਵਿਆਹ ਦੇ ਬੰਧਨ ਵਿੱਚ ਬੱਝਣਗੇ। ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਵੀਡੀਓ ਮੁਤਾਬਕ 43 ਸਾਲਾ ਕਿਮ ਅਤੇ 40 ਸਾਲਾ ਕਲੋ ਆਪਣੇ ਮੁਲਾਜ਼ਮਾਂ ਅਤੇ ਸੁਰੱਖਿਆ ਕਰਮੀਆਂ ਦੇ ਨਾਲ ਅੱਜ ਸਵੇਰੇ ਮੁੰਬਈ ਪਹੁੰਚੀਆਂ। ਇਕ ਵੀਡੀਓ ਵਿੱਚ ਕਿਮ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੋਏ ਅਤੇ ਬਾਹਰ ਇੰਤਜ਼ਾਰ ਕਰ ਰਹੇ ਪੱਤਰਕਾਰਾਂ ਦਾ ਪਿਆਰ ਕਬੂਲਦੀ ਹੋਈ ਨਜ਼ਰ ਆ ਰਹੀ ਹੈ ਜਦਕਿ ਕਲੋ ਕਾਰ ਵਿੱਚ ਬੈਠੀ ਹੈ। ਉਨ੍ਹਾਂ ਇਕ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, ‘‘ਅਸੀਂ ਪਹੁੰਚ ਗਏ ਹਾਂ।’’ ਇਸ ਵੀਡੀਓ ਵਿੱਚ ਅਮਰੀਕੀ ਮੀਡੀਆ ਦੀਆਂ ਕਈ ਸ਼ਖ਼ਸੀਅਤਾਂ ਤਸਵੀਰ ਲੈਣ ਲਈ ਸੱਦ ਰਹੇ ਪੱਤਰਕਾਰਾਂ ਵੱਲ ਹੱਥ ਹਿਲਾਉਂਦੇ ਹੋਏ ਨਜ਼ਰ ਆ ਰਹੀਆਂ ਹਨ। ਮੀਡੀਆ ਵਿੱਚ ਜਾਰੀ ਖ਼ਬਰਾਂ ਮੁਤਾਬਕ ਕਿਮ ਨੇ ਭਾਰਤ ਪਹੁੰਚਣ ’ਤੇ ਆਪਣੀ ਇੰਸਟਾਗ੍ਰਾਮ ’ਤੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕਿਮ ਅਤੇ ਕਲੋ ਦੋਵੇਂ ਪਹਿਲੀ ਵਾਰ ਭਾਰਤ ਆਈਆਂ ਹਨ। ਉਨ੍ਹਾਂ ਇਸ ਵੀਡੀਓ ਦੇ ਕੈਪਸ਼ਨ ਵਿੱਚ ਤਿਰੰਗੇ ਦੇ ਨਾਲ ਲਿਖਿਆ, ‘ਹਾਏ’। ਅਨੰਤ ਅੰਬਾਨੀ ਦਵਾਈ ਜਗਤ ਦੇ ਮਸ਼ਹੂਰ ਉਦਯੋਗਪਤੀ ਵੀਰੇਨ ਤੇ ਸ਼ੈਲਾ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਨਾਲ ਅੱਜ ਵਿਆਹ ਦੇ ਬੰਧਨ ਵਿੱਚ ਬੱਝਣਗੇ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿਆਹ ਸਮਾਰੋਹ ਵਿੱਚ ਬਰਤਾਨੀਆ ਦੇ ਦੋ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਟੋਨੀ ਬਲੇਅਰ ਤੇ ਹੋਰ ਕਈ ਕੌਮਾਂਤਰੀ ਆਗੂ ਵੀ ਸ਼ਾਮਲ ਹੋਣਗੇ। -ਪੀਟੀਆਈ