For the best experience, open
https://m.punjabitribuneonline.com
on your mobile browser.
Advertisement

ਖੱਟਰ ਨੇ ਸਾਬਕਾ ਗ੍ਰਹਿ ਮੰਤਰੀ ਵਿੱਜ ਨਾਲ ਕੀਤੀ ਮੁਲਾਕਾਤ

08:37 AM Mar 27, 2024 IST
ਖੱਟਰ ਨੇ ਸਾਬਕਾ ਗ੍ਰਹਿ ਮੰਤਰੀ ਵਿੱਜ ਨਾਲ ਕੀਤੀ ਮੁਲਾਕਾਤ
ਮੁਲਾਕਾਤ ਤੋਂ ਬਾਅਦ ਅਨਿਲ ਵਿੱਜ ਤੋਂ ਵਿਦਾਇਗੀ ਲੈਂਦੇ ਹੋਏ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ।
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 26 ਮਾਰਚ 4
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੋਮਵਾਰ ਨੂੰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਮਿਲਣ ਲਈ ਉਨ੍ਹਾਂ ਦੇ ਅੰਬਾਲਾ ਕੈਂਟ ਸਥਿਤ ਨਿਵਾਸ ਸਥਾਨ ਪਹੁੰਚੇ। ਇਸ ਦੌਰਾਨ ਦੋਹਾਂ ਨੇ ਇਕ-ਦੂਜੇ ਦੇ ਗਲੇ ਮਿਲ ਕੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸ੍ਰੀ ਵਿੱਜ ਨੇ ਇਕ ਦਿਨ ਪਹਿਲਾਂ ਹੀ ਹਿਸਾਰ ਵਿੱਚ ਕਿਹਾ ਸੀ, ‘‘ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਮੁੱਖ ਮੰਤਰੀ ਬਦਲਿਆ ਜਾ ਰਿਹਾ ਹੈ ਜਦੋਂ ਕਿ ਮਨੋਹਰ ਲਾਲ ਖੱਟਰ ਨੂੰ ਸਾਰਾ ਪਤਾ ਸੀ ਅਤੇ ਇਹ ਸਾਰੀ ਖੇਡ ਉਨ੍ਹਾਂ (ਮਨੋਹਰ ਲਾਲ ਖੱਟਰ ) ਦੀ ਹੀ ਸੀ। ਇਸ ਗੱਲ ਦਾ ਦੁੱਖ ਹੈ ਕਿ ਸੀਨੀਅਰ ਮੰਤਰੀ ਹੁੰਦਿਆਂ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਬਦਲੇ ਜਾਣ ਦੀ ਕੋਈ ਜਾਣਕਾਰੀ ਨਹੀਂ ਸੀ।’’
ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚੰਡੀਗੜ੍ਹ ਤੋਂ ਕਰਨਾਲ ਜਾਂਦਿਆਂ ਜੀਟੀ ਰੋਡ ਤੇ ਪੈਂਦੀ ਸ਼ਾਸਤਰੀ ਕਾਲੋਨੀ ਰੁਕੇ ਅਤੇ ਵਿੱਜ ਨਾਲ ਮੁਲਾਕਾਤ ਕੀਤੀ। ਸ੍ਰੀ ਖੱਟਰ ਨੇ ਕਿਹਾ, ‘‘ਹੋਲੀ ਦੇ ਤਿਉਹਾਰ ਮੌਕੇ ਇਕ-ਦੂਜੇ ਨਾਲ ਮਿਲਣਾ-ਜੁਲਣਾ ਹੁੰਦਾ ਹੈ। ਉਹ ਚੰਡੀਗੜ੍ਹ ਤੋਂ ਕਰਨਾਲ ਜਾਂਦਿਆਂ ਅੰਬਾਲਾ ਵਿੱਚ ਅਨਿਲ ਵਿੱਜ ਨੂੰ ਮਿਲੇ ਹਨ। ਸਾਢੇ ਨੌਂ ਸਾਲ ਦੀਆਂ ਵਿਧਾਨ ਸਭਾ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ। ਤਜਰਬਾ ਸਾਂਝਾ ਕਰ ਕੇ ਬਹੁਤ ਸਕੂਨ ਮਿਲਿਆ ਹੈ। ਅੱਜ ਅਸੀਂ ਦੋਵੇਂ ਆਪੋ ਆਪਣਾ ਕੰਮ ਕਰ ਰਹੇ ਹਾਂ।’’ ਵਿੱਜ ਦੀ ਨਾਰਾਜ਼ਗੀ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਕੋਈ ਨਾਰਾਜ਼ਗੀ ਨਹੀਂ ਹੈ, ਅਸੀਂ ਲਗਾਤਾਰ ਮਿਲਦੇ ਰਹੇ ਹਨ। ਹੁਣੇ ਜਿਹੇ ਵਿਧਾਨ ਸਭਾ ਵਿੱਚ ਵੀ ਮੁਲਾਕਾਤ ਹੋਈ ਸੀ। ਬਾਅਦ ਦੇ ਘਟਨਾਕ੍ਰਮ ਦੌਰਾਨ ਵੀ ਮਿਲੇ ਸੀ। ਸਾਡੀ ਗੱਲਬਾਤ ਹੁੰਦੀ ਰਹੀ ਹੈ। ਸਾਡੀ ਨਾਰਾਜ਼ਗੀ ਕਦੇ ਨਹੀਂ ਰਹੀ। ਕੋਈ ਰੁੱਸਿਆ ਹੋਇਆ ਨਹੀਂ ਹੈ।’’ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ 22 ਮਾਰਚ ਨੂੰ ਨਾਰਾਜ਼ ਚੱਲ ਰਹੇ ਸਾਬਕਾ ਗ੍ਰਹਿ ਮੰਤਰੀ ਨੂੰ ਮਿਲਣ ਲਈ ਨਵ ਨਿਯੁਕਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਆਏ ਸਨ। ਉਨ੍ਹਾਂ ਵਿੱਜ ਦੇ ਪੈਰੀਂ ਹੱਥ ਲਾਏ ਸਨ ਅਤੇ ਵਿੱਜ ਨੇ ਮੁੱਖ ਮੰਤਰੀ ਨੂੰ ਸ਼ਾਲ ਪਹਿਨਾਈ ਸੀ।

Advertisement

ਖੱਟਰ ਨੇ ਪੰਚਕੂਲਾ ਵਿੱਚ ਹੋਲੀ ਮਨਾਈ

ਪੰਚਕੂਲਾ (ਪੀ.ਪੀ. ਵਰਮਾ): ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐੱਮਡੀਸੀ ਪੰਚਕੂਲਾ ਵਿੱਚ ਸਥਿਤ ਭਾਜਪਾ ਦੇ ਸੂਬਾਈ ਦਫ਼ਤਰ ‘ਪੰਚਕਮਲ’ ਵਿੱਚ ਹੋਲੀ ਮਨਾਈ। ਇਸ ਮੌਕੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ, ਮੁੱਖ ਮੰਤਰੀ ਦੇ ਪ੍ਰਚਾਰ ਸਲਾਹਕਾਰ ਤੁਰਨ ਭੰਡਾਰੀ, ਭਾਜਪਾ ਦੀ ਸੀਨੀਅਰ ਨੇਤਾ ਬੰਤੋ ਕਟਾਰੀਆ ਅਤੇ ਵੱਡੀ ਗਿਣਤੀ ਭਾਜਪਾ ਦੇ ਵਰਕਰ ਸ਼ਾਮਲ ਸਨ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੈਕਟਰ-2 ਦੇ ਬਾਲ ਨਿਕੇਤਨ ਵਿੱਚ ਬੱਚਿਆਂ ਨਾਲ ਹੋਲੀ ਖੇਡੀ। ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਏ ਹਿਮਾਚਲ ਦੇ ਵਿਧਾਇਕ ਵੀ ਹਾਜ਼ਰ ਸਨ। ਸਾਬਕਾ ਮੁੱਖ ਮੰਤਰੀ ਨੇ ਬਾਲ ਨਿਕੇਤਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਅਤੇ ਬੱਚਿਆਂ ਨੂੰ ਤੋਹਫੇ ਵੀ ਵੰਡੇ।

Advertisement
Author Image

joginder kumar

View all posts

Advertisement
Advertisement
×