ਖੂੰਡੀ ਮਾਰ ਕੇ ਵੈਨ ਡਰਾਈਵਰ ਦੀ ਹੱਤਿਆ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 28 ਨਵੰਬਰ
ਪਿੰਡ ਨਥਵਾਨ ਦੇ ਇਕ ਘਰ ਵਿੱਚ ਪੈਸੇ ਲੈਣ ਆਏ ਨੌਜਵਾਨ ਵੱਲੋਂ ਮਕਾਨ ਮਾਲਕ ਅਤੇ ਨਿੱਜੀ ਸਕੂਲ ਦੇ ਵੈਨ ਡਰਾਈਵਰ ਗੁਰਮੇਲ ਸਿੰਘ (52) ਦੀ ਖੂੰਡੀ ਮਾਰ ਹੱਤਿਆ ਕਰ ਦਿੱਤੀ ਗਈ। ਪਿੰਡ ਚਿੱਮੋ ਅਤੇ ਰਤੀਆ ਦੇ ਨਿੱਜੀ ਸਕੂਲ ਦੀ ਵੈਨ ’ਤੇ ਡਰਾਈਵਰੀ ਕਰਨ ਵਾਲੇ ਮ੍ਰਿਤਕ ਨਥਵਾਨ ਵਾਸੀ ਗੁਰਮੇਲ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦੇ ਨਾਮ ਜੋ 15 ਮਰਲੇ ਦਾ ਮਕਾਨ ਸੀ, ਉਸ ਨੂੰ ਰਤੀਆ ਵਾਸੀ ਨਰਾਇਣ ਸਿੰਘ ਤੋਂ 4 ਲੱਖ ਰੁਪਏ ਵਿਚ ਰਹਿਣ ਕਰਵਾਇਆ ਹੋਇਆ ਹੈ ਅਤੇ ਇਸ ਦੀ ਪੂਰੀ ਕਾਨੂੰਨੀ ਪ੍ਰਕਿਰਿਆ ਕਰਵਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਹ ਅਤੇ ਉਸ ਦਾ ਪਿਤਾ ਸਕੂਲ ਵਿਚ ਡਿਊਟੀ ’ਤੇ ਗਏ ਹੋਏ ਸੀ ਤਾਂ ਪਿੱਛੇ ਉਸ ਦੀ ਮਾਤਾ ਮਨਜੀਤ ਕੌਰ ਨੇ ਸੂਚਨਾ ਦਿੱਤੀ ਕਿ ਨਰਾਇਣ ਸਿੰਘ ਘਰ ਆਇਆ ਹੋਇਆ ਹੈ ਅਤੇ ਗਾਲ਼ਾਂ ਕੱਢ ਰਿਹਾ ਹੈ। ਉਹ ਜਦੋਂ ਘਰ ਆਇਆ ਤਾਂ ਨਰਾਇਣ ਸਿੰਘ ਖੂੰਡੀ ਉਸ ਦੇ ਪਿਤਾ ਦੇ ਮਾਰੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਹਸਪਤਾਲ ਵਿੱਚ ਲੈ ਕੇ ਜਾਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ, ਨਰਾਇਣ ਸਿੰਘ ਵੀ ਹਸਪਤਾਲ ਦਾਖਲ ਹੋ ਗਿਆ ਅਤੇ ਉਸ ਨੇ ਦੱਸਿਆ ਕਿ ਉਹ ਗੁਰਮੇਲ ਸਿੰਘ ਦੇ ਘਰੋਂ ਆਪਣੇ ਮਕਾਨ ਦਾ ਕਿਰਾਇਆ ਲੈਣ ਲਈ ਗਿਆ ਸੀ। ਉਸ ਨੇ ਦੱਸਿਆ ਕਿ ਗੁਰਮੇਲ ਅਤੇ ਇਨ੍ਹਾਂ ਦੇ ਪਰਿਵਾਰ ਦੇ ਜੀਆਂ ਨੇ ਉਸ ਦੀ ਕੁੱਟਮਾਰ ਕੀਤੀ, ਜਦੋਂਕਿ ਉਸ ਨੇ ਕੁੱਝ ਨਹੀਂ ਕੀਤਾ। ਨਰਾਇਣ ਸਿੰਘ ਨੂੰ ਪੁਲੀਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ।
ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ: ਥਾਣਾ ਇੰਚਾਰਜ
ਥਾਣਾ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਵੈਨ ਡਰਾਈਵਰ ਦੇ ਪੁੱਤਰ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਵਾਰਡ ਨੰ. 15 ਦੇ ਰਤੀਆ ਵਾਸੀ ਨਰਾਇਣ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ, ਉਸ ਤਹਿਤ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।