Kharge targets BJP: ਨਹਿਰੂ ਬਾਰੇ ਤੱਥਾਂ ਨੂੰ ਤੋੜਨ-ਮਰੋੜਨ ਲਈ ਮੁਆਫ਼ੀ ਮੰਗਣ ਪ੍ਰਧਾਨ ਮੰਤਰੀ: ਖੜਗੇ
ਨਵੀਂ ਦਿੱਲੀ, 16 ਦਸੰਬਰ
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਾਂ ਨੂੰ ਰਾਖਵਾਂਕਰਨ ਬਾਰੇ ਪੰਡਿਤ ਜਵਾਹਰਲਾਲ ਨਹਿਰੂ ਦੇ ਪੱਤਰ ਬਾਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਖੜਗੇ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਇਸ ਲਈ ਮੁਆਫ਼ੀ ਮੰਗਣ। ਉਪਰਲੇ ਸਦਨ ਵਿਚ ‘ਭਾਰਤ ਦੇ ਸੰਵਿਧਾਨ ਦੇ 75 ਸਾਲਾ ਸ਼ਾਨਾਮੱਤੀ ਇਤਿਹਾਸ’ ਬਾਰੇ ਬਹਿਸ ਵਿਚ ਸ਼ਾਮਲ ਹੁੰਦਿਆਂ ਖੜਗੇ ਨੇ ਭਾਜਪਾ ਆਗੂਆਂ ਉੱਤੇ ਪ੍ਰਧਾਨ ਮੰਤਰੀ ਦੀ ‘ਭਗਤੀ’ ਵਿਚ ਲੀਨ ਹੋਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਇਸ ਰਵੱਈਏ ਕਰਕੇ ਦੇਸ਼ ਤਾਨਾਸ਼ਾਹੀ ਵੱਲ ਵਧ ਰਿਹਾ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਵੱਲੋਂ ਲਿਆਂਦੀਆਂ ਨੀਤੀਆਂ ਕਰਕੇ ਹੀ ਮਹਿਲਾ ਰਾਖਵਾਂਕਰਨ ਹਕੀਕਤ ਬਣਿਆ। ਉਨ੍ਹਾਂ ਯਕੀਨ ਦਿਵਾਇਆ ਕਿ ਜੇ ਉਹ ਸਰਕਾਰ ਵਿਚ ਹੁੰਦੇ ਤਾਂ ਸੰਸਦ ਤੇ ਸੂਬਾਈ ਅਸੈਂਬਲੀਆਂ ਵਿਚ ਮਹਿਲਾਵਾਂ ਲਈ ਰਾਖਵਾਂਕਰਨ ਨੂੰ ਭਾਜਪਾ ਨਾਲੋਂ ਪਹਿਲਾਂ ਲਾਗੂ ਕਰਵਾਉਂਦੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਰਾਖਵਾਂਕਰਨ ਦੇ ਖਿਲਾਫ਼ ਹੈ ਤੇ ਇਹੀ ਵਜ੍ਹਾ ਹੈ ਕਿ ਉਹ ਜਾਤੀ ਜਨਗਣਨਾ ਦਾ ਵਿਰੋਧ ਕਰ ਰਹੇ ਹਨ। ਆਪਣੇ 79 ਮਿੰਟ ਦੇ ਭਾਸ਼ਣ ਵਿਚ ਖੜਗੇ ਨੇ ਭਾਜਪਾ ਦੇ ਇਨ੍ਹਾਂ ਦੋਸ਼ਾਂ ਦਾ ਡਟ ਕੇ ਵਿਰੋਧ ਕੀਤਾ ਕਿ ਕਾਂਗਰਸ ਸੰਵਿਧਾਨ ਦੇ ਖਿਲਾਫ਼ ਹੈ। ਉਨ੍ਹਾਂ ਭਾਜਪਾ ਦੇ ਵਾਅਦਿਆਂ ਨੂੰ ‘ਜੁਮਲਾ’ ਦੱਸਿਆ। ਪੀਟੀਆਈ