ਖਟਕੜ ਕਲਾਂ ਬਨਾਮ ਚੱਕ ਨੰਬਰ 105
ਗੁਲਜ਼ਾਰ ਸਿੰਘ ਸੰਧੂ
ਹਰ ਸਾਲ ਮਾਰਚ ਮਹੀਨੇ ਦੀ 23 ਤਰੀਕ ਪਾਕਿਸਤਾਨ ਤੇ ਭਾਰਤ ਦੇ ਪੰਜਾਬੀਆਂ ਲਈ ਮਾਣਮੱਤੀਆਂ ਯਾਦਾਂ ਲੈ ਕੇ ਆਉਂਦੀ ਹੈ। 1931 ਦੀ ਇਸ ਮਿਤੀ ਨੂੰ ਬਰਤਾਨਵੀ ਸਰਕਾਰ ਨੇ ਖਟਕੜ ਕਲਾਂ ਨਿਵਾਸੀ ਕਿਸ਼ਨ ਸਿੰਘ ਤੇ ਵਿਦਿਆਵਤੀ ਦੇ ਜਵਾਨ ਪੁੱਤਰ ਭਗਤ ਸਿੰਘ ਨੂੰ ਫਾਂਸੀ ਲਾਇਆ ਸੀ। ਦੋਸ਼ ਇਹ ਸੀ ਕਿ ਉਸ ਨੇ ਲਾਲਾ ਲਾਜਪਤ ਰਾਇ ’ਤੇ ਲਾਠੀਚਾਰਜ ਦੇ ਸਬੰਧ ਵਿੱਚ ਇੱਕ ਗੋਰੇ ਪੁਲਸੀਏ ਜੇ.ਪੀ. ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਗੱਲ ਵੱਖਰੀ ਹੈ ਕਿ ਉਸ ਦੇ ਮਨ ਵਿੱਚ ਬਰਤਾਨਵੀ ਸਰਕਾਰ ਵਿਰੁੱਧ ਘਿਰਣਾ ਅਪਰੈਲ 1919 ਤੋਂ ਪਣਪ ਰਹੀ ਸੀ ਜਦੋਂ ਵਿਸਾਖੀ ਵਾਲੇ ਦਿਨ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ਼ ਵਿੱਚ ਨਿਰਦੋਸ਼ ਪੰਜਾਬੀਆਂ ਦਾ ਕਤਲੇਆਮ ਕੀਤਾ ਤੇ ਕਰਵਾਇਆ ਸੀ। ਉਦੋਂ ਉਸ ਦੀ ਉਮਰ ਕੇਵਲ 12 ਸਾਲ ਸੀ। ਇਸ ਕਤਲੇਆਮ ਦਾ ਉਸ ਦੇ ਮਨ ’ਤੇ ਬਹੁਤ ਬੁਰਾ ਅਸਰ ਪਿਆ ਸੀ। ਅਕਤੂਬਰ 1921 ਵਿੱਚ ਨਨਕਾਣਾ ਸਾਹਿਬ ਦੇ ਸਾਕੇ ਸਮੇਂ ਅੰਗਰੇਜ਼ਾਂ ਵੱਲੋਂ ਮਹੰਤਾਂ ਨੂੰ ਦਿੱਤੀ ਸ਼ਹਿ ਕਾਰਨ ਹੋਏ ਨਰਸੰਘਾਰ ਵਾਲੀ ਥਾਂ ਤਾਂ ਉਹ ਖ਼ੁਦ ਵੇਖ ਚੁੱਕਿਆ ਸੀ।
ਖਟਕੜ ਕਲਾਂ ਮੇਰੇ ਜੱਦੀ ਪੁਸ਼ਤੀ ਪਿੰਡ ਸੂਨੀ ਤੋਂ ਕੇਵਲ 7-8 ਮੀਲ ਹੈ। ਉਂਝ ਮੇਰਾ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਵਿੱਚ ਪੈਂਦਾ ਹੈ ਤੇ ਖਟਕੜ ਕਲਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਨਵਾਂਸ਼ਹਿਰ ਵਿੱਚ। ਅੱਜ ਦੇ ਦਿਨ ਆਪਾਂ ਖਟਕੜ ਕਲਾਂ ਨਾਲੋਂ ਪਾਕਿਸਤਾਨ ਦੀ ਲਾਇਲਪੁਰ ਤਹਿਸੀਲ ਦੇ ਪਿੰਡ ਚੱਕ ਨੰਬਰ 105 ਦੀ ਗੱਲ ਕਰਾਂਗੇ ਜਿਸ ਨੂੰ ਬੰਗਾ ਕਿਹਾ ਜਾਂਦਾ ਹੈ ਤੇ ਜਿੱਥੇ ਭਗਤ ਸਿੰਘ ਦਾ ਜਨਮ ਹੋਇਆ ਸੀ। ਖਟਕੜ ਕਲਾਂ ਨੂੰ ਤਾਂ ਮੈਂ ਹਰ ਦੂਜੇ ਤੀਜੇ ਮਹੀਨੇ ਦੇਖਦਾ ਰਹਿੰਦਾ ਹਾਂ। ਚੱਕ ਨੰਬਰ 105 ਵੇਖਣ ਦਾ ਸਬੱਬ ਕੇਵਲ 1998 ਦੇ ਅਪਰੈਲ ਮਹੀਨੇ ਬਣਿਆ ਸੀ। ਹੁਣ ਤਾਂ ਗੂਗਲ ਤੇ ਇੰਟਰਨੈੱਟ ਦੇ ਵਲੌਗ ਵੀ ਇਸ ਦੀ ਬਾਤ ਪਾਉਂਦੇ ਰਹਿੰਦੇ ਹਨ।
ਮੇਰੀ ਅਪਰੈਲ 1998 ਵਾਲੀ ਪਾਕਿਸਤਾਨ ਫੇਰੀ ਸਮੇਂ ਮੇਰੀ ਹਮਸਫ਼ਰ ਸੁਰਜੀਤ ਕੌਰ ਵੀ ਮੇਰੇ ਨਾਲ ਸੀ। ਸਾਡੀ ਮੰਗ ਉੱਤੇ ਨਵਾਜ਼ ਸ਼ਰੀਫ ਦੀ ਸਰਕਾਰ ਨੇ ਸਾਡੇ ਲਈ ਚੱਕ ਨੰਬਰ 105 ਜਾਣ ਦਾ ਉਚੇਚਾ ਪ੍ਰਬੰਧ ਕਰ ਦਿੱਤਾ ਸੀ। ਚੱਕ ਨੰਬਰ 105 ਉਰਫ਼ ਬੰਗਾ, ਲਾਇਲਪੁਰ ਜੜ੍ਹਾਂਵਾਲਾ ਮਾਰਗ ਉੱਤੇ ਲਾਇਲਪੁਰ ਤੋਂ ਓਨਾ ਹੀ ਦੂਰ ਹੈ ਜਿੰਨਾ ਨਵਾਂਸ਼ਹਿਰ ਤੋਂ ਖਟਕੜ ਕਲਾਂ। ਹੁਣ ਲਾਇਲਪੁਰ ਦਾ ਨਾਂ ਫੈਸਲਾਬਾਦ ਹੋ ਚੁੱਕਿਆ ਹੈ ਤੇ ਨਵਾਂਸ਼ਹਿਰ ਦਾ ‘ਸ਼ਹੀਦ ਭਗਤ ਸਿੰਘ ਨਗਰ’। ਤੁੱਰਾ ਇਹ ਕਿ ਇਸ ਨੂੰ ਭਾਰਤ ਸਰਕਾਰ ਨੇ ਜ਼ਿਲ੍ਹੇ ਦਾ ਦਰਜਾ ਦੇ ਕੇ ਵੀ ਉਚਿਆਇਆ ਹੈ। ਇੱਥੇ ਹੀ ਬਸ ਨਹੀਂ, ਖਟਕੜ ਕਲਾਂ ਵਿੱਚ ਅਜਾਇਬ ਘਰ ਬਣਾ ਕੇ ਇਸ ਵਿੱਚ ਭਗਤ ਸਿੰਘ, ਉਸ ਦੇ ਪਰਿਵਾਰ, ਉਸ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਅਤੇ ਸਮੇਂ ਦੇ ਹੋਰ ਸੰਗਰਾਮੀਆਂ ਦੀਆਂ ਤਸਵੀਰਾਂ ਵੀ ਲਾ ਰੱਖੀਆਂ ਹਨ। ਇਸ ਦੇ ਉਲਟ ਚੱਕ 105 ਉਰਫ਼ ਬੰਗਾ ਦੀ ਅਜ਼ਮਤ ਦੀਆਂ ਜੜ੍ਹਾਂ ਲੋਕਾਂ ਦੀ ਭਾਵਨਾ ਵਿੱਚ ਹਨ। ਸੰਤਾਲੀ ਦੀ ਵੰਡ ਤੋਂ ਪਿੱਛੋਂ ਭਗਤ ਸਿੰਘ ਵਾਲਾ ਇਹ ਘਰ ਤੇ ਇਹਦੇ ਨਾਲ ਲੱਗਦੀ ਜ਼ਮੀਨ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਵਿਰਕ ਤੋਂ ਉੱਠ ਕੇ ਗਏ ਉਸ ਪਰਿਵਾਰ ਨੂੰ ਅਲਾਟ ਹੋਈ ਸੀ ਜਿਨ੍ਹਾਂ ਦਾ ਦਾਦਾ ਪ੍ਰਸਿੱਧ ਹਕੀਮ ਸੀ। ਉਨ੍ਹਾਂ ਦਾ ਗੋਤ ਆਪਣੇ ਪਿੰਡ ਦੇ ਨਾਂ ਵਾਂਗ ਵਿਰਕ ਹੈ। ਸਾਡੀ ਫੇਰੀ ਸਮੇਂ ਉਸ ਘਰ ਰਹਿਣ ਵਾਲੇ ਉਸ ਦਾਦੇ ਦੀ ਤੀਜੀ ਪੀੜ੍ਹੀ ਸਨ। ਇਹ ਘਰ ਸਾਢੇ ਤਿੰਨ ਕਨਾਲ ਥਾਂ ਵਿੱਚ ਬਣਿਆ ਹੋਇਆ ਹੈ। ਵੱਡੇ ਵਿਹੜੇ ਵਾਲਾ।
ਇੱਥੇ ਰਹਿ ਰਿਹਾ ਵਿਰਕ ਪਰਿਵਾਰ ਭਗਤ ਸਿੰਘ ਦੇ ਜਨਮ ਵਾਲੇ ਕਮਰੇ ਨੂੰ ਉਸ ਦਾ ਜਨਮ ਸਥਾਨ ਕਹਿ ਕੇ ਵਡਿਆਉਂਦਾ ਹੈ। ਇੱਕ ਹੋਰ ਕਮਰੇ ਵਿੱਚ ਖਟਕੜ ਕਲਾਂ ਦੇ ਅਜਾਇਬ ਘਰ ਦੀਆਂ ਤਸਵੀਰਾਂ ਨਾਲੋਂ ਵੀ ਵੱਧ ਸੰਗਰਾਮੀਆਂ ਦੀਆਂ ਤਸਵੀਰਾਂ ਹਨ। ਮੰਜੀ ਉੱਤੇ ਬੈਠੇ ਭਗਤ ਸਿੰਘ ਤੋਂ ਪੁੱਛਗਿੱਛ ਕਰ ਰਹੇ ਸੀਆਈਡੀ ਅਧਿਕਾਰੀ ਗੋਪਾਲ ਸਿੰਘ ਪੰਨੂ ਵਾਲੀ ਤਸਵੀਰ ਦਾ ਇੱਥੇ ਵੀ ਉਹੀਓ ਦਰਜਾ ਹੈ ਜਿਹੜਾ ਖਟਕੜ ਕਲਾਂ ਵਿੱਚ। ਜਦੋਂ ਮੈਂ ਦੱਸਿਆ ਕਿ ਮੇਰੀ ਹਮਸਫ਼ਰ ਸੁਰਜੀਤ ਗੋਪਾਲ ਸਿੰਘ ਪੰਨੂ ਦੀ ਪੋਤਰੀ ਹੈ ਤਾਂ ਉਸ ਨੇ ਇੱਕ ਹੱਥ ਛਾਤੀ ਉੱਤੇ ਰੱਖ ਕੇ ਦੂਜੇ ਹੱਥ ਨਾਲ ਸਾਨੂੰ ਦੋਹਾਂ ਨੂੰ ਸਲਾਮ ਕੀਤਾ। ਸੁਰਜੀਤ ਦਾ ਭਾਵੁਕ ਹੋਣਾ ਕੁਦਰਤੀ ਸੀ ਕਿਉਂਕਿ ਇਸ ਤਸਵੀਰ ਦੀ ਗੱਲ ਉਹਦੇ ਨਾਲ ਆਮ ਹੀ ਹੁੰਦੀ ਰਹਿੰਦੀ ਹੈ। ਇੱਕ ਵਾਰੀ ਜਦੋਂ ਭਗਤ ਸਿੰਘ ਦਾ ਭਰਾ ਕੁਲਤਾਰ ਸਿੰਘ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਸੀ ਤਾਂ ਅਸੀਂ ਦੋਵੇਂ ਉਸ ਨੂੰ ਮਿਲਣ ਗਏ ਸਾਂ। ਓਦੋਂ ਵੀ ਇਸ ਫੋਟੋ ਦੀ ਗੱਲ ਹੋਈ ਤਾਂ ਉਸ ਨੇ ਸ਼ੁਕਰਾਨੇ ਵਜੋਂ ਇਹ ਕਿਹਾ ਕਿ ਇਹ ਤਸਵੀਰ ਉਨ੍ਹਾਂ ਨੂੰ ਕਿਸੇ ਪੁਲੀਸ ਅਫ਼ਸਰ ਦੁਆਰਾ ਪ੍ਰਾਪਤ ਹੋਈ ਸੀ। ਹੁਣ ਤਾਂ ਇਹ ਤਸਵੀਰ ਕਈ ਪਾਸੇ ਵੇਖੀ ਜਾ ਸਕਦੀ ਹੈ। ਸੁਰਜੀਤ ਦੇ ਦਾਦਾ ਜੀ ਨੇ ਸੋਚਿਆ ਹੀ ਨਹੀਂ ਹੋਣਾ ਕਿ ਕਦੀ ਇਸ ਫੋਟੋ ਦਾ ਏਨਾ ਮਹੱਤਵ ਹੋ ਜਾਵੇਗਾ। ਚੱਕ ਨੰਬਰ 105 ਵਿੱਚ ਰਹਿਣ ਵਾਲਿਆਂ ਦਾ ਗੋਤ ਭਾਵੇਂ ਵਿਰਕ ਹੈ ਪਰ ਉਹ ਸੰਧੂ ਗੋਤ ਵਾਲੇ ਭਗਤ ਸਿੰਘ ਦੀ ਗੱਲ ਏਨੇ ਮਾਣ ਨਾਲ ਕਰਦੇ ਹਨ ਜਿਵੇਂ ਉਹ ਉਨ੍ਹਾਂ ਦਾ ਆਪਣਾ ਹੋਵੇ। ਉਨ੍ਹਾਂ ਨੇ ਆਪਣੇ ਘਰ ਵਿੱਚ ਸ਼ਾਹਮੁਖੀ ਲਿਪੀ ਵਿੱਚ ਲਿਖੀ ਤੇ ਘਰ ਦੇ ਬਾਹਰ ਲੱਗੀ ਉਹ ਫੱਟੀ ਵੀ ਚਾਅ ਨਾਲ ਵਿਖਾਈ ਜਿਸ ਉੱਤੇ ‘ਤਾਰੀਖੀ ਹਵੇਲੀ ਸ਼ਹੀਦ ਭਗਤ ਸਿੰਘ’ ਲਿਖਿਆ ਹੋਇਆ ਸੀ।
ਹੁਣ ਤਾਂ ਇੰਟਰਨੈੱਟ ’ਤੇ ਭਗਤ ਸਿੰਘ ਬਾਰੇ ਕਈ ਵਲੌਗ ਮਿਲਦੇ ਹਨ ਜਿਨ੍ਹਾਂ ਵਿੱਚ ਘਰ ਦੇ ਅੱਗੇ ਲੱਗੀ ਉਹ ਬੇਰੀ ਵੀ ਦਿਖਾਈ ਗਈ ਹੈ ਜਿਸ ਦੀ ਛਾਵੇਂ ਬਚਪਨ ਵਿੱਚ ਭਗਤ ਸਿੰਘ ਖੇਡਦਾ ਹੁੰਦਾ ਸੀ ਤੇ ਪੜ੍ਹਦਾ ਵੀ। ਇਹ ਕਹਿ ਕੇ ਇਹ ਬੇਰੀ ਉਸ ਦੇ ਹੱਥਾਂ ਦੀ ਲੱਗੀ ਹੋਈ ਹੈ, ਉਹ ਇਸ ਬੇਰੀ ਨੂੰ ਉਸ ਪ੍ਰਾਇਮਰੀ ਸਕੂਲ ਜਿੱਡਾ ਦਰਜਾ ਦਿੰਦੇ ਹਨ ਜਿਸ ਦਾ ਭਗਤ ਸਿੰਘ ਵਿਦਿਆਰਥੀ ਸੀ। ਬੇਰੀ ਤੋਂ ਸਕੂਲ ਦਾ ਫ਼ਾਸਲਾ ਕੇਵਲ 40-50 ਫੁੱਟ ਹੈ। ਇਹ ਬੇਰੀ ਹਾਲੇ ਵੀ ਨੌਂ ਬਰ ਨੌਂ ਹੈ। ਇਹ ਗੱਲ ਵੱਖਰੀ ਹੈ ਕਿ ਸਕੂਲ ਵਿੱਚ ਭਗਤ ਸਿੰਘ ਦਾ ਕਲਾਸ ਰੂਮ ਅਤੇ ਉਸ ਨੂੰ ਲੱਗਿਆ ਦਰਵਾਜ਼ਾ ਹਾਲੀ ਵੀ ਕਾਇਮ ਹੈ ਤੇ ਇਸ ਦਰਵਾਜ਼ੇ ਉੱਤੇ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਹੈ।
ਭਾਰਤ ਸਰਕਾਰ ਨੇ ਨਵਾਂਸ਼ਹਿਰ ਦਾ ਨਾਂ ‘ਸ਼ਹੀਦ ਭਗਤ ਸਿੰਘ ਨਗਰ’ ਰੱਖ ਕੇ ਇੱਕ ਤਰ੍ਹਾਂ ਨਾਲ ਇਸ ਨੂੰ ਮੁਹਾਲੀ ਤੋਂ ‘ਸਾਹਿਬਜ਼ਾਦਾ ਅਜੀਤ ਸਿੰਘ ਨਗਰ’ ਹੋਏ ਕਸਬੇ ਦੇ ਬਰਾਬਰ ਤੋਲਿਆ ਹੈ ਪਰ ਚੱਕ 105 ਵਾਲੇ ਲੋਕਾਂ ਦਾ ਕੋਈ ਜਵਾਬ ਨਹੀਂ ਜਿਨ੍ਹਾਂ ਨੇ ਨਿੱਜੀ ਪੱਧਰ ਉੱਤੇ ਉਸ ਨੂੰ ਵਡਿਆਇਆ ਹੈ। ਇਸ ਭਾਵਨਾ ਦੀਆਂ ਜੜ੍ਹਾਂ ਲਾਇਲਪੁਰ ਜੜ੍ਹਾਂ ਵਾਲੀ ਮਿੱਟੀ ਅਤੇ ਇੱਥੋਂ ਦੇ ਰੁੱਖ ਬੂਟੇ ਤੇ ਬੇਰੀਆਂ ਵਿੱਚ ਹਨ ਜਿਨ੍ਹਾਂ ਨੇ ਭਗਤ ਸਿੰਘ ਦੀ ਆਤਮਾ ਤੇ ਸਰੀਰ ਨੂੰ ਪ੍ਰਫੁੱਲਤ ਕੀਤਾ। ਇੱਥੇ ਭਗਤ ਸਿੰਘ ਜੰਮਿਆ ਹੀ ਨਹੀਂ ਪਲ਼ ਕੇ ਵੱਡਾ ਵੀ ਹੋਇਆ। ਇੱਧਰ ਵਾਲਾ ਖਟਕੜ ਕਲਾਂ ਤਾਂ ਉਸ ਦੇ ਵਡੇਰਿਆਂ ਦਾ ਜੱਦੀ ਪਿੰਡ ਹੈ ਜਿਹੜੇ ਇੱਥੋਂ ਓਧਰ ਗਏ ਸਨ ਤੇ ਜਿਨ੍ਹਾਂ ਨੇ ਚੱਕ ਨੰਬਰ 105 ਦਾ ਨਾਂ ਬੰਗਾ ਰੱਖਿਆ ਸੀ। ਖਟਕੜ ਕਲਾਂ ਤਾਂ ਭਗਤ ਸਿੰਘ ਨੂੰ ਉਸ ਦਾ ਦਾਦਾ ਅਰਜਣ ਸਿੰਘ ਇੱਕ ਦੋ ਵਾਰ ਲੈ ਕੇ ਆਇਆ ਸੀ ਜਦ ਉਹ ਬਹੁਤ ਛੋਟਾ ਸੀ ਤੇ ਉਨ੍ਹਾਂ ਦੇ ਨਾਲ ਨਿੱਕਾ ਕੁਲਤਾਰ ਵੀ ਸੀ।
ਮੈਂ ਪਿਛਲੇ ਦਿਨੀਂ ਯੂ-ਟਿਊਬ ’ਤੇ ਭਗਤ ਸਿੰਘ ਬਾਰੇ ਇੱਕ ਵਲੌਗ ਦੇਖਿਆ। ਮੈਨੂੰ ਦੇਖ ਕੇ ਚੰਗਾ ਲੱਗਿਆ ਕਿ ਉਨ੍ਹਾਂ ਦੇ ਕੈਮਰੇ ਦੀ ਅੱਖ ਨੇ ਚੱਕ ਨੰਬਰ 105 ਉਰਫ਼ ਬੰਗਾ ਦਾ ਚੌਗਿਰਦਾ ਹੀ ਨਹੀਂ ਫੜਿਆ ਸਗੋਂ ਫ਼ੈਸਲਾਬਾਦ (ਪੁਰਾਣਾ ਲਾਇਲਪੁਰ) ਤੋਂ ਜੜ੍ਹਾਂਵਾਲਾ ਤੁਰਨ ਤੋਂ ਪਹਿਲਾਂ ਇਸ ਸ਼ਹਿਰ ਦੀਆਂ ਉਨ੍ਹਾਂ ਦੁਕਾਨਾਂ ’ਤੇ ਵੀ ਝਾਤ ਪੁਆਈ ਜਿੱਥੇ ਭਾਂਤ ਸੁਭਾਂਤੇ ਕੱਪੜੇ ਤੇ ਮੇਵੇ ਵਿਕਦੇ ਹਨ।
ਚੱਕ ਨੰਬਰ 105 ਉਰਫ਼ ਬੰਗਾ ਦੀ ਸਾਂਭ ਸੰਭਾਲ ਤੇ ਇਸ ਨੂੰ ਵਡਿਆਉਣ ਵਿੱਚ ਉੱਥੋਂ ਦੀ ਸਰਕਾਰ ਨੇ ਇੱਧਰ ਜਿੰਨਾ ਧਿਆਨ ਕਿਉਂ ਨਹੀਂ ਦਿੱਤਾ, ਓਹੀਓ ਜਾਣਨ ਪਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਧਿਆਨੀ ਜ਼ਰੂਰ ਖਟਕਦੀ ਹੈ। ਇਸ ਨੇ ਮੱਸਾ ਰੰਘੜ ਦੀ ਹੱਤਿਆ ਕਰਨ ਵਾਲੇ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵਰਗੇ ਤਾਂ ਵਡਿਆਏ ਹਨ, ਆਜ਼ਾਦੀ ਘੁਲਾਟੀਏ ਨਹੀਂ। ਉਨ੍ਹਾਂ ਲਈ ਮੁਲਕਾਂ ਦੀਆਂ ਸਰਹੱਦਾਂ ਨੂੰ ਪਾਰ ਕਰਨਾ ਸਰਕਾਰਾਂ ਨਾਲੋਂ ਸੌਖਾ ਹੈ। ਇਸ ਪਾਸੇ ਧਿਆਨ ਦੇਣ ਤਾਂ ਸੁਤੰਤਰਤਾ ਸੰਗਰਾਮ ਨੂੰ ਪਰਨਾਇਆ ਸਾਰਾ ਜਗਤ ਉਨ੍ਹਾਂ ਦਾ ਗੁਣ ਗਾਇਨ ਕਰੇਗਾ। ਭਗਤ ਸਿੰਘ ਤਾਂ ਸ਼ਹੀਦ ਹੀ ਨਹੀਂ, ਸ਼ਹੀਦ-ਏ-ਆਜ਼ਮ ਵਜੋਂ ਜਾਣਿਆ ਜਾਂਦਾ ਹੈ। ਉਸ ਦਾ ਚੱਕ 105 ਤੇ ਖਟਕੜ ਕਲਾਂ ਜ਼ਿੰਦਾਬਾਦ!
ਸੰਪਰਕ: 98157-78469