For the best experience, open
https://m.punjabitribuneonline.com
on your mobile browser.
Advertisement

ਖੜਗੇ ਵੱਲੋਂ ਪਾਰਟੀਆਂ ਨੂੰ ‘ਇੰਡੀਆ’ ’ਚ ਸ਼ਾਮਲ ਹੋਣ ਦਾ ਸੱਦਾ

06:07 AM Jun 06, 2024 IST
ਖੜਗੇ ਵੱਲੋਂ ਪਾਰਟੀਆਂ ਨੂੰ ‘ਇੰਡੀਆ’ ’ਚ ਸ਼ਾਮਲ ਹੋਣ ਦਾ ਸੱਦਾ
‘ਇੰਡੀਆ’ ਗੱਠਜੋੜ ਦੇ ਆਗੂਆਂ ਨਾਲ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਲਿਕਾਰਜੁਨ ਖੜਗੇ। -ਫੋਟੋ: ਪੀਟੀਆਈ
Advertisement

* ਸਰਕਾਰ ਬਣਾਉਣ ਲਈ ਸਹੀ ਸਮੇਂ ਦੀ ਕੀਤੀ ਜਾਵੇਗੀ ਉਡੀਕ
* ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਾਂਗੇ: ਕਾਂਗਰਸ ਪ੍ਰਧਾਨ

Advertisement

ਨਵੀਂ ਦਿੱਲੀ, 5 ਜੂਨ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ‘ਇੰਡੀਆ’ ਗੱਠਜੋੜ ’ਚ ਉਨ੍ਹਾਂ ਸਾਰੀਆਂ ਪਾਰਟੀਆਂ ਦਾ ਸਵਾਗਤ ਹੈ ਜੋ ਸੰਵਿਧਾਨ ਦੀ ਪ੍ਰਸਤਾਵਨਾ ’ਚ ਵਿਸ਼ਵਾਸ ਰੱਖਦੀਆਂ ਹਨ ਅਤੇ ਇਸ ਦੇ ਆਰਥਿਕ, ਸਮਾਜਿਕ ਅਤੇ ਸਿਆਸੀ ਨਿਆਂ ਦੇ ਉਦੇਸ਼ਾਂ ਨੂੰ ਲੈ ਕੇ ਵਚਨਬੱਧ ਹਨ। ਲੋਕ ਸਭਾ ਚੋਣਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਮਗਰੋਂ ‘ਇੰਡੀਆ’ ਗੱਠਜੋੜ ਦੀ ਅੱਜ ਇਥੇ ਪਹਿਲੀ ਮੀਟਿੰਗ ਹੋਈ ਤਾਂ ਜੋ ਸਰਕਾਰ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਖੜਗੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਫ਼ਤਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਹੈ ਪਰ ਉਹ ਇਸ ਨੂੰ ਨਕਾਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।

‘ਇੰਡੀਆ’ ਗੱਠਜੋੜ ਦੀ ਮੀਿਟੰਗ ’ਚ ਹਿੱਸਾ ਲੈਂਦੇ ਹੋਏ ਐਮਕੇ ਸਟਾਲਿਨ, ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ। -ਫੋਟੋ: ਪੀਟੀਆਈ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਨਹੀਂ ਕਰੇਗਾ ਅਤੇ ਉਸ ਵੱਲੋਂ ਸਹੀ ਸਮੇਂ ਦੀ ਉਡੀਕ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀ ਇੱਛਾ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਦੇ ਫਾਸ਼ੀਵਾਦ ਰਾਜ ਖ਼ਿਲਾਫ਼ ਲੜਾਈ ਜਾਰੀ ਰਖੇਗਾ। ਖੜਗੇ ਨੇ ਕਿਹਾ ਕਿ ਗੱਠਜੋੜ ਰਲ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਉਨ੍ਹਾਂ ਚੋਣ ਨਤੀਜੇ ਭਾਜਪਾ ਅਤੇ ਉਸ ਦੀ ਨਫ਼ਰਤ ਦੀ ਸਿਆਸਤ ਨੂੰ ਕਰਾਰਾ ਜਵਾਬ ਕਰਾਰ ਦਿੱਤੇ। ਉਨ੍ਹਾਂ ਕਿਹਾ ਕਿ ਇਹ ਫ਼ਤਵਾ ਮਹਿੰਗਾਈ, ਬੇਰੁਜ਼ਗਾਰੀ, ਪੂੰਜੀਵਾਦ ਖ਼ਿਲਾਫ਼ ਅਤੇ ਲੋਕਤੰਤਰ ਤੇ ਸੰਵਿਧਾਨ ਬਚਾਉਣ ਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ,‘‘ਮੈਂ ‘ਇੰਡੀਆ’ ਗੱਠਜੋੜ ਦੇ ਸਾਰੇ ਸਾਥੀਆਂ ਦਾ ਸਵਾਗਤ ਕਰਦਾ ਹਾਂ। ਅਸੀਂ ਰਲ ਕੇ ਲੜੇ, ਤਾਲਮੇਲ ਨਾਲ ਲੜੇ ਅਤੇ ਪੂਰੀ ਤਾਕਤ ਨਾਲ ਲੜੇ। ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ।’’ ਉਨ੍ਹਾਂ ਕਿਹਾ ਕਿ 18ਵੀਂ ਲੋਕ ਸਭਾ ਚੋਣਾਂ ਦਾ ਫ਼ਤਵਾ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਹੈ। ‘ਚੋਣਾਂ ਉਨ੍ਹਾਂ ਦੇ ਨਾਮ ਅਤੇ ਚਿਹਰੇ ’ਤੇ ਲੜੀਆਂ ਗਈਆਂ ਸਨ ਅਤੇ ਲੋਕਾਂ ਨੇ ਭਾਜਪਾ ਨੂੰ ਬਹੁਮਤ ਨਾ ਦੇ ਕੇ ਉਨ੍ਹਾਂ ਦੀ ਅਗਵਾਈ ਪ੍ਰਤੀ ਸਾਫ਼ ਸੁਨੇਹਾ ਦਿੱਤਾ ਹੈ।’ ਕਾਂਗਰਸ ਪ੍ਰਧਾਨ ਮੁਤਾਬਕ ਨਿੱਜੀ ਤੌਰ ’ਤੇ ਮੋਦੀ ਲਈ ਇਹ ਨਾ ਸਿਰਫ਼ ਸਿਆਸੀ ਸਗੋਂ ਨੈਤਿਕ ਹਾਰ ਵੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਮੋਦੀ ਦੀਆਂ ਆਦਤਾਂ ਤੋਂ ਜਾਣੂ ਹਨ ਅਤੇ ਉਹ ਇਸ ਫ਼ਤਵੇ ਨੂੰ ਨਕਾਰਨ ਦੀਆਂ ਕੋਸ਼ਿਸ਼ਾਂ ਕਰਨਗੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਆਪਣੇ ਗੱਠਜੋੜ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਕੀਤੇ ਬਿਨਾਂ ਸਰਕਾਰ ਬਣਾਉਣ ਬਾਰੇ ਕੋਈ ਫ਼ੈਸਲਾ ਨਹੀਂ ਲਵੇਗੀ। ਉਨ੍ਹਾਂ ਟੀਡੀਪੀ ਅਤੇ ਜਨਤਾ ਦਲ (ਯੂ) ਤੱਕ ਪਹੁੰਚ ਬਣਾਉਣ ਬਾਰੇ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਸੀ। ਜ਼ਿਕਰਯੋਗ ਹੈ ਕਿ ਟੀਡੀਪੀ ਅਤੇ ਜਨਤਾ ਦਲ (ਯੂ) ਨੇ ਐੱਨਡੀਏ ’ਚ ਹੀ ਰਹਿਣ ਦਾ ਐਲਾਨ ਕੀਤਾ ਹੈ ਜਦਕਿ ਸੂਤਰਾਂ ਮੁਤਾਬਕ ਕਾਂਗਰਸ ਤੇ ਕੁਝ ਹੋਰ ਆਗੂ ਦੋਵੇਂ ਪਾਰਟੀਆਂ ਨੂੰ ‘ਇੰਡੀਆ’ ਗੱਠਜੋੜ ਨਾਲ ਰਲਾਉਣ ਲਈ ਉਨ੍ਹਾਂ ਦੇ ਸੰਪਰਕ ’ਚ ਸਨ। ਖੜਗੇ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਦੌਰਾਨ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ, ਡੀਐੱਮਕੇ ਆਗੂ ਟੀਆਰ ਬਾਲੂ, ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੋਰੇਨ, ਜੇਐੱਮਐੱਮ ਆਗੂ ਕਲਪਨਾ ਸੋਰੇਨ, ਐੱਨਸੀਪੀ ਦੇ ਸ਼ਰਦ ਪਵਾਰ ਤੇ ਸੁਪ੍ਰਿਯਾ ਸੂਲੇ, ਅਖਿਲੇਸ਼ ਯਾਦਵ ਤੇ ਰਾਮ ਗੋਪਾਲ ਯਾਦਵ (ਸਮਾਜਵਾਦੀ ਪਾਰਟੀ), ਅਭਿਸ਼ੇਕ ਬੈਨਰਜੀ (ਟੀਐੱਮਸੀ), ਤੇਜਸਵੀ ਯਾਦਵ (ਆਰਜੇਡੀ), ਸੰਜੈ ਰਾਊਤ ਤੇ ਅਰਵਿੰਦ ਸਾਵੰਤ (ਸ਼ਿਵ ਸੈਨਾ-ਯੂਬੀਟੀ), ਉਮਰ ਅਬਦੁੱਲਾ (ਨੈਸ਼ਨਲ ਕਾਨਫਰੰਸ), ਸੀਤਾਰਾਮ ਯੇਚੁਰੀ (ਸੀਪੀਐੱਮ), ਡੀ. ਰਾਜਾ (ਸੀਪੀਆਈ), ਸੰਜੈ ਸਿੰਘ ਤੇ ਰਾਘਵ ਚੱਢਾ (ਆਪ) ਅਤੇ ਐੱਨਕੇ ਪ੍ਰੇਮਚੰਦਰਨ (ਆਰਐੱਸਪੀ) ਹਾਜ਼ਰ ਸਨ। -ਪੀਟੀਆਈ

ਮੈਨੂੰ ਰਾਹੁਲ ਦੀ ਭੈਣ ਹੋਣ ’ਤੇ ਮਾਣ: ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਇੱਕ ਦਿਨ ਬਾਅਦ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਆਪਣੇ ਭਰਾ ਤੇ ਪਾਰਟੀ ਆਗੂ ਰਾਹੁਲ ਗਾਂਧੀ ਬਾਰੇ ਕਿਹਾ ਕਿ ਉਹ ਕਦੇ ਪਿੱਛੇ ਨਹੀਂ ਹਟੇ ਅਤੇ ਉਨ੍ਹਾਂ ਕਦੇ ਸੱਚ ਲਈ ਲੜਨਾ ਨਹੀਂ ਛੱਡਿਆ। ਪ੍ਰਿਯੰਕਾ ਨੇ ਕਿਹਾ, ‘‘ਭਾਈ ਰਾਹੁਲ ਗਾਂਧੀ, ਮੈਨੂੰ ਤੁਹਾਡੀ ਭੈਣ ਹੋਣ ’ਤੇ ਮਾਣ ਹੈ।’’ ਉਨ੍ਹਾਂ ਐਕਸ ’ਤੇ ਕਿਹਾ, ‘‘ਤੁਸੀਂ ਖੜ੍ਹੇ ਰਹੇ। ਉਨ੍ਹਾਂ ਨੇ ਭਾਵੇਂ ਕੁੱਝ ਵੀ ਕਿਹਾ ਅਤੇ ਕੀਤਾ, ਤੁਸੀਂ ਕਦੇ ਵੀ ਪਿੱਛੇ ਨਹੀਂ ਹਟੇ। ਤੁਸੀਂ ਕਦੇ ਵੀ ਭਰੋਸਾ ਨਹੀਂ ਛੱਡਿਆ। ਤੁਸੀਂ ਉਨ੍ਹਾਂ ਵੱਲੋਂ ਕੀਤੇ ਗਏ ਝੂਠੇ ਪ੍ਰਚਾਰ ਦੇ ਬਾਵਜੂਦ ਸੱਚ ਲਈ ਲੜਨਾ ਨਹੀਂ ਛੱਡਿਆ। ਭਾਵੇਂ ਉਹ ਹਰ ਦਿਨ ਗੁੱਸਾ ਦਿਵਾਉਂਦੇ ਰਹੇ ਪਰ ਤੁਸੀਂ ਕਦੇ ਵੀ ਇਸ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦਿੱਤਾ।’’ ਉਨ੍ਹਾਂ ਕਿਹਾ, ‘‘ਤੁਸੀਂ ਪਿਆਰ, ਸੱਚਾਈ ਅਤੇ ਦਿਆਲਤਾ ਨਾਲ ਲੜੇ। ਜੋ ਤੁਹਾਨੂੰ ਕਦੇ ਦੇਖ ਨਹੀਂ ਸਕੇ, ਉਹ ਹੁਣ ਤੁਹਾਨੂੰ ਦੇਖ ਰਹੇ ਹਨ ਪਰ ਸਾਡੇ ’ਚੋਂ ਕੁਝ ਨੇ ਹਮੇਸ਼ਾ ਤੁਹਾਨੂੰ ਸਭ ਤੋਂ ਬਹਾਦਰ ਮੰਨਿਆ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×