ਬੱਚੇ ਨੂੰ ਅਗ਼ਵਾ ਕਰਨ ਵਾਲਾ ਸਾਜ਼ਿਸ਼ਘਾੜਾ ਸਾਥੀ ਸਣੇ ਕਾਬੂ
ਐਨਪੀ. ਧਵਨ
ਪਠਾਨਕੋਟ, 2 ਸਤੰਬਰ
ਪਠਾਨਕੋਟ ਸਥਿਤ ਸ਼ਾਹ ਕਲੋਨੀ ’ਚੋਂ 30 ਅਗਸਤ ਦੀ ਸ਼ਾਮ ਨੂੰ 2 ਕਰੋੜ ਰੁਪਏ ਦੀ ਫਿਰੌਤੀ ਲਈ 6 ਸਾਲਾ ਬੱਚੇ ਮਾਹਰ ਨੂੰ ਅਗਵਾ ਕਰਨ ਵਾਲਾ ਮੁੱਖ ਸਾਜ਼ਿਸ਼ਘਾੜਾ ਬੱਚੇ ਦੇ ਪਿਤਾ ਬਾਦਲ ਦੇ ਸ਼ੋਅਰੂਮ ’ਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਇੱਕ ਲੜਕੀ ਦਾ ਪਤੀ ਨਿਕਲਿਆ। ਉਸ ਨੂੰ ਅਤੇ ਅਗਵਾਕਾਰਾਂ ਦੀ ਸਹਾਇਤਾ ਕਰਨ ਵਾਲੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਵਿਅਕਤੀ ਸਮੇਤ ਦੋਹਾਂ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ। ਜਦ ਕਿ ਇਸ ਮਾਮਲੇ ਵਿਚ 2 ਹੋਰ ਮੁਲਜ਼ਮ ਅਜੇ ਫਰਾਰ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਛਾਪੇ ਮਾਰ ਰਹੀ ਹੈ। ਸਾਜ਼ਿਸ਼ਘਾੜੇ ਦਾ ਨਾਂ ਅਵਤਾਰ ਸਿੰਘ ਉਰਫ ਸ਼ਿੰਦੀ ਵਾਸੀ ਪਿੰਡ ਜੰਦਰਈ ਨਿਚਲੀ, ਜ਼ਿਲ੍ਹਾ ਪਠਾਨਕੋਟ ਅਤੇ ਦੂਸਰੇ ਗ੍ਰਿਫਤਾਰ ਕੀਤੇ ਗਏ ਅਪਰਾਧੀ ਦਾ ਨਾਂ ਸ਼ਮਸ਼ੇਰ ਸਿੰਘ ਵਾਸੀ ਚੌਂਤਾ ਤਹਿਸੀਲ ਨੂਰਪੁਰ (ਹਿਮਾਚਲ ਪ੍ਰਦੇਸ਼) ਦੱਸਿਆ ਜਾ ਰਿਹਾ ਹੈ। ਪੁਲੀਸ ਅਨੁਸਾਰ ਇਹ ਵਾਰਦਾਤ ਚਾਰੋਂ ਮੁਲਜ਼ਮਾਂ ਨੇ ਛੇਤੀ ਅਮੀਰ ਹੋਣ ਦੀ ਲਾਲਸਾ ਹਿਤ ਇੱਕ ਯੋਜਨਾ ਬਣਾ ਕੇ ਕੀਤਾ।
ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਿਸੈਪਸ਼ਨਿਸਟ ਲੜਕੀ ਪਿਛਲੇ ਕਰੀਬ 3 ਸਾਲਾਂ ਤੋਂ ਬਾਦਲ ਦੇ ਸ਼ੋਅਰੂਮ ’ਤੇ ਕੰਮ ਕਰਦੀ ਸੀ। ਉਕਤ ਲੜਕੀ ਦਾ ਇਸ ਸਾਲ ਜਨਵਰੀ ਮਹੀਨੇ ਜੰਦਰਈ ਨਿਚਲੀ ਪਿੰਡ ਦੇ ਲੜਕੇ ਅਵਤਾਰ ਸਿੰਘ ਨਾਲ ਵਿਆਹ ਹੋਇਆ ਸੀ। ਅਵਤਾਰ ਸਿੰਘ ਨੇ ਰਿਸ਼ਵ, ਅਮਿਤ ਰਾਣਾ ਅਤੇ ਸ਼ਮਸ਼ੇਰ ਸਿੰਘ ਨਾਲ ਰਲ ਕੇ ਬੱਚੇ ਨੂੰ ਸਕੂਲੋਂ ਛੁੱਟੀ ਹੋਣ ਬਾਅਦ ਘਰ ਕੋਲੋਂ ਅਗਵਾ ਕਰ ਲਿਆ। ਜਦ ਕਿ ਪੁਲੀਸ ਨੇ 7 ਘੰਟਿਆਂ ਵਿੱਚ ਹੀ ਬੱਚੇ ਨੂੰ ਹਿਮਾਚਲ ਵਿੱਚੋਂ ਜਾ ਕੇ ਬਰਾਮਦ ਕਰ ਲਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਬਾਕੀ ਦੋਨਾਂ ਅਪਰਾਧੀਆਂ ਅਮਿਤ ਰਾਣਾ ਤੇ ਰਿਸ਼ਵ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।